5 Dariya News

ਅਨੀਤਾ ਸ਼ਬਦੀਸ਼ ਨੇ ਮੋਹਾਲੀ ਵਿੱਚ ਖੋਲ੍ਹਿਆ ਸੁਚੇਤਕ ਸਕੂਲ ਆੱਫ ਐਕਟਿੰਗ

ਸਰਦਾਰ ਸੋਹੀ ਤੇ ਡਾ. ਆਤਮਜੀਤ ਨੇ ਕੀਤਾ ਉਦਘਾਟਨ

5 Dariya News

ਐਸ.ਏ.ਐਸ.ਨਗਰ 09-Oct-2017

ਪੰਜਾਬੀ ਥੀਏਟਰ, ਸਿਨੇਮਾ ਤੇ ਟੀ ਵੀ ਜਗਤ ਦੀ ਜਾਣੀ-ਪਛਾਣੀ ਹਸਤੀ ਅਨੀਤਾ ਸ਼ਬਦੀਸ਼ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਸ਼ਿਰਕਤ ਕਰਨ ਦੇ ਚਾਹਵਾਨ ਨੌਜਵਾਨਾਂ ਤੇ ਮੁਟਿਆਰਾਂ ਨੂੰ ਟਰੇਨਿੰਗ ਦੇਣ ਦੇ ਮਕਸਦ ਨਾਲ਼ ਸੁਚੇਤਕ ਸਕੂਲ ਆੱਫ ਐਕਟਿੰਗ ਦਾ ਆਗਾਜ਼ ਕੀਤਾ ਹੈ, ਜਿਸਦਾ ਉਦਘਾਟਨ ਪੰਜਾਬੀ ਫ਼ਿਲਮ ਜਗਤ ਦੇ ਜਾਣੇ-ਪਛਾਣੇ ਅਦਾਕਾਰ ਸਰਦਾਰ ਸੋਹੀ ਅਤੇ ਨਾਟਕਕਾਰ ਤੇ ਨਿਰਦੇਸ਼ਕ ਡਾ. ਆਤਮਜੀਤ ਨੇ ਕੀਤਾ। ਉਨ੍ਹਾਂ ਇਸ ਮੌਕੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅਸਾਂ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ, ਤਾਂ ਸਾਨੂੰ ਸੇਧ ਦੇਣ ਵਾਲਾ ਕੋਈ ਨਹੀਂ ਸੀ। ਅੱਜ ਦੇ ਨੌਜਵਾਨਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਨੀਤਾ ਸ਼ਬਦੀਸ਼ ਵਰਗੀ ਬਿਹਤਰੀਨ ਕਲਾਕਾਰ ਸੁਚੇਤਕ ਸਕੂਲ ਆੱਫ ਐਕਟਿੰਗ ਖੋਲ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਂ ਲੰਮਾ ਸਮਾਂ ਮੁੰਬਈ ਦੀ ਚਮਕਦੀ ਦੁਨੀਆਂ ਵਿੱਚ ਅਦਾਕਾਰ ਵਜੋਂ ਸਥਾਪਤ ਹੋਣ ਲਈ ਸੰਘਰਸ਼ ਕੀਤਾ ਹੈ। ਮੈਂ ਲੁਧਿਆਣਾ ਵਿੱਚ ਥੀਏਟਰ ਕਰਨ ਦੌਰਾਨ ਆਪਣੇ ਅੰਦਰਲੇ ਅਦਾਕਾਰੀ ਦੀ ਪਛਾਣ ਕਰ ਲਈ ਸੀ ਤੇ ਮੇਰਾ ਸੰਘਰਸ਼ ਦਰਸ਼ਕ ਵਰਗ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਦਾ ਸੀ। ਇਸ ਸਾਰੇ ਦੌਰ ਵਿੱਚ ਮੇਰੇ ਭਰੋਸੇ ਦੀ ਇੱਕੋ-ਇੱਕ ਵਜ੍ਹਾ ਰੰਗਮੰਚ ਜੁੜੇ ਹੋਣ ਦੀਆਂ ਯਾਦਾਂ ਸਨ। ਹੁਣ ਜਦੋਂ ਅਨੀਤਾ ਸ਼ਬਦੀਸ਼ ਨੇ ਸੁਚੇਤਕ ਸਕੂਲ ਆੱਫ ਐਕਟਿੰਗ ਖੋਲ੍ਹਣ ਦਾ ਤਹੱਈਆ ਕੀਤਾ ਹੈ, ਤਾਂ ਮੇਰੇ ਲਈ ਖ਼ੁਸ਼ੀ ਦਾ ਮੁਕਾਮ ਹੈ, ਕਿਉਂਕਿ ਇਸ ਨਾਲ਼ ਜੁੜਨ ਵਾਲ਼ੀ ਨਵੀਂ ਪੀੜ੍ਹੀ ਆਪਣੇ ਅੰਦਰ ਭਰੋਸੇ ਦੇ ਬੀਜ ਲੈ ਕੇ ਮਨੋਰੰਜਨ ਦੀ ਸਨਅਤ ਵਿੱਚ ਦਾਖਲਾ ਲਵੇਗੀ ਤੇ ਨਵੇਂ ਤਜ਼ਰਬੇ ਕਰਨ ਵਿੱਚ ਸਫ਼ਲ ਹੋਵੇਗੀ।

