5 Dariya News

ਇਕ ਕਿਲੋਮੀਟਰ ਦੇ ਘੇਰੇ ਅੰਦਰ ਵਾਲੇ ਸਕੂਲ ਵਿੱਚ ਹੀ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਕੀਤਾ ਜਾ ਰਿਹਾ ਹੈ ਮਰਜ਼

ਸਿੱਖਿਆ ਵਿਭਾਗ ਵੱਲੋਂ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਤੇ ਸਟਾਫ਼ ਦੀਆਂ ਸੇਵਾਵਾਂ ਲੋੜਵੰਦ ਥਾਂ ਉਤੇ ਲੈਣ ਦੀ ਕਵਾਇਦ

5 Dariya News

ਚੰਡੀਗੜ੍ਹ 21-Oct-2017

ਸਰਕਾਰੀ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਅਤੇ ਮੌਜੂਦਾ ਸਟਾਫ਼ ਦੀਆਂ ਸੇਵਾਵਾਂ ਸੁਚੱਜੇ ਅਤੇ ਲੋੜਵੰਦ ਥਾਂ ਉਤੇ ਲੈਣ ਦੇ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਇਕ ਕਿੱਲੋਮੀਟਰ ਘੇਰੇ ਅੰਦਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਵਿਭਾਗ ਦੇ ਇਸ ਫ਼ੈਸਲੇ ਨਾਲ ਮਰਜ਼ ਕੀਤੇ ਜਾਣ ਵਾਲੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਸੇਵਾਵਾਂ ਲੋੜਵੰਦ ਥਾਂਵਾਂ ਉਤੇ ਤਾਇਨਾਤ ਕੀਤਾ ਜਾ ਸਕੇਗਾ।ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਤੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਦਾ ਪੱਧਰ ਹੋਰ ਉੱਚਾ ਚੁੱਕਣ ਅਤੇ ਪ੍ਰਾਇਮਰੀ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਹੀ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ ਅਤੇ 400 ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਆਪਸ਼ਨਲ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੁਧਾਰਾਂ ਦੀ ਇਸੇ ਲੜੀ ਤਹਿਤ ਹੁਣ ਸਿਰਫ ਅਜਿਹੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੈ। 

ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ ਉਸੇ ਸਕੂਲ ਨੂੰ ਨੇੜਲੇ ਸਕੂਲ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਹੜਾ ਸਕੂਲ ਦੂਜੇ ਸਕੂਲ ਦੇ ਇਕ ਕਿੱਲੋਮੀਟਰ ਦੇ ਘੇਰੇ ਅੰਦਰ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਸਕੂਲ ਤੋਂ ਦੂਜਾ ਸਕੂਲ ਇਕ ਕਿੱਲੋਮੀਟਰ ਤੋਂ ਵੱਧ ਦੂਰੀ ਉਤੇ ਹੈ, ਉਸ ਨੂੰ ਮਰਜ਼ ਨਹੀਂ ਕੀਤਾ ਜਾਵੇਗਾ, ਚਾਹੇ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੋਵੇ।ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਰਿਹਾਇਸ਼ ਤੋਂ ਇਕ ਕਿੱਲੋਮੀਟਰ ਤੋਂ ਵੱਧ ਦੂਰੀ ਉਤੇ ਪੜ੍ਹਨ ਨਹੀਂ ਜਾਣਾ ਪੈਣਾ। ਵਿਦਿਆਰਥੀਆਂ ਦੀ ਸੁਵਿਧਾ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਰਜ਼ ਕੀਤੇ ਜਾਣ ਵਾਲੇ ਕਈ ਸਕੂਲ ਤਾਂ ਦੂਜੇ ਸਕੂਲ ਦੇ ਨਾਲ ਹੀ ਪੈਂਦੇ ਹਨ ਅਤੇ ਕਈ ਥਾਂ ਤਾਂ ਦੋਵੇਂ ਸਕੂਲਾਂ ਦੀ ਦੀਵਾਰ ਵੀ ਸਾਂਝੀ ਹੈ।ਸਰਕਾਰੀ ਬੁਲਾਰੇ ਨੇ ਅਗਾਂਹ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਜ਼ ਕੀਤੇ ਜਾਣ ਵਾਲੇ 47 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਿਰਫ 5 ਜਾਂ ਇਸ ਤੋਂ ਘੱਟ ਹੈ ਅਤੇ ਇਨ੍ਹਾਂ ਵਿੱਚੋਂ 15 ਸਕੂਲਾਂ ਵਿੱਚ ਤਾਂ ਵਿਦਿਆਰਥੀਆਂ ਦੀ ਗਿਣਤੀ 3 ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਮਰਜ਼ ਕਰਨ ਦਾ ਫੈਸਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਹੈ ਅਤੇ ਇਸ ਨਾਲ ਸਕੂਲਾਂ ਵਿੱਚ ਬਿਹਤਰ ਵਿੱਦਿਅਕ ਮਾਹੌਲ ਸਿਰਜਿਆ ਜਾਵੇਗਾ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਰਜ਼ ਕੀਤੇ ਜਾਣ ਵਾਲੇ ਸਕੂਲਾਂ ਦੇ ਅਿਧਆਪਕਾਂ ਨੂੰ ਨਿਰਪੱਖਤਾ ਅਤੇ ਸੀਨੀਅਰਤਾ ਅਨੁਸਾਰ ਉਸੇ ਸਬੰਧਤ ਜਿਲੇ ਦੇ ਅੰਦਰ ਲੋੜਵੰਦ ਖਾਲ਼ੀ ਥਾਂ ਵਾਲੇ ਸਕੂਲ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ।