5 Dariya News

ਵਿਜੀਲੈਂਸ ਵਲੋਂ ਪੰਚਾਇਤ ਸੰਮਤੀ ਦਾ ਸੁਪਰਡੰਟ ਰਿਸ਼ਵਤ ਲੈਂਦਾ ਕਾਬੂ

5 Dariya News

ਚੰਡੀਗੜ੍ਹ 20-Oct-2017

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਪੰਚਾਇਤ ਸੰਮਤੀ ਅਨਦਾਣਾ ਐਟ ਮੁਣਕ, ਸੰਗਰੂਰ ਵਿਖੇ ਤਾਇਨਾਤ ਸੁਪਰਡੰਟ ਬਲਵਾਨ ਗਾਗਟ ਨੂੰ 41000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਪਰਡੰਟ ਨੂੰ ਸ਼ਿਕਾਇਤਕਰਤਾ ਸਮਨਦੀਪ ਸਿੰਘ ਦੀ ਸ਼ਿਕਾਇਤ 'ਤੇ 41000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਕੰਪਿਊਟਰ ਆਪ੍ਰੇਟਰ ਸਮਨਦੀਪ ਸਿੰਘ ਅਤੇ ਸੇਵਾਦਾਰ ਜੈਵੀਰ, ਜੋ ਕਿ ਠੇਕੇ ਦੇ ਅਧਾਰ ਤੇ ਉਕਤ ਪੰਚਾਇਤ ਸੰਮਤੀ ਦੇ ਦਫਤਰ ਵਿਖੇ ਨੌਕਰੀ ਕਰ ਰਹੇ ਸਨ, ਜਿਨ੍ਹਾਂ ਨੂੰ ਡੀ.ਸੀ. ਰੇਟਾਂ ਤੇ ਪੱਕੇ ਹੋਣ ਸਬੰਧੀ ਪੱਤਰ ਦੇਣ ਬਦਲੇ ਉਕਤ ਸੁਪਰਡੰਟ ਵਲੋਂ 94,000/- ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ। ਜਿਸ ਵਿਚੋਂ ਸ਼ਿਕਾਇਤਕਰਤਾ ਵਲੋਂ 53000/- ਰੁਪਏ ਪਹਿਲੀ ਕਿਸ਼ਤ ਵਜੋਂ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸੁਪਰਡੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਬਕਾਇਆ ਰਹਿੰਦੀ ਰਕਮ 41,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ  ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ  ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।