5 Dariya News

ਅਕਾਲੀ-ਭਾਜਪਾ ਵਫਦ ਨੇ ਚੋਣ ਕਮਿਸ਼ਨ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀਜ਼ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ

ਮੱਲਾਂਵਾਲਾ ਅਤੇ ਮੱਖੂ ਦੇ ਐਸਐਚਓਜ਼ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ

5 Dariya News

ਚੰਡੀਗੜ੍ਹ 05-Dec-2017

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫਦ ਨੇ ਅੱਜ ਪ੍ਰਦੇਸ਼ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ, ਜਿਹੜੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕਰਦੇ ਹੋਏ ਮਿਉਂਸੀਪਲ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀਜ਼ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ।ਇਸ ਦੇ ਨਾਲ ਹੀ ਵਫਦ ਨੇ ਮੱਲਾਂਵਾਲਾ ਅਤੇ ਮੱਖੂ (ਫਿਰੋਜ਼ਪੁਰ) ਵਿਚ ਅਕਾਲੀ ਉਮੀਦਵਾਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਵੀ ਉਜਾਗਰ ਕੀਤਾ।ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਗਏ ਇਸ ਸਾਂਝੇ ਵਫ਼ਦ ਨੇ ਪ੍ਰਦੇਸ਼ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਦੱਸਿਆ ਕਿ ਜਿਹਨਾਂ ਪੰਜ ਅਕਾਲੀ ਵਰਕਰਾਂ ਨੇ ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਦੇ ਕਾਰਜ ਸਾਧਕ ਅਫਸਰ (ਈਓ) ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ, ਉਹਨਾਂ ਖ਼ਿਲਾਫ ਝੂਠੇ ਕੇਸ ਦਰਜ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਨੇ  ਫਿਰੋਜ਼ਪੁਰ ਦੇ  ਡਿਪਟੀ ਕਮਿਸ਼ਨਰ ਕੋਲ ਇਸ ਲਈ ਸ਼ਿਕਾਇਤ ਕੀਤੀ ਸੀ, ਕਿਉਂਕਿ ਈਓ ਉਹਨਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕਰ ਰਿਹਾ ਸੀ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਪੰਜ ਵਰਕਰਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਪੁਲਿਸ ਨੇ ਉਲਟਾ ਉਹਨਾਂ ਵਿਰੁੱਧ ਕੇਸ ਦਰਜ ਕਰ ਲਏ। ਇਹਨਾਂ ਵਰਕਰਾਂ ਵਿਚ ਨਗਰ ਪੰਚਾਇਤ ਮੱਲਾਂਵਾਲਾ ਦੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ, ਮਾਰਕੀਟ ਕਮੇਟੀ ਮੱਲਾਂਵਾਲਾ ਦੇ ਮੀਤ ਪ੍ਰਧਾਨ ਗੁਰਲਾਲ ਸਿੰਘ, ਯੂਥ ਅਕਾਲੀ ਦਲ ਮੱਲਾਂਵਾਲਾ ਦੇ ਐਸਸੀ ਵਿੰਗ ਦੇ ਪ੍ਰਧਾਨ ਅਜੈ ਕੁਮਾਰ ਅਤੇ ਮਾਰਕੀਟ ਕਮੇਟੀ ਮੱਖੂ ਦੇ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਿਲ ਹਨ। ਜਦੋਂ ਈਓ ਸਥਾਨਕ ਵਿਧਾਇਕ ਦੀ ਰਿਹਾਇਸ਼ ਉੱਤੇ ਬੈਠਾ ਸੀ ਤਾਂ ਉਸ ਸਮੇਂ ਪੁਲਿਸ ਨੇ ਇਹਨਾਂ ਸਾਰੇ ਵਰਕਰਾਂ ਨੂੰ ਚੁੱਕ ਲਿਆ।

ਮੁੱਖ ਚੋਣ ਕਮਿਸ਼ਨਰ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਦਿਨ ਮਿਉਂਸੀਪਲ ਚੋਣਾਂ ਦਾ ਐਲਾਨ ਹੋਇਆ ਸੀ, ਮੱਲਾਂਵਾਲਾ ਅਤੇ ਮੱਖੂ ਦੇ ਐਸਐਚਓਜ਼ ਨੇ ਉਸੇ ਦਿਨ ਚਾਰਜ ਸੰਭਾਲਿਆ ਸੀ। ਉਹਨਾਂ ਕਿਹਾ ਕਿ ਦੋਵਾਂ ਨਗਰ ਪੰਚਾਇਤਾਂ ਵਿਚ ਅਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਹਨਾਂ ਦੋਵੇਂ ਐਸਐਚਓਜ਼ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਡਾਕਟਰ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਮੱਲਾਂਵਾਲਾ ਅਤੇ ਮੱਖੂ ਦੀ ਚੋਣ ਰੋਕ ਲਈ ਜਾਵੇ ਅਤੇ ਇਹਨਾਂ ਦੋਵੇਂ ਥਾਵਾਂ ਉੱਤੇ ਬਾਅਦ ਵਿਚ ਵੱਖਰੇ ਤੌਰ ਤੇ ਚੋਣ ਕਰਵਾਈ ਜਾਵੇ।ਵਫ਼ਦ ਦੇ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਮੋਗਾ, ਧਰਮਕੋਟ ਅਤੇ ਬਾਘਾਪੁਰਾਣਾ ਵਿਚ ਅਕਾਲੀ ਉਮੀਦਵਾਰਾਂ ਨੂੰ ਐਨਓਸੀਜ਼ ਜਾਰੀ ਨਹੀ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਬਿਲਕੁੱਲ ਇਹੋ ਸਥਿਤੀ ਰਾਜਾਸਾਂਸੀ ਵਿਚ ਬਣੀ ਹੋਈ ਹੈ। ਵਫਦ ਨੇ ਕਿਹਾ ਕਿ ਜਦ ਤਕ ਮੁੱਖ ਚੋਣ ਅਧਿਕਾਰੀ ਇਹਨਾਂ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਕਰੜੇ ਹੱਥੀਂ ਨਹੀਂ ਲੈਂਦੇ, ਪੰਜਾਬ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ਦੀ ਕੋਈ ਉਮੀਦ ਨਹੀਂ ਹੈ।ਇਸ ਮੌਕੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਵਧੀਆ ਉਮੀਦਵਾਰਾਂ ਦੇ ਨਾਂ ਸੂਚੀਆਂ ਵਿਚੋਂ ਕੱਟੇ ਜਾ ਰਹੇ ਹਨ ਅਤੇ ਰਿਟਰਨਿੰਗ ਅਧਿਕਾਰੀਆਂ ਖ਼ਿਲਾਫ ਕੀਤੀਆਂ ਸ਼ਿਕਾਇਤਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਇਸ ਵਫ਼ਦ ਵਿਚ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਅਤੇ  ਚਰਨਜੀਤ ਸਿੰਘ ਬਰਾੜ ਵੀ ਸ਼ਾਮਿਲ ਸਨ।