5 Dariya News

ਦਿੱਲੀ, ਪੰਜਾਬ ਅਤੇ ਮੁਲਕ ਦੇ ਲੋਕਾਂ ਨੂੰ ਧੋਖਾ ਦੇਣ ਲਈ ਮੀਡੀਆ ਸਟੰਟ ਕਰ ਰਿਹਾ ਹੈ ਕੇਜਰੀਵਾਲ: ਪਰਮਿੰਦਰ ਸਿੰਘ ਢੀਂਡਸਾ

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਜਰੀਵਾਲ ਦੀ ਫੇਰੀ ਇੱਕ ਫਲਾਪ ਸ਼ੋਅ ਰਹੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ

5 Dariya News

ਚੰਡੀਗੜ੍ਹ 15-Nov-2017

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਨੂੰ ਦਿੱਲੀ, ਪੰਜਾਬ ਅਤੇ ਮੁਲਕ ਦੇ ਲੋਕਾਂ ਨੂੰ ਮੂਰਖ ਬਣਾਉੁਣ ਲਈ ਕੀਤਾ ਗਿਆ ਭਿਆਨਕ ਮੀਡੀਆ ਸਟੰਟ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਫੇਰੀ ਦਾ ਕੋਈ ਨਤੀਜਾ ਨਹੀਂ ਨਿਕਲਿਆ, ਇਹ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਈ ਹੈ।ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ  ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਖ਼ਿਆਲੀ ਹੱਲ ਘੜਣ ਦੀ ਆਦਤ ਹੈ।  ਉਹਨਾਂ ਕਿਹਾ ਕਿ ਪਿਛਲੇ ਸਾਲ ਉਹ ਔਡ-ਈਵਨ ਸਕੀਮ ਲੈ ਕੇ ਆਇਆ ਸੀ ਅਤੇ ਇਸ ਸਕੀਮ ਦਾ ਸਿਆਸੀ ਲਾਹਾ ਲੈਣ ਲਈ ਕਰੋੜਾਂ ਰੁਪਏ ਮੀਡੀਆ ਉੱਤੇ ਸੋਸ਼ੇਬਾਜ਼ੀ ਦੌਰਾਨ ਉਡਾ ਦਿੱਤੇ ਸਨ।  ਇਸ ਸਾਲ ਉਹ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤਾਂ ਕਰਨ ਦਾ ਵਿਚਾਰ ਲੈ ਕੇ ਆਇਆ ਹੈ ਤਾਂ ਕਿ ਇਹਨਾਂ ਮੁਲਾਕਾਤਾਂ ਨੂੰ ਆਪਣੀ ਪ੍ਰਾਪਤੀ  ਵਿਖਾ ਕੇ ਢਿੰਡੋਰਾ ਪਿੱਟ ਸਕੇ।ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਵੱਲੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੀ ਹੈ। ਉਹਨਾਂ ਕਿਹਾ ਕਿ ਆਪਣੇ ਹਰਿਆਣਾ ਹਮਰੁਤਬਾ ਨਾਲ ਮੁਲਾਕਾਤ ਕਰਨ ਪਿੱਛੋਂ ਕੇਜਰੀਵਾਲ ਸਿਰਫ ਇੰਨਾ ਹੀ ਕਹਿ ਸਕਿਆ ਕਿ ਪਰਾਲੀ ਸਾੜਣ ਕਰਕੇ ਸਿਹਤ ਸੰਬੰਧੀ ਆ ਰਹੀਆਂ ਸਮੱਸਿਆਵਾਂ  ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।  ਇਹ ਗੱਲਬਾਤ ਤਾਂ ਕੇਜਰੀਵਾਲ ਫੋਨ ਉੱਤੇ ਵੀ ਕਰ ਸਕਦਾ ਸੀ, ਪਰ ਉਸ ਨੇ ਜਾਣਬੁੱਝ ਕੇ ਇਸ ਸੰਵੇਦਨਸ਼ੀਲ ਮਸਲੇ ਉੱਤੇ ਸਸਤੀ ਸ਼ੋਹਰਤ ਬਟੋਰਨ ਲਈ ਅਜਿਹਾ ਕੀਤਾ, ਜਦਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲੇਗਾ।ਸਰਦਾਰ ਢੀਂਡਸਾ ਨੇ ਕਿਹਾ ਕਿ  ਇਹ ਇੱਕ ਤੱਥ ਹੈ ਕਿ ਦਿੱਲੀ ਵਿਚ ਧੂੰਏਂ ਵਾਸਤੇ ਪਰਾਲੀ ਸਾੜਣਾ ਹੀ ਇਕਲੌਤੀ ਵਜ੍ਹਾ ਨਹੀਂ ਹੈ। 