ਇਸ ਮੌਕੇ ਹਾਜ਼ਰ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਆਤਮਜੀਤ ਨੇ ਕਿਹਾ ਕਿ ਥੀਏਟਰ ਅਦਾਕਾਰ ਤਾਂ ਬਣਾਉਂਦਾ ਹੀ ਹੈ, ਅਦਾਕਾਰ ਨੂੰ ਜ਼ਿੰਦਗੀ ਜੀਣ ਦਾ ਵੱਲ ਵੀ ਸਿਖਾਉਂਦਾ ਹੈ। ਇਸ ਮੌਕੇ ਹਾਜ਼ਰ ਹੋਏ ਡਾ. ਆਤਮਜੀਤ ਨੇ ਕਿਹਾ ਕਿ ਮੇਰਾ ਰੰਗਮੰਚ ਹਰ ਹਾਲ ਵਿੱਚ ਕਲਾਤਮਕ ਉਚਾਈ ਛੋਹਣ ਦੇ ਯਤਨਾਂ ਵਿੱਚ ਰਿਹਾ ਹੈ ਤੇ ਇੱਕ ਨਾਟਕਕਾਰ ਤੇ ਨਿਰਦੇਸ਼ਕ ਅਦਾਕਾਰਾਂ ਦੀ ਬਾਦੌਲਤ ਹੀ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ। ਮੈਂ ਇਸੇ ਨਜ਼ਰੀਏ ਤੋਂ ਸੁਚੇਤਕ ਸਕੂਲ ਆੱਫ ਐਕਟਿੰਗ ਦਾ ਸਵਾਗਤ ਕਰ ਰਿਹਾ ਹੈ।ਨਾਟਕਕਾਰ ਤੇ ਨਿਰਦੇਸ਼ਕ ਦੇਵਿੰਦਰ ਦਮਨ ਨੇ ਆਪਣੇ ਰੰਗਮੰਚੀ ਜੀਵਨ ਦੇ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਹਰਪਾਲ ਟਿਵਾਣਾ ਦੀ ਨਾਟਕ ਟੀਮ ਵਿੱਚ ਅਦਾਕਾਰੀ ਤੋਂ ਨਾਟਕਕਾਰ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਯੋਗਿਕ ਵੇਅ ਆੱਫ ਐਕਟਿਂਗ ਸਿਖਾਉਣ ਦਾ ਸਫਰ ਰੰਗਕਰਮੀ ਵਜੋਂ ਹੀ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਹਰਪਾਲ ਟਿਵਾਣਾ ਟੀਮ ਮਿੰਨੀ ਨੈਸ਼ਨਲ ਸਕੂਲ ਆੱਫ ਡਰਾਮਾ ਹੀ ਸੀ।

