5 Dariya News

ਖਸਰਾ ਤੇ ਰੂਬੇਲਾ ਤੋਂ ਬਚਾਅ ਲਈ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਣ - ਬਲਵਿੰਦਰ ਸਿੰਘ ਲਾਡੀ

ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਉਲੀਕੀ ਗਈ ਵਿਸ਼ੇਸ਼ ਨੀਤੀ

5 Dariya News

ਬਟਾਲਾ 10-Jan-2018

ਪੰਜਾਬ ਸਰਕਾਰ ਖਸਰਾ ਤੇ ਰੂਬੇਲਾ ਬਿਮਾਰੀ ਤੋਂ ਬਚਾਅ ਲਈ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਅਪ੍ਰੈਲ ਅਤੇ ਮਈ ਮਹੀਨੇ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜਿਸ ਅਧੀਨ 9 ਮਹੀਨੇ ਤੋਂ ਲੈਕੇ 15 ਸਾਲ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।ਇਹ ਜਾਣਕਾਰੀਆਂ ਦਿੰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਸਿਹਤ ਵਿਭਾਗ ਖਸਰਾ ਤੇ ਰੂਬੇਲਾ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਦੁਆਰਾ ਬੱਚਿਆਂ ਦੀ ਮੌਤ ਦਰ ਅਤੇ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ 'ਤੇ ਬੱਚਿਆਂ ਲਈ ਖਸਰਾ ਇਕ ਭਿਆਨਕ ਬਿਮਾਰੀ ਵਜੋਂ ਸਾਹਮਣੇ ਆਈ ਹੈ ਜਦਕਿ ਦੂਜੇ ਪਾਸੇ ਰੂਬੇਲਾ ਨਾਲ ਬੱਚਿਆਂ ਨੂੰ ਸ਼ੁਰੂਆਤੀ ਜੀਵਨ ਤੋਂ ਹੀ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਦੁਆਰਾ ਬੱਚਿਆਂ ਨੂੰ ਖਸਰਾ ਤੇ ਰੂਬੇਲਾ ਵਾਇਰਸ ਤੋਂ ਬਚਾਇਆ ਜਾ ਸਕੇਗਾ ਜਿਸ ਨਾਲ ਬੱਚਿਆਂ ਨੂੰ ਸ਼ਰੀਰਕ ਤਾਕਤ ਹਾਸਲ ਹੋਵੇਗੀ ਅਤੇ ਜੀਵਨ ਵੀ ਸੁਰੱਖਿਅਤ ਹੋਵੇਗਾ। 

ਬਲਵਿੰਦਰ ਸਿੰਘ ਲਾਡੀ ਨੇ ਅੱਗੇ ਦੱਸਿਆ ਕਿ ਖਸਰਾ ਇਕ ਛੂਤ ਦੀ ਬਿਮਾਰੀ ਹੈ ਜੋ ਸਿੱਧੇ ਤੌਰ 'ਤੇ ਖਾਂਸੀ ਅਤੇ ਛਿੱਕਣ ਨਾਲ ਫੈਲਦਾ ਹੈ। ਜਦਕਿ ਦੂਜੇ ਪਾਸੇ ਰੂਬੇਲਾ ਵੀ ਇਕ ਵਾਇਰਲ ਬਿਮਾਰੀ ਹੈ ਜੋ ਸੁਣਨ ਦੀ ਅਸਮਰਥਾ, ਦਿਲ ਦੀਆਂ ਬਿਮਾਰੀਆਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਟੀਕਾਕਰਣ ਮੁਹਿੰਮ ਨਾਲ ਬੱਚਿਆਂ ਦੀ ਸਿਹਤ-ਸੁਰੱਖਿਆ ਨੂੰ ਯਕੀਨੀ ਕੀਤਾ ਜਾਵੇਗਾ ਜਿਸ ਨਾਲ ਬੱਚੇ ਆਪਣਾ ਸਿਹਤਮੰਤ ਜੀਵਨ ਦਾ ਆਨੰਦ ਮਾਣ ਸਕਣ।  ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ 100 ਫੀਸਦੀ ਟੀਚੇ ਨੂੰ ਹਾਸਲ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾ ਰਿਹਾ ਹੈ ਤਾਂ ਜੋ ਨਿਸ਼ਚਿਤ ਕੀਤੀ ਉਮਰ ਦਾ ਇਕ ਵੀ ਬੱਚਾ ਟੀਕਾਕਰਣ ਤੋਂ ਵਾਝਾਂ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀ ਤੋਂ ਬਚਾਅ ਲਈ ਇਕ ਨੀਤੀ ਵੀ ਉਲੀਕੀ ਹੈ ਜਿਸ ਦੁਆਰਾ ਬੱਚਿਆਂ ਨੂੰ ਛੂਤ ਅਤੇ ਹੋਰ ਇਕ ਦੂਜੇ ਤੋਂ ਹੋਣ ਵਾਲੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ।