5 Dariya News

ਪੰਜਾਬ ਸਰਕਾਰ ਵੱਲੋਂ ਜੂਨੀਅਰ ਇੰਜੀਨੀਅਰਾਂ ਨੂੰ ਦੀਵਾਲੀ ਤੋਹਫਾ-ਰਾਣਾ ਗੁਰਜੀਤ ਸਿੰਘ ਨੇ 254 ਇੰਜੀਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੋਣਾਂ ਵਿਚ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਬਚਬੱਧ

5 Dariya News

ਚੰਡੀਗੜ੍ਹ 17-Oct-2017

ਪੰਜਾਬ ਸਰਕਾਰ ਨੇ ਅੱਜ ਸਿੰਚਾਈ ਵਿਭਾਗ ਦੇ 254 ਜੂਨੀਅਰ ਇੰਜੀਨੀਅਰਾਂ ਨੂੰ ਦੀਵਾਲੀ ਦੇ ਤੋਹਫੇ ਵੱਜੋਂ ਨਿਯੁਕਤੀ ਪੱਤਰ ਸੌਂਪੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ 254 ਜੂਨੀਅਰ ਇੰਜੀਨੀਅਰਾਂ ਨੂੰ ਕਾਹਲੀ ਵਿਚ ਇਸ ਲਈ ਨਿਯੁਕਤੀ ਪੱਤਰ ਦਿੱਤੇ ਗਏ ਕਿਉਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਦਿੱਤੀਆਂ ਸਨ ਕਿ ਇਨ੍ਹਾਂ ਨੌਜਵਾਨਾਂ ਦੀ ਦੀਵਾਲੀ ਨੂੰ ਮੁਬਾਰਕ ਅਤੇ ਖੁਸ਼ਗਵਾਰ ਬਣਾਇਆਂ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਸਿੰਚਾਈ ਵਿਭਾਗ ਦੇ ਢਾਂਚਾਗਤ ਵਿਕਾਸ ਦੇ ਨਾਲ-ਨਾਲ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਭਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਨਵ ਨਿਯੁਕਤ ਜੂਨੀਅਰ ਇੰਜੀਨੀਅਰਾਂ ਨੂੰ ਵਧਾਈ ਦਿੰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਦਾ ਮੌਕਾ ਸੌਂਪ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਸਿੰਚਾਈ ਮੰਤਰੀ ਨੇ ਆਪਣੇ ਵਧਾਈ ਸੰਦੇਸ਼ ਵਿਚ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਸਿੰਚਾਈ ਵਿਭਾਗ ਵਿਚ ਹੋਈਆਂ ਇਨ੍ਹਾਂ ਨਿਯੁਕਤੀਆਂ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਅਤੇ ਵਿਭਾਗ ਦੀ ਕਾਮਯਾਬੀ ਲਈ ਉਨ੍ਹਾਂ ਨੌਜਵਾਨਾਂ ਨੂੰ ਡਿਊਟੀ ਪ੍ਰਤੀ ਸੁਚੇਤ ਰਹਿਣ ਦੀ ਪ੍ਰੇਰਣਾ ਵੀ ਦਿੱਤੀ।ਉਨ੍ਹਾਂ ਪੰਜਾਬ ਸਰਕਾਰ ਦਾ ਪ੍ਰਣ ਦੋਹਰਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੌਕੇ ਮੁਹੱਈਆਂ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ।