ਸ਼ਰਮ ਦੀ ਗੱਲ ਹੈ ਕਿ ਇੱਕ ਨਸ਼ਾ ਤਸਕਰੀ ਦਾ ਦੋਸ਼ੀ ਕਾਂਗਰਸੀ ਵਿਧਾਇਕਾਂ ਨੂੰ ਆਪ 'ਚ ਆਉਣ ਦਾ ਸੱਦਾ ਦੇ ਰਿਹਾ ਹੈ : ਅਕਾਲੀ ਦਲ
ਕਿਹਾ ਕਿ ਕੇਜਰੀਵਾਲ ਦੱਸੇ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਦਬਾਅ ਥੱਲੇ ਕਿਉਂ ਹੈ
5 Dariya News
ਚੰਡੀਗੜ੍ਹ 09-Nov-2017
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਪਾਕਿਸਤਾਨੀ ਤਾਰਾਂ ਵਾਲੇ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਦਾ ਸਰਗਨਾ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਅਗਲੀ ਸਰਕਾਰ ਬਣਾਉਣ ਦਾਅਵਾ ਜਤਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਤੋਂ ਵੀ ਵੱਧ ਅਫਸੋਸਨਾਕ ਗੱਲ ਇਹ ਹੈ ਕਿ ਉਹ ਸੁਖਪਾਲ ਖਹਿਰਾ ਆਪਣੀ ਲੀਡਰਸ਼ਿਪ ਥੱਲੇ ਕਾਂਗਰਸੀ ਵਿਧਾਇਕਾਂ ਨੂੰ ਆਪ ਵਿਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਹੈ, ਜਿਸ ਦੀ ਪਾਰਟੀ ਦੇ ਵਿਧਾਇਕ ਦਲ ਦਾ ਵੱਡਾ ਹਿੱਸਾ ਉਸ ਕੋਲੋਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫੇ ਦੀ ਮੰਗ ਕਰ ਚੁੱਕਿਆ ਹੈ।ਸੁਖਪਾਲ ਖਹਿਰੇ ਦੇ ਨਵੇਂ ਹਥਕੰਡੇ ਨੂੰ ਉਸ ਖਿਲਾਫ ਲੱਗੇ ਗੰਭੀਰ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਘਟੀਆ ਕੋਸ਼ਿਸ਼ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਖਹਿਰਾ ਨੂੰ ਪੁੱਛਿਆ ਕਿ ਉਹ ਦੱਸੇ ਕਿ ਆਪ ਵਿਚ ਹੋਈ ਬਗਾਵਤ ਮਗਰੋਂ ਉਸ ਨੇ ਹਾਈਕਮਾਂਡ ਦੀ ਬਾਂਹ ਮਰੋੜ ਕੇ ਪੰਜਾਬ ਵਿਚ ਆਪ ਦੇ ਵਿਧਾਇਕਾਂ ਦਾ ਜਬਰਦਸਤੀ ਸਮਰਥਨ ਕਿਉਂ ਲਿਆ। ਉਹਨਾਂ ਕਿਹਾ ਕਿ ਆਪ ਹਾਈਕਮਾਂਡ ਨੇ ਪਾਰਟੀ ਦੀ ਪੰਜਾਬ ਇਕਾਈ ਵਿਚ ਫੁੱਟ ਪੈਣ ਤੋਂ ਟਾਲ ਦਿੱਤੀ ਹੈ। ਪਰ ਅਜੇ ਵੀ ਕੁੱਝ ਵਿਧਾਇਕ ਖਹਿਰਾ ਦੇ ਵਿਰੁੱਧ ਹਨ ਅਤੇ ਉਹਨਾਂ ਨੇ ਖਹਿਰਾ ਦਾ ਸਮਰਥਨ ਜਤਾਉਣ ਲਈ ਰੱਖੀ ਮੀਟਿੰਗ ਵਿਚ ਵੀ ਭਾਗ ਨਹੀਂ ਲਿਆ।
ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਖਹਿਰਾ ਨੇ ਆਪ ਹਾਈਕਮਾਂਡ ਨੂੰ ਆਪਣੇ ਕੰਟਰੋਲ ਵਿਚ ਕਰ ਰੱਖਿਆ ਹੈ। ਅਕਾਲੀ ਦਲ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਮੁੱਦੇ ਉੱਤੇ ਆਪਣਾ ਸਟੈਡ ਸਪੱਸ਼ਟ ਕਰਨ ਲਈ ਆਖਿਆ ਹੈ। ਪਰ ਉਸ ਵੱਲੋਂ ਅਜਿਹਾ ਕਰਨ ਤੋਂ ਕੀਤਾ ਇਨਕਾਰ ਇਹੋ ਸੰਕੇਤ ਦਿੰਦਾ ਹੈ ਕਿ ਖਹਿਰਾ ਨੇ ਉਸ ਨਾਲ ਸੌਦੇਬਾਜ਼ੀ ਕੀਤੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਵੱਲੋਂ ਖਹਿਰਾ ਨੂੰ ਬਚਾਉਣ ਦਾ ਹੋਰ ਕਾਰਣ ਨਹੀਂ ਦਿਸਦਾ। ਸਾਫ ਹੈ ਕਿ ਕੇਜਰੀਵਾਲ ਡਰਦਾ ਹੈ ਕਿ ਨਸ਼ਾ ਤਸਕਰੀ ਦੇ ਪੈਸੇ ਦਾ ਲਾਭ ਲੈਣ ਵਾਲਿਆਂ ਵਿਚ ਉਸ ਦੇ ਨਾਂ ਦਾ ਵੀ ਖੁਲਾਸਾ ਹੋ ਸਕਦਾ ਹੈ, ਕਿਉਂਕਿ ਇਹ ਪੈਸਾ ਉਸ ਨੂੰ ਚੋਣ ਫੰਡ ਵਜੋਂ ਦਿੱਤਾ ਵਿਖਾਇਆ ਗਿਆ ਹੈ।ਖਹਿਰਾ ਨੂੰ ਇਹ ਕਹਿੰਦਿਆਂ ਕਿ ਉਹ ਪਹਿਲਾਂ ਆਪ ਦੇ ਵਿਧਾਇਕ ਦਲ ਦਾ ਸਮਰਥਨ ਹਾਸਿਲ ਕਰਨਾ ਸਿੱਖ ਲਵੇ, ਸਰਦਾਰ ਗਰੇਵਾਲ ਅਤੇ ਸਰਦਾਰ ਮਲੂਕਾ ਨੇ ਕਿਹਾ ਕਿ ਅਜਿਹੇ ਹਥਕੰਡਿਆਂ ਨਾਲ ਉਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਤੁਹਾਨੂੰ ਅਜਿਹੇ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿਚ ਬਤੌਰ ਦੋਸ਼ੀ ਬੁਲਾਇਆ ਗਿਆ ਹੈ, ਜਿਸ ਦੇ ਸਹਿ-ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਤੁਹਾਨੂੰ ਵੀ ਖੁਦ ਨੂੰ ਅਦਾਲਤ ਅੱਗੇ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਸਕੇ , ਨਾ ਕਿ ਆਪਣੇ ਵਿਰੋਧੀਆਂ ਨੂੰ ਬੁਰਾ ਭਲਾ ਕਹਿ ਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।