5 Dariya News

ਖ਼ੂਬਸੂਰਤ ਪੇਸ਼ਕਸ਼ਾਂ ਦੇ ਸੁਮੇਲ ਨਾਲ ਸਤਲੁਜ ਸਕੂਲ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਦੀ ਹੋਈ ਸ਼ੁਰੂਆਤ

ਛੋਟੇ ਛੋਟੇ ਵਿਦਿਆਰਥੀਆਂ ਨੇ ਆਪਣੀ ਬਹੁ ਮੁਖੀ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਕੀਲਿਆਂ

5 Dariya News

ਪੰਚਕੂਲਾ 17-Nov-2017

ਸਤਲੁਜ ਪਬਲਿਕ ਸਕੂਲ ਸੈਕਟਰ 2 ਵੱਲੋਂ ਤਿੰਨ ਦਿਨਾਂ 41 ਵੇਂ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਾਲਾਨਾ ਸਮਾਗਮ 'ਦਾ ਪਹਿਲਾ ਦਿਨ ਜੂਨੀਅਰ ਸੈਕਸ਼ਨ  ਦੇ ਛੋਟੇ ਛੋਟੇ ਵਿਦਿਆਰਥੀਆਂ ਦੀ ਖ਼ੂਬਸੂਰਤ ਪੇਸ਼ਕਾਰੀਆਂ ਦੇ ਨਾਮ ਰਿਹਾ। ਸਮਾਗਮ ਦੀ ਸ਼ੁਰੂਆਤ ਨੰਨੇ ਮੁੰਨੇ ਹਨੂਮਾਨ ਬਣੇ ਬੱਚਿਆਂ ਵੱਲੋਂ ਇਕ ਧਾਰਮਿਕ ਪੇਸ਼ਕਾਰੀ ਨਾਲ ਹੋਈ। ਜਿਸ ਤੋਂ ਬਾਅਦ ਨਰਸਰੀ ਕਲਾਸ ਦੀਆਂ ਬੱਚੀਆਂ ਨੇ ਖ਼ੁਸ਼ਹਾਲ ਜ਼ਿੰਦਗੀ ਦੇ ਗੀਤ ਪੇਸ਼ ਕੀਤੇ। ਸਤਲੁਜ ਗੋ ਗੈਟਰਜ਼ 2017 ਬੈਨਰ ਹੇਠ ਛੋਟੇ ਛੋਟੇ ਬੱਚਿਆਂ ਵੱਲੋਂ ਕੀਤੀ ਇਸ ਬਿਹਤਰੀਨ ਪੇਸ਼ਕਾਰੀ ਵਿਚ 93.5 ਰੈੱਡ ਐਫ ਐਮ ਦੀ ਆਰ ਜੇ ਦੀਸ਼ਾ, ਯੋਜਨਾ ਯਾਦਵ ਸੀਨੀਅਰ ਨਿਊਜ਼ ਐਡੀਟਰ ਐੱਚ ਟੀ, ਪਲਵੀਂ ਸਿੰਘ ਪੇਸ ਐੱਚ ਟੀ ਖ਼ਾਸ ਮਹਿਮਾਨ ਸਨ। ਇਸ ਦੌਰਾਨ ਕਿੰਡਰਗਾਰਡਨ ਵੱਲੋਂ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਦੇ ਲੋਕ ਨ੍ਰਿਤ ਦੀ ਬਿਹਤਰੀਨ ਪੇਸ਼ਕਸ਼ ਕੀਤੀ। ਇਸ ਦੇ ਇਲਾਵਾ ਬੂਗੀ ਬੇਬੀਜ਼ ਅਤੇ ਗਲੋਬਲ ਐਸਟਰਾਵਾਜੇਨਜ਼ਾ ਦੀ ਸਟੇਜ ਪੇਸ਼ਕਾਰੀ ਆਪਣੀ ਛਾਪ ਛੱਡਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਆਪਣੇ ਲਾਡਲਿਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਵੇਖਦੇ ਰਹੇ।ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਸਰਾਏ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਸੱਚੀ ਲਗਤ ਅਤੇ ਲਗਾਤਾਰ ਮਿਹਨਤ ਜ਼ਰੂਰੀ ਹੁੰਦੀ ਹੈ। ਜੇਕਰ ਇਕ ਵਿਦਿਆਰਥੀ ਜ਼ਿੰਦਗੀ ਵਿਚ ਕੁੱਝ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੀ ਜਾਨ ਲਗਾ ਦੇਵੇ ਤਾਂ ਸਫਲਤਾ ਯਕੀਨੀ ਹੈ। ਪ੍ਰਿੰਸੀਪਲ ਗੁਰ ਕੇ ਸਰਾਏ ਨੇ ਸਾਰੇ ਵਿਦਿਆਰਥੀਆਂ ਨੂੰ ਪੜਾਈ,ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਵਿਚ ਸੰਤੁਲਨ ਬਣਾ ਕੇ ਰੱਖਦੇ ਹੋਏ ਸਮੇਂ ਦੀ ਸਹੀ ਵਰਤੋਂ ਕਰਨ ਦੀ ਪ੍ਰੇਰਨਾ ਦਿਤੀ। ਇਸ ਮੌਕੇ ਤੇ 300 ਦੇ ਕਰੀਬ ਵਿਦਿਆਰਥੀਆਂ ਨੂੰ ਟਰਾਫ਼ੀਆਂ, ਮੈਡਲ ਅਤੇ ਸੈਟੀਫੀਕੇਟ ਵੀ ਵੰਡੇ ਗਏ। ਅਖੀਰ ਵਿਚ ਸੀਨੀਅਰ ਵਿੰਗ ਦੇ ਪ੍ਰਿੰਸੀਪਲ ਕੀਰਤ ਸਰਾਏ ਨੇ ਸਾਰੇ ਮਹਿਮਾਨਾਂ ਨੂੰ ਅਗਲੇ ਦਿਨ ਦੇ ਸਮਾਰੋਹ ਲਈ ਸੱਦਾ ਦਿਤਾ।