5 Dariya News

ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 15 ਨਵੰਬਰ 2017 ਤੋਂ 14 ਦਸੰਬਰ 2017 ਤੱਕ ਚੱਲੇਗਾ- ਵਿਨੀਤ ਕੁਮਾਰ

ਬੀ.ਐਲ.ਓ. 19 ਅਤੇ 26 ਨਵੰਬਰ ਨੂੰ ਪੋਲਿੰਗ ਬੂਥਾਂ ਤੇ ਕਲੇਮ/ਇਦਰਾਜ ਪ੍ਰਾਪਤ ਕਰਨਗੇ

5 Dariya News

ਫਿਰੋਜ਼ਪੁਰ 14-Nov-2017

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 01 ਜਨਵਰੀ 2018 ਦੇ ਆਧਾਰ ਤੇ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਮਿਤੀ 15 ਨਵੰਬਰ 2017 ਤੋਂ ਸ਼ੁਰੂ ਹੋ ਕੇ 14 ਦਸੰਬਰ 2017 ਤੱਕ ਚੱਲੇਗਾ। ਭਾਰਤ ਦੇ ਚੋਣ ਕਮਿਸ਼ਨ ਦੇ ਪ੍ਰੋਗਰਾਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਅਨੁਸਾਰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਅਲਾਟ ਪੋਲਿੰਗ ਸਟੇਸ਼ਨਾਂ ਤੇ ਮਿਤੀ 19 ਨਵੰਬਰ ਅਤੇ 26 ਨਵੰਬਰ 2017 ਨੂੰ ਬੈਠ ਕੇ ਆਮ ਜਨਤਾ ਅਤੇ ਵੋਟਰਾਂ ਪਾਸੋਂ ਕਲੇਮ/ਇਤਰਾਜ ਪ੍ਰਾਪਤ ਕੀਤੇ ਜਾਣੇ ਹਨ। ਸਮੂਹ ਬੀ.ਐਲ.ਓਜ਼ ਮਿਤੀ 15 ਨਵੰਬਰ ਤੋਂ 30 ਨਵੰਬਰ 2017 ਤੱਕ ਘਰ-ਘਰ ਜਾ ਕੇ ਸਰਵੇ ਕਰਨਗੇ ਅਤੇ ਲੋੜ ਅਨੁਸਾਰ ਨਵੀਂ ਵੋਟ ਬਣਾਉਣ ਤੋਂ ਇਲਾਵਾ ਸੋਧ ਵੀ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ. ਵਿਨੀਤ ਕੁਮਾਰ ਆਈ.ਏ.ਐਸ. ਨੇ ਦਿੱਤੀ।  ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹੱਥ ਨਾਲ ਭਰੇ ਫਾਰਮ ਜਮ੍ਹਾਂ ਕਰਵਾਉਣ ਦੀ ਥਾਂ www.nvsp.in ਤੇ ਆਨ-ਲਾਈਨ ਫਾਰਮ ਭਰਨ ਨੂੰ ਪਹਿਲ ਦੇਣ, ਤਾਂ ਜੋ ਉਨ੍ਹਾਂ ਦੁਆਰਾ ਭਰੇ ਵੇਰਵੇ ਹੀ ਵੋਟਰ ਕਾਰਡ ਤੇ ਪ੍ਰਿੰਟ ਹੋਣ ਕਿਉਂਕਿ ਅਜਿਹਾ ਕਰਨ ਨਾਲ ਲੋਕਾਂ  ਨੂੰ ਗਲਤੀ ਰਹਿਤ ਵੋਟਰ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਮੂਹ ਵੋਟਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਵੋਟਰ ਹੁਣ ਤੱਕ ਇਸ ਪ੍ਰੋਗਰਾਮ ਦਾ ਲਾਭ ਨਹੀਂ ਉਠਾ ਸਕੇ ਉਹ ਹੁਣ ਵੀ ਨਵੀਂ ਵੋਟ ਬਣਾਉਣ ਲਈ ਫਾਰਮ-6, ਵੋਟ ਕੱਟਣ ਸਬੰਧੀ ਫਾਰਮ ਨੰਬਰ-7, ਵੋਟ ਦੇ ਸਰਵੇ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ-8 ਅਤੇ ਆਪਣੇ ਵਿਧਾਨ ਸਭਾ ਚੋਣ ਹਲਕੇ ਵਿੱਚ ਹੀ ਜੇਕਰ ਵੋਟਰ ਨੇ ਰਿਹਾਇਸ਼ ਬਦਲ ਲਈ ਹੈ ਤਾਂ ਨਵੀਂ ਥਾਂ ਤੇ ਆਪਣੀ ਪੁਰਾਣੀ ਵੋਟ ਸਿਫਟ ਕਰਨ ਲਈ ਫਾਰਮ ਨੰਬਰ 8-ਏ ਭਰਕੇ, ਆਪਣੇ ਦਾਅਵੇ/ਇਤਰਾਜ ਸਬੰਧਤ ਬੀ.ਐਲ.ਓ ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਪੇਸ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ 18 ਤੋਂ 19 ਸਾਲ ਦੇ ਨੌਜਵਾਨਾਂ ਨੇ ਜੇਕਰ ਆਪਣੀ ਵੋਟ ਨਹੀਂ ਬਣਾਈ ਹੈ ਤਾਂ ਉਹ ਵੀ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ-6 ਭਰ ਦੇਣ ਤਾਂ ਉਹ ਆਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜਬੂਤ ਕਰ ਸਕਣ।