5 Dariya News

ਸਫ਼ਰ ਏ ਸ਼ਹਾਦਤ ਕਾਫ਼ਲਾ

5 Dariya News

13-Dec-2017

ਕਾਫ਼ਲੇ ਮੁੱਢ ਕਦੀਮਾਂ ਤੋਂ ਚਲਦੇ ਆਏ ਨੇ,ਪਰ ਸ਼ਹਾਦਤ ਦੇ ਸਫ਼ਰ ਦਾ ਉਹ ਕਾਫ਼ਲਾ ਜੋ ਧੰਨ ਗੁਰੂ ਨਾਨਕ ਸਾਹਿਬ ਨੇ 'ਇਤੁ ਮਾਰਗਿ ਪੈਰੁ ਧਰੀਜੈ,ਸਿਰੁ ਦੀਜੈ ਕਾਣਿ ਨ ਕੀਜੈ' ਦੇ ਫਲਸਫ਼ੇ ਨਾਲ ਸ਼ੁਰੂ ਕੀਤਾ,ਉਹ ਦੁਨੀਆਂ ਦੇ ਇਤਿਹਾਸ ਤੋਂ ਨਿਵੇਕਲਾ ਕਾਫ਼ਲਾ ਹੈ।ਇਸ ਸ਼ਹਾਦਤ ਦੇ ਸਫ਼ਰ ਵਿਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੇ ਲਾਹੌਰ ਵਿਚ ਤੱਤੀ ਤਵੀ ਉੱਤੇ ਬੈਠ ਕੇ ਪੂਰਨੇ ਪਾਏ ਅਤੇ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਚ ਮਨੁੱਖਤਾ ਨੂੰ ਬਚਾਉਣ ਖਾਤਰ ਆਪਾ ਕੁਰਬਾਨ ਕੀਤਾ।ਇਸ ਸਫ਼ਰ ਏ ਸ਼ਹਾਦਤ ਦਾ ਇਕ ਕਾਫ਼ਲਾ, ਜਿਸ ਦੀ ਅਗਵਾਈ ਮਰਦ ਅਗੰਮੜਾ ਸਾਹਿਬ ਏ ਕਮਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤੀ, ਅਨੰਦਾਂ ਦੀ ਪੁਰੀ ਤੋਂ ਸਰਸਾ ਦੇ ਕੰਢੇ ਹੁੰਦਾ ਹੋਇਆ ਚਮਕੌਰ ਦੀ ਕੱਚੀ ਗੜ੍ਹੀ ਤੱਕ ਪੁੱਜਦਾ ਹੈ, ਜਿਸ ਵਿੱਚ ਦੁਨੀਆਂ ਦੀ ਅਨੌਖੀ ਤੇ ਅਸਾਵੀਂ ਜੰਗ ਵਿਚ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਦੂਜਾ ਕਾਫ਼ਲਾ ਠੰਡੇ ਬੁਰਜ ਅਤੇ ਸਰਹਿੰਦ ਦੀਆਂ ਦੀਵਾਰਾਂ ਵਿੱਚ ਸਿੱਖੀ ਲਈ ਕੁਰਬਾਨ ਹੁੰਦਾ ਹੈ। ਇਸ ਸਫ਼ਰ ਏ ਸ਼ਹਾਦਤ ਦੇ ਪਾਂਧੀ ਹਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ।     ੬ ਪੋਹ ੧੭੦੪ ਨੂੰ ਜਦੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਨੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋਏ ਆਨੰਦਾਂ ਦੀ ਪੁਰੀ ਨੂੰ ਛੱਡ ਦਿੱਤਾ ਪਰ ਮੁਗਲਾਂ ਨੇ ਕਸਮਾਂ ਨੂੰ ਤੋੜਦੇ ਹੋਏ ਸਰਸਾ ਦੇ ਕੰਡੇ 'ਤੇ ਹੱਲਾ ਬੋਲ ਦਿੱਤਾ ਤਾਂ ਇੱਥੇ ਗੁਰੂ ਸਹਿਬ ਦੇ ਕਈ ਪ੍ਰਾਣਾਂ ਤੋਂ ਵੀ ਪਿਆਰੇ ਸਿੰਘ ਜੂਝਦੇ ਹੋਏ ਸ਼ਹੀਦੀਆਂ ਪਾ ਗਏ।ਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਵੀ ਨਿੱਤਨੇਮ ਅਤੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਸਿੱਖਾਂ ਲਈ ਪੂਰਨੇ ਪਾਏ। ਇੱਥੇ ਸਰਸਾ ਦੇ ਕੰਡੇ 'ਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਅਤੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ।੭ ਅਤੇ ੯ ਕੁ ਸਾਲ ਦੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ,ਬਾਬਾ ਫਤਿਹ ਸਿੰਘ ਅਤੇ ੮੨ ਵਰ੍ਹਿਆਂ ਦੀ ਬਜੁਰਗ ਮਾਤਾ ਗੁਜਰ ਕੌਰ ਜੀ ਪੋਹ ਦੀ ਠੰਡੀ ਕਕਰੀਲੀ ਰਾਤ ਵਿਚ ਲੰਮੀਆਂ ਵਾਟਾਂ ਦੇ ਪਾਂਧੀ ਬਣਕੇ ਪਹਾੜਾਂ ਦੇ ਰਸਤੇ ਸਰਸਾ ਨਦੀ ਦੇ ਕੰਢੇ 'ਤੇ ਤੁਰਦੇ ਹੋਏ ਰੋਪੜ ਦੇ ਨੇੜੇ ਪਿੰਡ ਚੱਕ ਢੇਰਾਂ ਪੁੱਜਦੇ ਹਨ।ਪਿੰਡ ਤੋਂ ਬਾਹਰ ਦਰਿਆ ਦੇ ਕੰਢੇ ਇਕ ਛੰਨ ਵਿਚ ਦੀਵਾ ਜਗਦਾ ਦਿਖਾਈ ਦਿੰਦਾ ਹੈ।ਇਹ ਛੰਨ ਇਕ ਗਰੀਬ ਦਰਵੇਸ਼ ਮਲਾਹ ਕਰੀਮ ਬਖਸ਼ ਦੀ ਹੈ ਜਿਸ ਨੂੰ ਇਤਿਹਾਸ ਵਿਚ ਬਾਬਾ ਕੁੰਮਾਂ ਮਾਸ਼ਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਸਾਹਿਬਜਾਦੇ ਅਤੇ ਮਾਤਾ ਜੀ ਇਸ ਛੰਨ ਵਿਚ ਰਾਤ ਗੁਜਾਰਦੇ ਹਨ ਅਤੇ ਬਾਬਾ ਕੁੰਮਾਂ ਮਾਸ਼ਕੀ ਇਹਨਾਂ ਦੀ ਸੇਵਾ ਕਰਕੇ ਰਹਿਮਤਾਂ ਦਾ ਪਾਤਰ ਬਣਦਾ ਹੈ।

  ਇਸ ਪਿੰਡ ਦੀ ਹੀ ਬੀਬੀ ਲੱਛਮੀ ਇਹਨਾਂ ਰੂਹਾਨੀ ਰਾਹੀਆਂ ਨੂੰ ਲੰਗਰ ਛਕਾ ਕੇ ਆਪਣਾ ਜਨਮ ਸਫਲਾ ਕਰਦੀ ਹੈ। ਇਥੇ ਹੀ ਪਾਪੀ ਗੰਗੂ ਆ ਕੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਮਿਲਦਾ ਹੈ ਅਤੇ ਉਹ ਇਹਨਾਂ ਨੂੰ ਆਪਣੇ ਨਾਲ ਮਰਿੰਡੇ ਦੇ ਨੇੜੇ ਪਿੰਡ ਸਹੇੜੀ ਲੈ ਜਾਂਦਾ ਹੈ।ਗੰਗੂ ਦੇ ਘਰ ਵਿਚ ਜਦੋਂ ੮ ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਸਾਹਿਬਜਾਦੇ ਵਿਸ਼ਰਾਮ ਕਰ ਰਹੇ ਸਨ ਤਾਂ ਗੰਗੂ ਬਦਨਿਅਤ ਹੋ ਕੇ ਕੁਝ ਮਾਇਆ ਚੁਰਾ ਲੈਂਦਾ ਹੈ।ਜਦੋਂ ਮਾਤਾ ਜੀ ਨੂੰ ਗੰਗੂ ਦੀ ਇਸ ਕਰਤੂਤ ਦਾ ਪਤਾ ਚਲਦਾ ਹੈ ਤਾਂ ਆਪਣੀ ਚੋਰੀ ਫੜੀ ਜਾਣ ਦੇ ਡਰੋਂ ਗੰਗੂ ਲਾਲਚ ਵੱਸ ਹੋ ਕੇ ਮੋਰਿੰਡੇ ਦੇ ਠਾਣੇ ਵਿਚ ਸਾਹਿਬਜਾਦਿਆਂ ਅਤੇ ਮਾਤਾ ਜੀ ਦੀ ਇਤਲਾਹ ਕਰ ਦਿੰਦਾ ਹੈ।ਜਾਨੀ ਖਾਂ ਅਤੇ ਮਾਨੀ ਖਾਂ ਦੋ ਸਿਪਾਹੀ ਆਉਂਦੇ ਹਨ ਤੇ ਸਾਹਿਬਜਾਦਿਆਂ  ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਕੇ ਮੋਰਿੰਡੇ ਦੀ ਕੋਤਵਾਲੀ ਵਿਚ ਕੈਦ ਕਰ ਦਿੰਦੇ ਹਨ।੯ ਪੋਹ ਦੀ ਰਾਤ ਮੋਰਿੰਡੇ ਕੋਤਵਾਲੀ ਵਿਚ ਗੁਜਰਦੀ ਹੈ ਅਤੇ ੧੦ ਪੋਹ ਸੇਵੇਰੇ ਮੋਰਿੰਡੇ ਤੋਂ ਸੂਬਾ ਏ ਸਰਹਿੰਦ ਵਜੀਦ ਖਾਨ ਦੀ ਕਚਹਿਰੀ  ਵਿਚ ਪੇਸ਼ ਕਰਨ ਲਈ ਸਾਹਿਬਜਾਦਿਆਂ ਅਤੇ ਮਾਤਾ ਜੀ ਨੂੰ ਬੰਧੀ ਬਣਾ ਕੇ ਤੋਰ ਲਿਆ ਜਾਂਦਾ ਹੈ।ਮਾਤਾ ਗੁਜਰ ਕੌਰ ਜੀ ਦੇ ਪਾਵਣ ਮੁੱਖ 'ਤੇ ਮਿਰਚਾਂ ਵਾਲਾ ਇਕ ਤੌੜਾ ਪੁੱਠਾ ਕਰਕੇ ਪਾਇਆ ਜਾਂਦਾ ਹੈ ਅਤੇ ਸਾਹਿਬਜਾਦਿਆਂ ਨੂੰ ਖੁਰਜੀਆਂ ਵਿਚ ਪਾ ਕੇ ਸਰੀਰਕ ਯਾਤਨਾਵਾਂ ਦਿੰਦੇ ਹੋਏ ਸਰਹਿੰਦ ਪੁੱਜਦੇ ਹਨ।ਇਥੇ ੧੪੦ ਫੁਟ ਉੱਚੇ ਠੰਡੇ ਬੁਰਜ ਵਿਚ ਦੁਨੀਆਂ ਦੇ ਅਨੌਖੇ ਕੈਦੀਆਂ ਨੂੰ ਕੈਦ ਵਿਚ ਰੱਖਿਆ ਜਾਂਦਾ ਹੈ ।ਇਸ ਬੁਰਜ ਦੇ ਪਿਛਲੇ ਪਾਸੇ ਇਕ ਹੰਸਲਾ ਨਦੀ ਵੱਗਦੀ ਸੀ ਅਤੇ ਇਹ ਬੁਰਜ ਗਰਮੀਆਂ ਵਿਚ ਵੀ ਠੰਡਾ ਰਹਿੰਦਾ ਸੀ।ਤਿੰਨ ਦਿਨ ਬਿਨਾਂ ਕਿਸੇ ਗਰਮ ਕੱਪੜੇ ਅਤੇ ਭੋਜਨ ਦੇ ਇਹਨਾਂ ਨੂੰ ਤਰਾਂ ਤਰਾਂ ਦੇ ਤਸੀਹੇ ਦਿੱਤੇ ਜਾਂਦੇ ਹਨ।ਸਾਹਿਬਜਾਦਿਆਂ ਦੀਆਂ ਤਿੰਨ ਪੇਸ਼ੀਆਂ ਸੂਬੇ ਦੀ ਕਚਿਹਰੀ ਵਿਚ ਹੁੰਦੀਆਂ ਹਨ।ਹਰ ਤਰਾਂ ਦੇ ਲਾਲਚ ਅਤੇ ਡਰ ਦੇ ਕੇ ਸਿੱਖੀ ਤੋਂ ਮੁਨਕਰ ਕਰਨ ਦੇ ਯਤਨ ਕੀਤੇ ਜਾਂਦੇ ਹਨ,ਪਰ ਸਾਹਿਬਜਾਦੇ ਅਡੋਲ ਰਹਿੰਦੇ ਹਨ।ਭਾਈ ਮੋਤੀ ਰਾਮ ਮਹਿਰਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਿੰਨੇ ਦਿਨ ਸਾਹਿਬਜਾਦਿਆਂ ਨੂੰ ਠੰਡੇ ਬੁਰਜ ਵਿਚ ਦੁੱਧ ਛਕਾਉਂਦਾ ਹੈ, ਜਿਸ ਦੀ ਕੀਮਤ ਉਸ ਨੂੰ ਸੂਬੇ ਵਲੋਂ ਆਪਣਾ ਸਾਰਾ ਪਰਿਵਾਰ ਕੋਹਲੂ ਵਿਚ ਪਿੜ੍ਹਵਾ ਕੇ ਚੁਕਾਉਣੀ ਪੈਂਦੀ ਹੈ ਪਰ ਉਹ ਗੁਰੂ ਦਾ ਸਿੱਖ ਇਤਿਹਾਸ ਵਿਚ ਅਮਰ ਹੋ ਜਾਂਦਾ ਹੈ।ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਸਾਹਿਬਜਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਾ ਹੈ ਜਿਸ ਲਈ ਸਿੱਖ ਕੌਮ ਵਿਚ ਅੱਜ ਵੀ ਉਸ ਨਵਾਬ ਮਲੇਰਕੋਟਲੇ ਦਾ ਬਹੁਤ ਸਤਿਕਾਰ ਹੈ।ਸੂਬੇ ਦੀ ਕਚਹਿਰੀ ਵਿਚ ਮੌਜੂਦ ਇਕ ਮਰੀ ਹੋਈ ਜਮੀਰ ਵਾਲਾ ਇਨਸਾਨ ਦੀਵਾਨ ਸੁੱਚਾ ਨੰਦ ਸਾਹਿਬਜਾਦਿਆਂ ਨੂੰ ਸ਼ਹੀਦ ਕਰਵਾਉਣ ਲਈ ਤਰਲੋ ਮੱਛੀ ਹੁੰਦਾ ਹੈ।ਆਖਿਰ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਸਾਹਿਬਜਾਦਿਆਂ ਨੂੰ ਜਿਉਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਕਾਜੀ ਰੁਕਨਦੀਨ ਵਲੋਂ ਦਿੱਤਾ ਜਾਂਦਾ ਹੈ।ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਲਾਲਾਂ ਨੂੰ ਕਈ ਤਰਾਂ ਦੇ ਤਸੀਹੇ ਦਿੱਤੇ ਜਾਂਦੇ ਹਨ।