5 Dariya News

ਟਰੈਵਲ ਏਜੰਟਾਂ ਦੀ ਇਸ਼ਤਿਹਾਰਬਾਜ਼ੀ ਲਈ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ : ਗੁਰਪ੍ਰੀਤ ਕੌਰ ਸਪਰਾ

ਪ੍ਰਕਾਸ਼ਕਾਂ ਨੂੰ ਬਿਨਾਂ ਰਜਿਸਟ੍ਰੇਸ਼ਨ ਨੰਬਰ ਇਸ਼ਤਿਹਾਰ ਜਾਰੀ ਨਾ ਕਰਨ ਦੀ ਹਦਾਇਤ, ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

5 Dariya News

ਐਸ.ਏ.ਐਸ ਨਗਰ (ਮੁਹਾਲੀ) 13-Jan-2018

ਡਿਪਟੀ ਕਮਿਸ਼ਨਰ–ਕਮ–ਜ਼ਿਲਾ੍ਹ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 12.12.2017 ਨੂੰ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਭਵਿੱਖ ਵਿੱਚ ਕਿਸੇ ਵੀ ਟਰੈਵਲ ਏਜੰਟ ਦੇ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ 'ਤੇ ਉਸ ਦਾ ਰਜਿਸਟਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ ਹੋਵੇਗਾ। ਇਨ੍ਹਾਂ ਹੁਕਮਾਂ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਟਰੈਵਲ ਏਜੰਟਾਂ ਦੇ ਜੋ ਵੀ ਇਸ਼ਤਿਹਾਰ ਕਿਸੇ ਵੀ ਮਾਧਿਅਮ (ਟੈਲੀਵਿਜਨ, ਪ੍ਰਿੰਟ, ਕੰਧਾਂ 'ਤੇ ਜਾਂ ਵਾਹਨਾਂ 'ਤੇ) ਰਾਹੀਂ ਲਗਵਾਏ ਜਾਣ, ਉਨ੍ਹਾਂ 'ਤੇ ਏਜੰਟ ਦਾ ਰਜਿਸਟਰੇਸ਼ਨ ਨੰਬਰ ਦਰਜ ਹੋਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਸਬੰਧੀ ਪ੍ਰਕਾਸ਼ਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕੋਈ ਵੀ ਇਸ਼ਤਿਹਾਰ ਤਿਆਰ ਕਰਨ ਜਾਂ ਜਾਰੀ ਕਰਨ ਵੇਲੇ ਟਰੈਵਲ ਏਜੰਟ ਦਾ ਰਜਿਸਟਰੇਸ਼ਨ ਨੰਬਰ ਲੈਣਾ, ਵੈਰੀਫਾਈ (ਪੜਤਾਲ) ਅਤੇ ਦਰਜ ਕਰਨਾ ਜ਼ਰੂਰੀ ਬਣਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰਕਾਸ਼ਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।