5 Dariya News

ਕੌਮ ਦੇ ਰੌਸ਼ਨ ਭਵਿੱਖ ਲਈ ਸਿੱਖੀ ਸਿਧਾਂਤਾਂ 'ਤੇ ਮਜ਼ਬੂਤੀ ਨਾਲ ਪਹਿਰਾ ਦੇਣ ਦੀ ਲੋੜ : ਸੰਤ ਹਰਨਾਮ ਸਿੰਘ ਖ਼ਾਲਸਾ

ਬੰਦੀ ਛੋੜ ਦਿਹਾੜੇ 'ਤੇ ਦਰਸ਼ਨੀ ਡਿਉੜੀ ਤੋਂ ਸੰਗਤਾਂ ਨੂੰ ਸੰਬੋਧਨ ਉਪਰੰਤ ਪ੍ਰੇਸ ਨਾਲ ਕੀਤੀ ਗੱਲਬਾਤ

5 Dariya News (ਕੁਲਜੀਤ ਸਿੰਘ)

ਅੰਮ੍ਰਿਤਸਰ 20-Oct-2017

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੌਮ ਦੇ ਰੌਸ਼ਨ ਭਵਿੱਖ ਲਈ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਇੱਕ ਮੁੱਠ ਇੱਕ ਜੁਟ ਹੋ ਕੇ ਕੌਮੀ ਸਿਧਾਂਤਾਂ 'ਤੇ ਮਜ਼ਬੂਤੀ ਨਾਲ ਪਹਿਰਾ ਦਿੰਦੇ ਰਹਿਣ ਦਾ ਸੱਦਾ ਦਿੱਤਾ ਹੈ। ਬੰਦੀ ਛੋੜ ਦਿਹਾੜੇ 'ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆ ਦੇ ਕੋਨੇ ਕੋਨੇ 'ਚ ਖ਼ਾਲਸਾ ਪੰਥ ਆਪਣੀ ਵਿਲੱਖਣ ਹਸਤੀ ਅਤੇ ਨਿਆਰੇਪਣ ਦੀ ਰਾਖੀ ਲਈ ਅੱਜ ਵੀ ਹਰ ਤਰਾਂ ਯਤਨਸ਼ੀਲ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਾਬਤ ਸੂਰਤ ਰੱਖਣ, ਬਾਣੀ ਬਾਣੇ ਦੇ ਧਾਰਨੀ ਤੇ ਅੰਮ੍ਰਿਤਧਾਰੀ ਬਣਾਉਣ ਲਈ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਭਲੇ ਹੀ ਕਾਰਜਸ਼ੀਲ ਹਨ ਪਰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਹੋਰ ਤਕੜਿਆਂ ਹੋਣ ਅਤੇ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਇੱਕ ਜੁਟ ਹੋਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੀਪ ਮਾਲਾ ਅਤੇ ਵਿਸਾਖੀ ਦੇ ਮਹਾਨ ਦਿਹਾੜਿਆਂ ਦੇ ਜੋੜ ਮੇਲਿਆਂ ਮੌਕੇ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਸ਼ਰਧਾ ਨਾਲ ਜੁੜ ਬੈਠਦੀਆਂ ਹਨ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਦਰਪੇਸ਼ ਮਸਲਿਆਂ ਪ੍ਰਤੀ ਕੌਮ ਨੂੰ ਸੁਚੇਤ ਕਰਦਿਆਂ ਨਿਰਨਾਇਕ ਫੈਸਲੇ ਲਿਆ ਕਰਦੀਆਂ ਸਨ।ਜਿਸ ਦੀ ਮਹੱਤਤਾ ਅੱਜ ਵੀ ਕਾਇਮ ਹੈ।ਉਹਨਾਂ ਕਿਹਾ ਕਿ ਦੇਸ਼ ਵਿਦੇਸ਼ 'ਚ ਸਿੱਖ ਭਾਈਚਾਰੇ ਨੂੰ ਕਈ ਸਮੱਸਿਆਵਾਂ ਦਰਪੇਸ਼ ਹਨ, ਜਿਨ੍ਹਾਂ ਦੀ ਨਿਵਿਰਤੀ ਲਈ ਸਮੁੱਚੀ ਕੌਮ ਨੂੰ ਗੁਰਮਤਿ ਆਸ਼ੇ ਅਤੇ ਸਿੱਖੀ ਪਰੰਪਰਾਵਾਂ ਅਨੁਸਾਰ ਨਿਰਣੇ ਲੈਣ ਅਤੇ ਕਾਰਜ ਕਰਨ ਦੀ ਲੋੜ ਹੈ। 

ਇਸ ਮੌਕੇ ਪਵਿੱਤਰ ਦਰਸ਼ਨੀ ਡਿਉੜੀ ਤੋਂ ਸੰਬੋਧਨ ਕਰਦਿਆਂ ਉਹਨਾਂ ਦੀਵਾਲੀ ਮੌਕੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਅੰਮ੍ਰਿਤ ਸਰੋਵਰ ਦੀ ਮਹਿਮਾ ਅਤੇ ਬਰਕਤਾਂ ਬਾਰੇ ਜਾਣੂ ਕਰਾਇਆ। ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਬਾਰੇ ਰੌਸ਼ਨੀ ਪਾਉਂਦਿਆਂ ਉਹਨਾਂ ਕਿਹਾ ਕਿ ਦੀਨ ਦੁਨੀ ਦੀ ਰੱਖਿਆ ਕਰਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾਈ ਦੌਰਾਨ 52 ਰਾਜਿਆਂ ਨੂੰ ਛੁਡਵਾ ਕੇ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖੁਸ਼ੀ 'ਚ ਬਾਬਾ ਬੁੱਢਾ ਜੀ ਨੇ ਦੇਸੀ ਘਿਓ ਦੇ ਦੀਪ ਜਗਾਏ ਸਨ, ਉਹਨਾਂ ਕਿਹਾ ਕਿ ਸਿੱਖ ਕੌਮ ਦਾ ਦੀਵਾ ਜਗਦਾ ਰੱਖਣ ਲਈ ਸਾਡੇ ਮਹਾਨ ਸੂਰਬੀਰ ਯੋਧਿਆਂ ਨੇ ਘਿਉ ਦੀ ਥਾਂ ਆਪਣਾ ਰੱਤ ਪਾ ਕੇ ਅਤੇ ਖੂਨ ਵਹਾ ਕੇ ਕੌਮੀ ਹੋਂਦ ਅਤੇ ਕੌਮ ਦੀ ਵਿਲੱਖਣਤਾ ਨੂੰ ਪੂਰੀ ਦੁਨੀਆ ਵਿੱਚ ਪ੍ਰਚੰਡ ਬਣਾਈ ਰੱਖਿਆ। ਉਪਰੰਤ ਦਮਦਮੀ ਟਕਸਾਲ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਦਮਦਮੀ ਟਕਸਾਲ ਦੇ ਮੁਖੀ ਨੂੰ ਸਿੰਘ ਸਾਹਿਬਾਨ ਵੱਲੋਂ ਸਿਰੋਪਾਉ ਬਖਸ਼ਿਸ਼ ਕੀਤਾ ਗਿਆ। ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਅਜੀਤ ਸਿੰਘ, ਗਿਆਨੀ ਜੀਵਾ ਸਿੰਘ, ਗਿਆਨੀ ਹਰਦੀਪ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਬਲਵਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਜਥੇ ਦੇ ਬਹੁਤ ਸਾਰੇ ਸਿੰਘ ਮੌਜੂਦ ਸਨ।