ਗੁਰੂ ਜੀ ਦੇ ਸਮਕਾਲੀ ਇਤਿਹਾਸਕਾਰ ਭਾਈ ਦੁੱਨਾ ਸਿੰਘ ਹੰਡੂਰੀਆ ਦੀ ਕ੍ਰਿਤ 'ਕਥਾ ਗੁਰੂ ਜੀ ਕੇ ਸੁਤਨ ਕੀ' ਅਨੁਸਾਰ ਮਾਸੂਮਾਂ ਨੂੰ ਖਮਚੀਆਂ (ਚਾਬਕ) ਤੇ ਕੋਰੜੇ ਵੀ ਮਾਰੇ ਗਏ, ਪਿੱਪਲ ਦੇ ਦਰੱਖਤ ਦੁਆਲੇ ਰੱਸਿਆਂ ਨਾਲ ਬੰਨ ਕੇ ਗੁਲੇਲਾਂ ਦੇ ਨਿਸ਼ਾਨੇ ਵੀ ਮਾਰੇ ਗਏ ਅਤੇ ਮਾਸੂਮਾਂ ਦੀਆਂ ਉਂਗਲਾਂ ਵਿਚ ਅੱਗ ਦੇ ਪਲੀਤੇ ਲਗਾਏ ਗਏ।੧੩ ਪੋਹ ੧੭੬੧ ਬਿਕ੍ਰਮੀ ਸੰਮਤ ਮੁਤਾਬਿਕ ੨੭ ਦਿਸੰਬਰ ੧੭੦੪ ਈਸਵੀ ਨੂੰ ਸਰਹਿੰਦ ਦੀ ਖੂਨੀ ਦੀਵਾਰ ਵਿਚ ਗੁਰੂ ਲਾਲਾਂ ਨੂੰ ਚਿਣਿਆਂ ਜਾਣ ਲੱਗਾ।ਦੀਵਾਰਾਂ ਦੇ ਵਿਚ ਜਿਉਂਦੇ ਚਿਣਨ ਉਪਰੰਤ ਹੌਲੀ ਹੌਲੀ ਸਾਹਿਬਜਾਦਿਆਂ ਦਾ ਸਾਹ ਘੁਟਣ ਲੱਗਾ ਅਤੇ ਉਹ ਬੇਹੋਸ਼ੀ ਦੇ ਆਲਮ ਵਿਚ ਚਲੇ ਗਏ।ਉਹਨਾਂ ਨੂੰ ਹੋਸ਼ ਵਿਚ ਲਿਆ ਕੇ ਸਮਾਣੇ ਦੇ ਉਹ ਦੋ ਜੱਲਾਦ ਸਾਸ਼ਲ ਬੇਗ ਅਤੇ ਵਾਸ਼ਲ ਬੇਗ ਜਿੰਨ੍ਹਾਂ ਦੇ ਵੱਡੇ ਵਡੇਰੇ ਜੱਲਾਦ ਜਲਾਲੂਦੀਨ ਵਲੋਂ ਕਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ,ਵਲੋਂ ਸਾਹਿਬਜਾਦਿਆਂ ਨੂੰ ਗੋਡਿਆਂ ਵਿੱਚ ਰੱਖ ਕੇ ਛੁਰੀ ਨਾਲ ਸਾਹ ਰਗ ਵੱਢ ਕੇ ਜਿਬਾਹ ਕੀਤਾ ਗਿਆ।ਇਸ ਦਾ ਹਵਾਲਾ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਅਤੇ ਭਾਈ ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' " ਵਿਚ ਵੀ ਮਿਲਦਾ ਹੈ।ਭਾਈ ਸੰਤੋਖ ਸਿੰਘ ਦੇ ਗ੍ਰੰਥ 'ਗੁਰਪ੍ਰਤਾਪ ਸੂਰਜ', ਕਵੀ ਸੈਣਾ ਸਿੰਘ ਦੇ 'ਸ੍ਰੀ ਗੁਰੂ ਸੋਭਾ' ਅਤੇ ਭਾਈ ਸੁੱਖਾ ਸਿੰਘ ਦੇ ਗ੍ਰੰਥ 'ਗੁਰਬਿਲਾਸ' ਅਨੁਸਾਰ ਗੁਰੂ ਲਾਲਾਂ ਦੇ ਸੀਸ ਕਲਮ ਕੀਤੇ ਗਏ।ਕੇਸਰ ਸਿੰਘ ਛਿੱਬਰ ਦੇ 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਅਨੁਸਾਰ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਦੇ ਪ੍ਰਾਣ ਤਾਂ ਉਦੋਂ ਹੀ ਨਿਕਲ ਗਏ ਸਨ ਜਦ ਕਿ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਅਰਥਾਤ ੧੨-੧੩ ਮਿੰਨਟ ਚਰਨ ਮਾਰਦੇ ਰਹੇ।

    ਗੁਰਪ੍ਰਣਾਲੀ ਗੁਲਾਬ ਸਿੰਘ ਅਨੁਸਾਰ ਸਾਹਿਬਜਾਦਿਆਂ ਦੀ ਸ਼ਹਾਦਤ ੧੩ ਪੋਹ ੧੭੬੧ ਬਿਕ੍ਰਮੀ ਮੁਤਾਬਿਕ ੨੭ ਦਸੰਬਰ ੧੭੦੪ ਇਸਵੀ ਨੂੰ ਸਵੇਰੇ ੧੦-੧੧ ਵਜੇ ਦੇ ਵਿਚਕਾਰ ਹੋਈ।ਇਸ ਤਰ੍ਹਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਸਿੱਖੀ ਦੀਆਂ ਨੀਹਾਂ ਹੋਰ ਮਜਬੂਤ ਕਰ ਗਈਆਂ।ਮਾਤਾ ਗੁਜਰ ਕੌਰ ਜੀ ਵੀ ਉਸ ੧੪੦ ਫੁੱਟ ਉੱਚੇ ਠੰਡੇ ਬੁਰਜ ਵਿਚ ਸਖਤ ਤਸੀਹੇ ਝੱਲਦੇ ਹੋਏ ਪੋਤਰਿਆਂ ਨੂੰ ਦਾਦੇ ਕੋਲ ਵਿਦਾ ਕਰ ਕੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ।ਇਸ ਤਰ੍ਹਾਂ ਸ਼ਹਾਦਤ ਦੇ ਬਿਖੜੇ ਸਫਰ ਦਾ ਇਹ ਅਦੁੱਤੀ ਕਾਫਲਾ, ਸਿੱਖਾਂ ਦੀ ਝੋਲੀ ਵਿਚ ਸਰਦਾਰੀਆਂ ਬਖਸ਼ਦਾ ਹੋਇਆ ਸਿੱਖੀ ਦੇ ਮਹਿਲ ਨੂੰ ਰੁਸ਼ਨਾ ਕੇ ਸ਼ਹੀਦ ਹੋ ਗਿਆ।ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਜੋਤੀ ਸਰੂਪ ਸਾਹਿਬ ਵਿਖੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜਮੀਨ ਖਰੀਦੀ ਜਿੱਥੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਸੂਬਾ ਏ ਸਰਹਿੰਦ ਵਜੀਦ ਖਾਂ ਦੀ ਬੇਗਮ ਬੀਬੀ ਜੈਨਾ ਜੋ ਕਿ ਇਕ ਖੁਦਾਪ੍ਰਸਤ ਅਤੇ ਪਾਕਿ ਰੂਹ ਸੀ, ਸਾਹਿਬਜਾਦਿਆਂ ਦੀ ਸ਼ਹੀਦੀ ਨਾ ਸਹਾਰਦੀ ਹੋਈ ਆਪਣੇ ਪੇਟ ਵਿਚ ਕਟਾਰ ਮਾਰ ਕੇ ਆਪਣੀ ਜਿੰਦਗੀ ਕੁਰਬਾਨ ਕਰ ਦਿੰਦੀ ਹੈ।ਸਿੱਖ ਕੌਮ ਅਜਿਹੀਆਂ ਮਹਾਨ ਰੂਹਾਂ ਨੂੰ ਨਮਸਕਾਰ ਕਰਦੀ ਰਹੇਗੀ।ਇਸ ਗੱਲ ਦਾ ਹਵਾਲਾ ਡਾ. ਭਾਈ ਵੀਰ ਸਿੰਘ ਰਚਿਤ 'ਕਲਗੀਧਰ ਚਮਤਕਾਰ' ਵਿਚੋਂ ਮਿਲਦਾ ਹੈ । ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਫ਼ਰ ਏ ਸ਼ਹਾਦਤ ਦਾ ਬਾ-ਕਮਾਲ ਵਰਣਨ ਇਕ ਦਰਵੇਸ਼ ਰੂਹ ਹਕੀਮ ਅੱਲ੍ਹਾ ਖਾਂ ਯੋਗੀ ਨੇ ਆਪਣੀਆਂ ਰਚਨਾਵਾਂ 'ਸ਼ਹੀਦਾਨਿ ਵਫ਼ਾ' ਅਤੇ 'ਗੰਜਿ ਸ਼ਹੀਦਾਂ' ਵਿਚ ਕੀਤਾ ਹੈ ।ਇਸ ਮਹਾਨ ਕਾਰਜ ਲਈ ਕੌਮ ਸਦਾ ਉਸ ਦੀ ਅਹਿਸਾਨਮੰਦ ਰਹੇਗੀ । ਰਾਏਕੋਟ ਦੀ ਧਰਤੀ 'ਤੇ ਨੂਰਾ ਮਾਹੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੀ ਖਬਰ ਸੁਣਾਉਂਦਾ ਹੈ ਤਾਂ ਗੁਰੂ ਸਾਹਿਬ ਕਾਹੀ ਦਾ ਬੂਟਾ ਪੁੱਟ ਕੇ ਕਹਿੰਦੇ ਹਨ ਕਿ ਮੁਗਲਾਂ ਦੀ ਜੜ੍ਹ ਪੁੱਟੀ ਗਈ ਹੈ।ਇਸ ਸ਼ਹੀਦੀ ਸਾਕੇ ਤੋਂ ਥੋੜ੍ਹਾ ਸਮਾਂ ਬਾਅਦ ਹੀ ੧੭੧੦ ਈ: ਵਿਚ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਜਾਲਮ ਵਜੀਦੇ ਦਾ ਅੰਤ ਕਰ ਦਿੰਦਾ ਹੈ ਅਤੇ ਸਰਹਿੰਦ ਦੇ ਕਿਲ੍ਹੇ ਉੱਪਰ ਖਾਲਸਾਈ ਪਰਚਮ ਝੁਲਾ ਕੇ ਸਿੱਖ ਰਾਜ ਦੀ ਸਥਾਪਨਾ ਹੁੰਦੀ ਹੈ । ਬੱਲਹੀਣ,ਸਾਹਸਹੀਣ ਹੋਈਆਂ ਕੌਮਾਂ ਨੂੰ ਉਸ ਦੇ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਆਪਣੇ ਸਵੈਮਾਣ,ਅੱਡਰੀ ਆਜਾਦ ਹਸਤੀ ਨੂੰ ਕਾਇਮ ਰੱਖਣ ਲਈ ਜੂਝਣ ਦੀ ਪ੍ਰੇਰਣਾ ਦਿੰਦਾ ਹੈ।ਸਫ਼ਰ ਏ ਸ਼ਹਾਦਤ ਦੇ ਇਸ ਅਨੌਖੇ ਰਾਹ 'ਤੇ ਕਾਫ਼ਲੇ ਅੱਜ ਵੀ ਜਾਰੀ ਹਨ ਜੋ ਆਪਣੇ ਅਣਖ,ਕੌਮ,ਹੱਕ ਸੱਚ ਅਤੇ ਧਰਮ ਦੇ ਲਈ ਜਾਲਮ ਹਕੂਮਤ ਨਾਲ ਮੱਥਾ ਲਾ ਕੇ ਨਵੇਕਲਾ ਇਤਿਹਾਸ ਸਿਰਜਦੇ ਹਨ ਅਤੇ ਕੌਮ ਉਸ ਨੂੰ ਸੁਨਿਹਰੀ ਅੱਖਰਾਂ ਵਿਚ ਸਾਂਭ ਕੇ ਰੱਖਦੀ ਹੈ।