5 Dariya News

ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਬਿਜਲੀ ਖ਼ਪਤਕਾਰ ਤੋਂ ਬਿਜਲੀ ਉਤਪਾਦਕ ਬਨਾਉਣ ਦੀ ਦਿਸ਼ਾ ਵੱਲ ਪੁੱਟ ਰਹੀ ਕਦਮ - ਰਵੀਨੰਦਨ ਬਾਜਵਾ

ਸੂਬੇ ਦੇ ਤੇਜ਼ ਵਿਕਾਸ ਲਈ ਨਿਵੇਕਲੇ ਵਿਚਾਰਾਂ ਅਤੇ ਤਕਨੀਕਾਂ ਨੂੰ ਅਮਲ 'ਚ ਲਿਆਂਦਾ ਜਾ ਰਿਹਾ - ਬਾਜਵਾ

5 Dariya News

ਬਟਾਲਾ 15-Jan-2018

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਬਿਜਲੀ ਖ਼ਪਤਕਾਰ ਤੋਂ ਬਿਜਲੀ ਉਤਪਾਦਕ ਬਨਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਪੁੱਟਦਿਆਂ ਇੱਕ ਅਜਿਹਾ ਪ੍ਰੋਜੈਕਟ ਉਲੀਕਿਆ ਗਿਆ ਹੈ ਜਿਸ ਤਹਿਤ ਕਿਸਾਨ ਨਾ ਸਿਰਫ ਸੌਰ ਊਰਜਾ 'ਤੇ ਚੱਲਣ ਵਾਲੇ ਟਿਊਬਵੈੱਲਾਂ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣਗੇ ਬਲਕਿ ਵਰਤੋਂ ਵਿੱਚ ਨਾ ਹੋਣ ਸਮੇਂ ਉਹ ਇਹ ਊਰਜਾ ਵੇਚ ਵੀ ਸਕਣਗੇ। ਸੂਬਾ ਸਰਕਾਰ ਇਹ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੱਥੂ ਚਾਹਲ ਤੋਂ ਕਰਨ ਜਾ ਰਹੀ ਹੈ, ਜਿਸਦਾ ਐਲਾਨ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਬੀਤੇ ਦਿਨੀਂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸ. ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਤੇਜ਼ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਨਿਵੇਕਲੇ ਵਿਚਾਰਾਂ ਅਤੇ ਤਕਨੀਕਾਂ ਨੂੰ ਵੀ ਅਮਲ 'ਚ ਲਿਆਂਦਾ ਜਾ ਰਿਹਾ ਹੈ।  ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਨ ਰੂਪ ਵਿੱਚ ਲਾਗੂ ਹੋਣ ਨਾਲ ਪੰਜਾਬ ਦੇ ਹਰ ਕਿਸਾਨ ਨੂੰ ਵਾਧੂ ਆਮਦਨ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਨੂੰ ਬਿਜਲੀ ਬਚਤ ਵਾਲੀਆਂ 5 ਸਟਾਰ ਮੋਟਰਾਂ ਨਾਲ ਤਬਦੀਲ ਕਰ ਦਿੱਤਾ ਜਾਵੇਗਾ ਜੋ ਸੌਰ ਊਰਜਾ ਨਾਲ ਚੱਲਣਗੀਆਂ ਅਤੇ ਵਰਤੋਂ ਵਿੱਚ ਨਾ ਹੋਣ ਸਮੇਂ ਕਿਸਾਨ ਇਹ ਸੌਰ ਊਰਜਾ ਵੇਚ ਸਕਣਗੇ। ਸ. ਬਾਜਵਾ ਨੇ ਕਿਹਾ ਕਿ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਦੇ ਅਜਿਹੇ ਫੈਸਲੇ ਸੂਬੇ ਲਈ ਵਰਦਾਨ ਸਾਬਤ ਹੋਣਗੇ।