5 Dariya News

ਨਗਰ ਕੌਂਸਲ ਬਟਾਲਾ ਘਰਾਂ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਚੁੱਕਣ ਦਾ ਪ੍ਰੋਜੈਕਟ ਸ਼ੁਰੂ ਕਰੇਗੀ

ਸ਼ਹਿਰ ਦੇ 2 ਵਾਰਡਾਂ ਤੋਂ ਹੋਵੇਗੀ ਇਸ ਪ੍ਰੋਜੈਕਟ ਦੀ ਸ਼ੁਰੂਆਤ, ਨਗਰ ਕੌਂਸਲ ਵੱਲੋਂ ਹਰ ਘਰ ਨੂੰ 2 ਕੂੜੇਦਾਨ ਦਿੱਤੇ ਜਾਣਗੇ

5 Dariya News

ਬਟਾਲਾ 15-Jan-2018

ਸਵੱਛਤਾ ਮੁਹਿੰਮ ਤਹਿਤ ਨਗਰ ਕੌਂਸਲ ਬਟਾਲਾ ਵੱਲੋਂ ਸ਼ਹਿਰ ਵਿਚੋਂ ਕੂੜਾ-ਕਰਕਟ ਚੁੱਕਣ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਘਰਾਂ ਵਿੱਚ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਇਕੱਠਾ ਕੀਤਾ ਜਾਵੇਗਾ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਇਹ ਪਾਇਲਟ ਪ੍ਰੋਜੈਕਟ 21 ਤੇ 22 ਨੰਬਰ ਵਾਰਡਾਂ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਛੇਤੀ ਹੀ ਸਾਰੇ 35 ਵਾਰਡਾਂ ਵਿੱਚ ਚਲਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਬਟਾਲਾ ਦੇ ਚੀਫ ਸੈਨਟਰੀ ਇੰਸਪੈਕਟਰ ਸ. ਖੁਸ਼ਬੀਰ ਸਿੰਘ ਨੇ ਦੱਸਿਆ ਕਿ 'ਡੋਰ ਟੂ ਡੋਰ ਸੈਗਰੀਗੇਸ਼ਨ' ਪ੍ਰੋਜੈਕਟ ਤਹਿਤ ਘਰਾਂ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਇਕੱਠਾ ਕੀਤਾ ਜਾਵੇਗਾ। ਇਸ ਯੋਜਨਾ ਦੇ ਚੱਲਦੇ ਨਗਰ ਕੌਂਸਲ ਵੱਲੋਂ ਹਰ ਇੱਕ ਘਰ 'ਚ 2 ਕੂੜੇਦਾਨ ਦਿੱਤੇ ਜਾਣਗੇ, ਜਿਸ ਵਿੱਚ ਇੱਕ ਨੀਲੇ ਰੰਗ ਦਾ ਅਤੇ ਦੂਸਰਾ ਹਰੇ ਰੰਗ ਦਾ ਕੂੜੇਦਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਹਰੇ ਕੂੜੇਦਾਨ 'ਚ ਗਿੱਲਾ ਕੂੜਾ ਅਤੇ ਨੀਲੇ ਕੂੜੇਦਾਨ 'ਚ ਸੁੱਕਾ ਕੂੜਾ ਸੁੱਟਿਆ ਜਾਵੇਗਾ। ਸ. ਖੁਸ਼ਬੀਰ ਸਿੰਘ ਨੇ ਕਿਹਾ ਕਿ ਗਿੱਲੇ ਕੂੜੇ ਜਿਸ ਵਿੱਚ ਰਸੋਈ ਦੀ ਵੇਸਟਜ, ਸਬਜ਼ੀਆਂ ਦੀ ਰਹਿੰਦ-ਖੂੰਹਦ ਵਗੈਰਾ ਹੋ ਸਕਦੀ ਹੈ ਦੀ ਖਾਦ ਬਣਾਈ ਜਾ ਸਕੇਗੀ, ਜਦਕਿ ਸੁੱਕੇ ਕੁੜੇ ਨੂੰ ਰੀ-ਸਾਈਕਲ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਅਲੱਗ-ਅਲੱਗ ਕੂੜਾ ਇਕੱਠਾ ਕਰਨ ਲਈ ਕੂੜਾ ਚੁੱਕਣ ਵਾਲੀਆਂ 15 ਛੋਟੀਆਂ ਗੱਡੀਆਂ ਦਾ ਆਰਡਰ ਦਿੱਤਾ ਗਿਆ ਹੈ ਜਿਸ ਵਿੱਚੋਂ 4 ਗੱਡੀਆਂ ਨਗਰ ਕੌਂਸਲ ਕੋਲ ਪਹੁੰਚ ਚੁੱਕੀਆਂ ਹਨ ਅਤੇ ਰਹਿੰਦੀਆਂ ਗੱਡੀਆਂ ਵੀ ਛੇਤੀ ਹੀ ਮਿਲ ਜਾਣਗੀਆਂ। ਚੀਫ ਸੈਂਨਟਰੀ ਇੰਸਪੈਕਟਰ ਸ. ਖੁਸ਼ਬੀਰ ਸਿੰਘ ਨੇ ਕਿਹਾ ਕਿ ਬਟਾਲਾ ਨਗਰ ਕੌਂਸਲ ਵੱਲੋਂ ਇਹ ਪ੍ਰੋਜੈਕਟ ਫਿਲਹਾਲ 2 ਵਾਰਡਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸਨੂੰ ਪੂਰੇ ਸ਼ਹਿਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਦੀ ਇਸ ਸਫਾਈ ਮੁਹਿੰਮ ਵਿੱਚ ਆਪਣਾ ਸਾਥ ਦੇ ਕੇ ਬਟਾਲਾ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।