5 Dariya News

ਸੁਭਾਸ਼ ਚੰਦਰ ਬੋਸ ਫਿਲਮ ਨੇ ਵਿਦਿਆਰਥੀਆਂ ਵਿੱਚ ਭਰਿਆ ਦੇਸ਼ ਭਗਤੀ ਦਾ ਜੋਸ਼

ਫਿਲਮ ਉਤਸਵ ਦੇ ਆਖਰੀ ਦਿਨ ਦਿਖਾਈ ਜਾਵੇਗੀ ਫਿਲਮ ਲਗਾਨ

5 Dariya News

ਬਟਾਲਾ 13-Dec-2017

ਬਟਾਲਾ ਵਿਖੇ ਕਰਾਏ ਜਾ ਰਹੇ 4 ਰੋਜ਼ਾ ਜ਼ਿਲਾ ਪੱਧਰੀ ਫਿਲਮ ਮੇਲੇ ਦੇ ਅੱਜ ਤੀਸਰੇ ਦਿਨ ਸਕੂਲੀ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਫਿਲਮ ਸੁਭਾਸ਼ ਚੰਦਰ ਬੋਸ ਦਿਖਾਈ ਗਈ। ਬਟਾਲਾ ਦੇ ਆਰ.ਡੀ.ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸਕੈਂਡਰੀ ਸਕੂਲ ਦੇ ਆਡੀਟੋਰੀਅਮ ਵਿੱਚ ਚੱਲ ਰਹੇ ਇਸ ਜ਼ਿਲਾ ਪੱਧਰੀ ਫਿਲਮ ਫੈਸਟੀਵਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਅੱਜ ਦੀ ਫਿਲਮ ਨੂੰ ਦੇਖਣ ਲਈ ਵੀ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਪਹੁੰਚੇ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ,ਡੀ,ਐੱਮ. ਬਟਾਲਾ ਸ੍ਰੀ ਰੋਹਿਤ ਗੁਪਤਾ, ਨਾਇਬ ਤਹਿਸੀਲਦਾਰ ਲਛਮਣ ਸਿੰਘ, ਨਾਇਬ ਤਹਿਸੀਲਦਾਰ ਰਾਮ ਅਨੰਦ, ਸਹਾਇਕ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ, ਖੇਤੀਬਾੜੀ ਵਿਸਥਾਰ ਅਫ਼ਸਰ ਹਰਮਨਪ੍ਰੀਤ ਸਿੰਘ, ਜ਼ਿਲਾ ਗਾਇਡੈਂਸ ਅਫ਼ਸਰ ਪਰਮਿੰਦਰ ਸਿੰਘ ਸੈਣੀ, ਛੋਟਾ ਘੱਲੂਘਾਰਾ ਮੈਮੋਰੀਅਲ ਦੇ ਮੈਨੇਜਰ ਦਮਨਜੀਤ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।ਫਿਲਮ ਉਤਸਵ ਦੇ ਤੀਸਰੇ ਦਿਨ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ’ਤੇ ਅਧਾਰਤ ਫਿਲਮ ਸੁਭਾਸ਼ ਚੰਦਰ ਬੋਸ ਦਿਖਾੀ ਗਈ। ਨੇਤਾ ਜੀ ਦੇ ਸੰਘਰਸ਼ਮਈ ਜੀਵਨ, ਅਜ਼ਾਦ ਹਿੰਦ ਫੌਜ ਦੀ ਸਥਾਪਨਾ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਨੇਤਾ ਜੀ ਅਤੇ ਉਨਾਂ ਦੀ ਫੌਜ ਦੇ ਜਵਾਨਾ ਨੇ ਜੋ ਕੁਰਬਾਨੀਆਂ ਕੀਤੀਆਂ ਸਨ ਉਨਾਂ ਨੂੰ ਪਰਦੇ ’ਤੇ ਦੇਖ ਸਾਰੇ ਵਿਦਿਆਰਥੀ ਪੂਰੇ ਜੋਸ਼ ਵਿੱਚ ਦਿਖਾਈ ਦਿੱਤੇ। ਇਸ ਫਿਲਮ ਨੂੰ ਸਾਰੇ ਹੀ ਵਿਦਿਆਰਥੀਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ।ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ 14 ਦਸੰਬਰ ਨੂੰ ਫਿਲਮ ਮੇਲੇ ਦੇ ਆਖਰੀ ਦਿਨ ਲਗਾਨ ਫਿਲਮ ਦਿਖਾਈ ਜਾਵੇਗੀ। ਉਨਾਂ ਕਿਹਾ ਫਿਲਮ ਮੇਲੇ ਦੇ ਸਮਾਪਤੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਉਨਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਫਿਲਮ ਦੇਖਣ ਦਾ ਖੁੱਲਾ ਸੱਦਾ ਦਿੱਤਾ ਹੈ।