5 Dariya News

ਪੰਜਾਬ ਵਿਚ ਨਸ਼ਿਆਂ ਦੀ ਤਰਜਮਾਨ ਬਣੀ 'ਆਪ': ਅਕਾਲੀ ਦਲ

ਕੇਜਰੀਵਾਲ ਨੂੰ ਕਿਹਾ ਕਿ ਸੁਖਪਾਲ ਖਹਿਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵਾਂਝਾ ਕੀਤਾ ਜਾਵੇ

5 Dariya News

ਚੰਡੀਗੜ੍ਹ 01-Nov-2017

ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਹੈ ਕਿ ਇੱਕ ਨਿਆਂਇਕ ਕੋਰਟ ਵੱਲੋਂ ਪਾਕਿਸਤਾਨੀ ਤੋਂ ਆਈ ਨਸ਼ੇ ਦੀ ਇੱਕ ਵੱਡੀ ਖੇਪ ਫੜੇ ਜਾਣ ਦੇ ਮਾਮਲੇ ਵਿਚ ਆਪ ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਨੂੰ ਸੰਮਨ ਜਾਰੀ ਕੀਤੇ ਜਾਣ ਮਗਰੋਂ ਪੰਜਾਬ ਵਿਚ 'ਆਪ' ਨਸ਼ਿਆਂ ਦੀ ਤਰਜਮਾਨ ਬਣ ਚੁੱਕੀ ਹੈ। ਪਾਰਟੀ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਕੀ ਉਹ ਆਪਣੇ ਕਥਨੀ ਉੱਤੇ ਕਾਇਮ ਰਹੇਗਾ ਅਤੇ ਖਹਿਰੇ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵਾਂਝਾ ਕਰੇਗਾ।ਇੱਥੇ ਸੀਨੀਅਰ ਆਗੂਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਤੋਂ ਮੁਆਫੀ ਵੀ ਮੰਗਣੀ ਚਾਹੀਦੀ ਹੈ ਕਿ ਉਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਸੁਖਪਾਲ ਖਹਿਰੇ ਦਾ ਨਾਂ ਬੋਲਦਾ ਹੋਣ ਦੇ ਬਾਵਜੂਦ ਉਸ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਸ਼ਿਆਂ ਦੇ ਮੁੱਦੇ ਉੱਤੇ ਹੁਣ ਉਸ ਦਾ ਕੀ ਸਟੈਂਡ ਹੈ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੇ ਇਸ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਸੀ।ਇਹ ਕਹਿੰਦਿਆਂ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦਾ ਪਹਿਲਾ ਇਕਲੌਤਾ ਆਗੂ ਹੈ , ਜਿਸ ਨੇ ਸਰਹੱਦ ਪਾਰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਇੱਕ ਨਿਆਂਇਕ ਅਦਾਲਤ ਵੱਲੋਂ ਸੰਮਨ ਪ੍ਰਾਪਤ ਕਰਨ ਦੀ ਬਦਨਾਮੀ ਖੱਟੀ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਨਸ਼ਾ ਤਸਕਰ ਗੁਰਦੇਵ ਸਿੰਘ ਅਤੇ ਸੁਖਪਾਲ ਖਹਿਰਾ ਵਿਚਕਾਰ ਹੋਈਆਂ 77 ਫੋਨ ਕਾਲਾਂ ਤੋਂ ਉਸ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਸਾਫ ਝਲਕਦੀ ਹੈ। ਗੁਰਦੇਵ ਸਿੰਘ ਨੂੰ ਖਹਿਰੇ ਨੇ ਹੀ ਢਿੱਲਵਾਂ ਮਾਰਕੀਟ ਕਮੇਟੀ ਦਾ ਪ੍ਰਧਾਨ ਵੀ ਨਾਮਜ਼ਦ ਕੀਤਾ ਸੀ। ਨਸ਼ਾ ਤਸਕਰੀ ਦੇ ਇਸ ਮਾਮਲੇ ਵਿਚ ਗੁਰਦੇਵ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬੀਬੀ ਜਾਗੀਰ ਕੌਰ ਸਮੇਤ ਅਕਾਲੀ ਦਲ ਦੇ ਆਗੂਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਅਦਾਲਤੀ ਰਿਕਾਰਡ ਵਿਚ ਖਹਿਰੇ ਦੇ ਮੁੱਖ ਦੋਸ਼ੀ ਦਾ ਨੇੜਲੇ ਸੰਬੰਧਾਂ ਬਾਰੇ ਸਾਹਮਣੇ ਆਏ ਤਾਜ਼ਾ ਸਬੂਤ ਮਗਰੋਂ ਉਹ ਤੁਰੰਤ ਉਸ ਦੀ ਗਿਰਫਤਾਰੀ ਦਾ ਹੁਕਮ ਦੇਣ। ਪਾਕਿਸਤਾਨ ਤੋਂ ਨਸ਼ਿਆਂ, ਹਥਿਆਰਾਂ ਅਤੇ ਕਰੰਸੀ ਦੀ ਹੋ ਰਹੀ ਤਸਕਰੀ ਵਿਚ ਵੀ ਖਹਿਰੇ ਦੀ ਭੂਮਿਕਾ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਤੋਂ ਇਲਾਵਾ ਅਕਾਲੀ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਕੇਸ ਵਿਚ ਦੇਸ਼-ਧਰੋਹ ਦਆਿਂ ਧਾਰਵਾਂ ਨੂੰ ਵੀ ਜੋੜਿਆ ਜਾਵੇ।ਅਕਾਲੀ ਦਲ ਨੇ ਖਹਿਰਾ ਨੂੰ ਮਾਣਯੋਗ ਅਦਾਲਤਾਂ ਉੱਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਵਾਸਤੇ ਝਾੜ ਪਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਅਤੇ ਬੇਲੋੜੀ ਹਰਕਤ ਹੈ। ਉਹਨਾਂ ਕਿਹਾ ਕਿ ਜਿਸ ਕੇਸ ਵਿਚ ਸਬੂਤਾਂ ਦੀ ਬਾਰੀਕੀ ਨਾਲ ਪੁਣਛਾਣ ਕਰਕੇ ਇੱਕ ਨਿਆਂਇਕ ਪ੍ਰਕਿਰਿਆ ਰਾਹੀਂ ਤੁਹਾਨੂੰ ਦੋਸ਼ੀ ਬਣਾਇਆ ਗਿਆ ਹੈ,ਅਜਿਹੇ ਕੇਸ ਤੋਂ ਤੁਸੀਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਇਹ ਹਰਕਤ ਫੜੇ ਜਾਣ ਮਗਰੋਂ ਤੁਹਾਡੀ ਨਿਰਾਸ਼ਾ ਨੂੰ ਦਰਸਾਉਂਦੀ ਹੈ।