ਲੰਬਿਤ ਕੇਸਾਂ ਦੇ ਨਿਪਟਾਰੇ ਲਈ ਭਲਕੇ 09 ਦਸੰਬਰ ਨੂੰ ਲਗਾਈ ਜਾਵੇਗੀ ਕੌਂਮੀ ਲੋਕ ਅਦਾਲਤ : ਮੋਨਿਕਾ ਲਾਂਬਾ
ਲੋਕਾਂ ਨੂੰ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ
5 Dariya News
ਐਸ.ਏ.ਐਸ. ਨਗਰ (ਮੁਹਾਲੀ) 08-Dec-2017
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਮੋਨਿਕਾਂ ਲਾਂਬਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੇਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰਚਨਾ ਪੁਰੀ ਦੀ ਅਗਵਾਈ ਹੇਠ ਭਲਕੇ 09 ਦਸੰਬਰ ਨੂੰ ਜ਼ਿਲ੍ਹਾ ਕੋਰਟ ਕੰਪਲੈਕਸ ਐਸ.ਏ.ਐਸ. ਨਗਰ , ਖਰੜ ਅਤੇ ਡੇਰਾਬਸੀ ਸਬ ਡਵੀਜਨ ਪੱਧਰ ਦੀਆਂ ਅਦਾਲਤਾਂ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੋਕ ਅਦਾਲਤ ਵਿਚ ਲੰਬਿਤ ਪਏ ਕੇਸ਼ਾਂ ਦਾ ਨਿਪਟਾਰਾ ਰਾਜੀਨਾਮੇ ਰਾਂਹੀ ਕੀਤਾ ਜਾਵੇਗਾ। ਮੋਨਿਕਾ ਲਾਂਬਾ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਬੈਂਕ ਰਿਕਵਰੀ, ਮੈਟਰੀਮੋਨੀਅਲ ਝਗੜੇ, ਲੇਬਰ ਝਗੜੇ, ਜ਼ਮੀਨ ਗ੍ਰਹਿਣ ਕਰਨ ਦੇ ਕੇਸ, ਪਾਣੀ ਅਤੇ ਬਿਜਲੀ ਦੇ ਬਿਲਾਂ ਦੇ ਕੇਸ, ਮਾਲ ਵਿਭਾਗ, ਬੀਮਾ ਕੰਪਨੀਆਂ ਨਾਲ ਸਬੰਧਤ ਕੇਸ, ਮੋਟਰ ਐਕਸੀਡੈਂਟ ਕੇਸ, ਦਿਵਾਨੀ ਕੇਸ ਜਿਵਂੇ ਕਿ ਕਿਰਾਏ ਸਬੰਧੀ ਕੇਸ ਸਮਝੋਤੇ ਲਈ ਵਿਚਾਰੇ ਜਾਣਗੇ। ਉਨਾਂ੍ਹ ਲੋਕਾਂ ਨੂੰ ਜਿਨਾਂ੍ਹ ਦੇ ਝਗੜੇ ਵੱਖ-ਵੱਖ ਅਦਾਲਤਾਂ ਵਿਚ ਚਲ ਰਹੇ ਹਨ, ਦੇ ਨਿਪਟਾਰੇ ਲਈ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ ਇਸ ਫੈਸਲੇ ਤੋਂ ਬਾਅਦ ਕੋਈ ਵੀ ਅਪੀਲ ਜਾਂ ਦਲੀਲ ਨਹੀਂ ਹੁੰਦੀ ਅਤੇ ਫੈਸਲੇ ਉਪਰੰਤ ਦੋਵੇਂ ਪਾਰਟੀਆਂ ਦੀ ਕੋਰਟ ਫੀਸ ਵੀ ਵਾਪਿਸ ਕੀਤੀ ਜਾਂਦੀ ਹੈ ਅਤੇ ਲੋਕ ਅਦਾਲਤ ਦੇ ਫੈਸਲਿਆਂ ਰਾਹੀਂ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ।