5 Dariya News

ਪੰਜਾਬ ਸਰਕਾਰ ਵਲੋਂ ਡੇਂਗੂ ਦੀ ਰੋਕਥਾਮ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਆਈ. ਐਮ.ਏ. ਅਤੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਡੇਂਗੂ ਦੇ ਮਾਮਲਿਆਂ ਦੀ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਦੇਣ ਦੇ ਨਿਰਦੇਸ਼

5 Dariya News

ਚੰਡੀਗੜ੍ਹ 20-Oct-2017

ਸਿਹਤ ਵਿਭਾਗ ਪੰਜਾਬ ਨੇ ਅੱਜ ਡੇਂਗੂ ਅਤੇ ਚਿਕਨਗੁਨੀਆ ਦੇ ਵੱਧ ਰਹੇ ਪ੍ਰਭਾਵ ਅਤੇ ਇਸ ਦੇ ਵਾਇਰਸ ਨੂੰ ਪਹਿਲੇ ਪੜਾਅ ਵਿਚ ਹੀ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਅਨੁਸਾਰ ਸਰਕਾਰੀ ਅਤੇ ਨਿਜ਼ੀ ਤੌਰ ਤੇ ਪ੍ਰੈਕਟਿਸ ਕਰ ਰਹੇ ਡਾਕਟਰ, ਡੇਂਗੂ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਦੇਣਾ ਯਕੀਨੀ ਬਣਾਉਣਗੇ ਤਾਂ ਜੋ ਉਸਦੀ ਰੋਕਥਾਮ ਤੇ ਇਸਦੇ ਇਲਾਜ਼ ਲਈ ਪੁਖਤਾ ਕਦਮ ਚੁੱਕੇ ਜਾ ਸਕਣ।ਇਸ ਗੱਲ ਜਾਣਕਾਰੀ ਦਿੰਦਿਆਂ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ ਨੇ ਦੱਸਿਆ ਕਿ ਇਹ ਦਿਸ਼ਾ ਨਿਰਦੇਸ਼ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮੋਹਿੰਦਰਾ ਜੀ ਦੇ ਆਦੇਸ਼ਾ ਅਨੁਸਾਰ ਜਾਰੀ ਕੀਤੇ ਗਏ ਹਨ। ਇਹਨਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ. ਐਮ.ਏ., ਪੰਜਾਬ ਅਤੇ ਸੂਬੇ ਦੇ ਸਾਰੇ ਨਿਜ਼ੀ ਹਸਪਤਾਲਾਂ ਲਈ ਡੇਂਗੂ ਅਤੇ ਚਿਕਨਗੁਨੀਆ ਦੀ ਹਰੇਕ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਭੇਜਣੀ ਲਾਜ਼ਮੀ ਹੈ। ਜਿਸ ਨਾਲ ਸੂਬੇ ਦੇ ਕਿਸੇ ਵੀ ਖੇਤਰ ਵਿਚ ਪੈਦਾ ਹੋਣ ਵਾਲੇ ਡੇਂਗੂ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ ਅਤੇ ਇਸ ਦੇ ਵਧ ਰਹੇ ਪ੍ਰਭਾਵ ਤੇ ਕਾਬੂ ਪਾਇਆ ਜਾ ਸਕੇ।ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਟੈਸਟ ਪ੍ਰਕ੍ਰਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸ੍ਰੀ ਰਾਜੀਵ ਭੱਲਾ ਨੇ ਕਿਹਾ ਕਿ  ਆਰ.ਡੀ.ਕੇ. (ਰੈਪਿਡ ਡਾਇਗਨੌਸਟਿਕ ਕਿਟਸ) ਦੁਆਰਾ ਕੀਤੇ ਡੇਂਗੂ ਦੇ ਕੀਤੇ ਟੈਸਟ ਸਹੀ ਨਹੀਂ ਐਲਾਨੇ ਜਾਣਗੇ  ਕਿਉਂਕਿ ਇਹ ਇਕ ਸਿਫ਼ਾਰਸ਼ਯੋਗ ਟੈਸਟ ਨਹੀਂ ਹੈ। ਸਾਰੇ ਨਮੂਨੇ ਅਲਾਈਜ਼ਾ ਟੈਸਟ ਲਈ ਜ਼ਿਲ੍ਹਾ ਹਸਪਤਾਲਾਂ ਵਿਚ ਭੇਜੇ ਜਾਣੇ ਚਾਹੀਦੇ ਹਨ।ਉਨ੍ਹਾਂ  ਦੱਸਿਆ ਕਿ ਪ੍ਰਾਈਵੇਟ ਹਸਪਤਾਲ www.punjabnvbdcp.in  'ਤੇ ਲਾਗ ਇਨ ਕਰ ਸਕਦੇ ਹਨ ਅਤੇ ਆਪਣੇ ਡੇਂਗੂ ਦੇ ਕੇਸਾਂ ਦੀ ਜਾਣਕਾਰੀ ਆਨ ਲਾਈਨ ਭੇਜ ਸਕਦੇ ਹਨ ਅਤੇ ਮਰੀਜ਼ਾਂ ਦਾ ਇਲਾਜ਼ www.punjabnvbdcp.in  'ਤੇ ਦਿੱਤੀਆਂ ਸਰਕਾਰੀ ਹਦਾਇਤਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਮਰੀਜ਼ ਨੂੰ ਖ਼ੂਨ ਨਹੀਂ ਆ ਰਿਹਾ ਹੈ ਜਾਂ ਪਲੇਟਲੈਟਸ 20,000, ਤੋਂ ਘੱਟ ਨਹੀਂ ਹਨ ਤਾਂ ਉਸਨੂੰ ਪਲੇਟਲੈਟਸ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ ਪਰ ਇਹ ਪੜਤਾਲ ਜ਼ਰੂਰ ਕੀਤੀ ਜਾਵੇਗੀ ਕਿ ਉਸਦੇ ਸ਼ਰੀਰ ਤੇ ਕੋਈ ਲਾਲ ਨਿਸ਼ਾਨ ਤਾਂ ਨਹੀ ਅਤੇ ਉਹ ਵਧ ਤਾਂ ਨਹੀ ਰਹੇ। ਉਨ੍ਹਾਂ ਕਿਹਾ ਕਿ ਡੇਂਗੂ ਇੱਕ ਸੂਚਿਤ ਬਿਮਾਰੀ ਹੈ ਅਤੇ ਡੇਂਗੂ ਅਤੇ ਚਿਕਨਗੁਨੀਆ ਨਾਲ ਸਬੰਧਤ ਹਰੇਕ ਰਿਪੋਰਟ ਨੂੰ ਤੁਰੰਤ ਸਿਹਤ ਵਿਭਾਗ ਨੂੰ ਦੇਣਾ ਹਰੇਕ ਹਸਪਤਾਲ ਅਤੇ ਲੈਬ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਐਪ "ਡੇਂਗੂ ਫ੍ਰੀ ਪੰਜਾਬ" ਨੂੰ ਮੁਕਤ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।