ਜੇਕਰ ਅਜਿਹਾ ਹੁੰਦਾ ਤਾਂ ਚੰਡੀਗੜ੍ਹ ਦਾ ਤਾਂ ਦਿੱਲੀ ਤੋਂ ਵੱਧ ਮੰਦਾ ਹਾਲ ਹੋਣਾ ਸੀ। ਸੱਚਾਈ ਇਹ ਹੈ ਕਿ ਕੇਜਰੀਵਾਲ ਵਾਹਨਾਂ ਰਾਂਹੀ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਵਿਚ ਨਾਕਾਮ ਹੋ ਗਿਆ ਹੈ ਅਤੇ ਹੁਣ ਉਹ ਆਪਣੀਆਂ ਨਾਕਾਮੀਆਂ ਦਾ ਦੋਸ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਉੱਤੇ ਮੜ੍ਹ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹ ਸੱਚਮੁੱਚ ਇਸ ਮਸਲੇ ਨੂੰ ਲੈ ਕੇ ਗੰਭੀਰ ਹੈ ਤਾਂ ਉਸ ਨੂੰ ਪਰਾਲੀ ਸਾੜਣਾ ਬੰਦ ਕਰਾਉਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ। ਖੇਤੀ ਉਪਕਰਨਾਂ ਰਾਂਹੀ ਅਤੇ ਬਾਇਓ ਮਾਸ ਪਲਾਂਟ ਲਗਾ ਕੇ ਪਰਾਲੀ ਦੇ ਸਹੀ ਇਸਤੇਮਾਲ ਨਾਲ ਹੀ ਇਸ ਸਮੱਸਿਆ ਦਾ ਪੱਕਾ ਨਿਬੇੜਾ ਹੋ ਸਕਦਾ ਹੈ।ਕੇਜਰੀਵਾਲ ਨੂੰ ਧੋਖਾ ਕਰਨ ਤੋਂ ਵਰਜਦਿਆਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੰੰ ਪਹਿਲਾਂ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਨੇ ਦਿੱਲੀ ਵਿਚ ਧੂੰਏਂ ਨੂੰ ਘਟਾਉਣ ਲਈ ਕੀ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪਾਸੇ ਕੁੱਝ ਕਰਨਾ ਤਾਂ ਭੁੱਲ ਜਾਓ, ਤੁਸੀਂ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਕੋਈ ਸਟੈਂਡ ਲੈਣ ਤੋਂ ਵੀ ਇਨਕਾਰ ਕਰ ਚੁੱਕੇ ਹੋ। ਇੱਕ ਪਾਸੇ ਤੁਸੀਂ ਪਰਾਲੀ ਸਾੜਣ ਉੱਤੇ ਕਾਬੂ ਨਾ ਪਾਉਣ ਦਾ ਦੋਸ਼ ਲਗਾ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਦਿੱਲੀ ਵਿਚਲੇ ਧੂੰਏਂ ਲਈ ਜ਼ਿੰਮੇਵਾਰ ਠਹਿਰਾ ਰਹੇ ਹੋ ਅਤੇ ਦੂਜੇ ਪਾਸੇ ਪੰਜਾਬ ਵਿਚ ਤੁਹਾਡੀ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਕਿਸਾਨਾਂ ਨੂੰ ਪਰਾਲੀ ਸਾੜਣ ਲਈ ਕਹਿ ਰਿਹਾ ਹੈ। ਕਿਰਪਾ ਕਰਕੇ ਇਸ ਮਸਲੇ ਉੱਤੇ ਤੁਰੰਤ ਆਪਣਾ ਸਟੈਂਡ ਸਪੱਸ਼ਟ ਕਰੋ।ਇਹ ਕਹਿੰਦਿਆਂ ਕਿ ਇਹ ਅਤੇ ਹੋਰ ਬਹੁਤ ਸਾਰੀਆਂ ਮਿਸਾਲਾਂ ਪੰਜਾਬ ਦੇ ਹਰ ਮੁੱਦੇ ਉਤੇ ਆਪ ਦੀ ਦੋਗਲੀ ਬੋਲੀ ਦੀ ਪੋਲ ਖੋਲ੍ਹਦੀਆਂ ਹਨ, ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਆਪ ਦੀ ਪੰਜਾਬ ਇਕਾਈ ਨੇ ਪੰਜਾਬ ਤੋਂ ਰਾਜਸਥਾਨ ਨੂੰ ਜਾਂਦੇ ਪਾਣੀ ਦੇ ਲਾਂਘੇ ਖ਼ਿਲਾਫ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ ਸੀ ਜਦਕਿ ਕੇਜਰੀਵਾਲ ਇਹ ਮੰਗ ਕਰ ਰਿਹਾ ਹੈ ਕਿ ਪੰਜਾਬ ਦੇ ਦਰਿਆਈ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ ਰਾਂਹੀ ਦਿੱਲੀ ਨੂੰ ਦੇ ਦਿੱਤੇ ਜਾਣ। ਉਹਨਾਂ ਕਿਹਾ ਕਿ ਤੁਸੀਂ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਪੰਜਾਬ ਨਾਲ ਸੰਬੰਧਿਤ ਹਰ ਮੁੱਦੇ ਉੱਤੇ ਦੋਹਰੇ ਮਾਪਦੰਡ ਕਿਉਂ ਅਪਣਾਉਂਦੇ ਹੋ? ਹਾਲ ਹੀ ਵਿਚ ਤੁਸੀਂ ਨਸ਼ਿਆਂ ਦੇ ਮੁੱਦੇ ਉੱਤੇ ਚੁੱਪੀ ਧਾਰ ਵੀ ਇਹੋ ਕੀਤਾ ਸੀ ਜਦੋਂ ਤੁਹਾਡੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਨੂੰ ਇੱਕ ਕੌਮਾਂਤਰੀ ਨਸ਼ ਤਸਕਰੀ ਮਾਮਲੇ ਵਿਚ ਦੋਸ਼ੀ ਵਜੋਂ ਤਲਬ ਕੀਤਾ ਗਿਆ ਸੀ ਜਿਸ ਮਾਮਲੇ ਦੇ ਦੂਜੇ ਦੋਸ਼ੀ ਨੂੰ ਪਹਿਲਾਂ ਹੀ 20 ਸਾਲ ਦੀ ਕੈਦ ਹੋ ਚੁੱਕੀ ਹੈ।