ਪ੍ਰਸਿੱਧ ਗਾਇਕ ਨਿੰਜਾ, ਜਿਸਨੇ ‘ਚੰਨਾ ਮੇਰਿਆ’ ਫ਼ਿਲਮ ਕਰਨ ਤੋਂ ਪਹਿਲਾਂ ਅਨੀਤਾ ਸ਼ਬਦੀਸ਼ ਕੋਲੋਂ ਅਦਾਕਾਰੀ ਦੇ ਗੁਰ ਸਿੱਖੇ ਸਨ, ਨੇ ਬੋਲਦਿਆਂ ਕਿਹਾ ਕਿ ਮੇਰੇ ਗਾਇਕ ਬਣਨ ਦਾ ਸਾਰਾ ਸਫ਼ਰ ਕਿਸੇ ਸੁਪਨੇ ਵਾਂਗ ਹੈ। ਇਸ ਵਿੱਚ ਮੇਰੇ ਉਸਤਾਦਾਂ ਦੀ ਭੂਮਿਕਾ ਹੈ. ਅਦਾਕਾਰੀ ਦਾ ਸੁਪਨਾ ਅਨੀਤਾ ਸ਼ਬਦੀਸ਼ ਤੋ ਗੁਰ ਸਿੱਖ ਕੇ ਪੂਰਾ ਹੋਇਆ ਹੈ।ਇਹ ਐਕਟਿੰਗ ਸਕੂਲ ਐਕਟਿੰਗ ਸੋਹਾਣਾ-ਕੁੰਬੜਾ ਲਈਟਸ ਨੇੜਲੀ ਮਾਰਕੀਟ ਦੇ ਐਸ ਸੀ ਓ ਨੰਬਰ 505, ਸੈਕਟਰ 70 ਵਿੱਚ ਖੋਲ੍ਹਿਆ ਗਿਆ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਥੀਏਟਰ, ਸਿਨੇਮਾ ਤੇ ਟੀ ਵੀ ਅਦਾਕਾਰੀ ਸਬੰਧੀ ਥਿਊਰੀ ਤੇ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ, ਤਾਂਕਿ ਉਹ ਸਬੰਧਤ ਥਾਵਾਂ ’ਤੇ ਬਿਹਤਰੀਨ ਪ੍ਰੋਫਾਰਮੈਂਸ ਦੇਣ ਦੇ ਯੋਗ ਹੋ ਸਕਣ। ਅਨੀਤਾ ਸ਼ਬਦੀਸ਼, ਜਿਸਦੀ ਅਗਵਾਈ ਹੇਠ ਐਕਟਿੰਗ ਸਕੂਲ ਦਾ ਆਰੰਭ ਹੋਇਆ ਹੈ, ਅਦਾਕਾਰੀ ਦੀ ਦੁਨੀਆਂ ਵਿੱਚ ਆਪਣੇ ਦੋ ਉਸਤਾਦਾਂ ਮਰਹੂਮ ਗੁਰਸ਼ਰਨ ਸਿੰਘ ਤੇ ਡਾ. ਆਤਮਜੀਤ ਦਾ ਹਮੇਸ਼ਾ ਜ਼ਿਕਰ ਕਰਦੀ ਹੈ।

ਇਸ ਮੌਕੇ ਪ੍ਰੈਸ ਨੂੰ ਮੁਖ਼ਾਤਿਬ ਹੁੰਦੇ ਹੋਏ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਇਹ ਫ਼ੈਸਲਾ ਕਾਫੀ ਦੇਰ ਤੱਕ ਸੋਚਣ-ਵਿਚਾਰਨ ਤੋਂ ਬਾਅਦ ਲਿਆ ਗਿਆ ਹੈ। ਸਾਡੇ ਸਾਹਮਣੇ ਅਦਾਕਾਰੀ ਸਿਖ਼ਾਉਣ ਵਾਲ਼ੀਆਂ ਕਈ ਸੰਸਥਾਵਾਂ ਹਨ ਤੇ ਉਨ੍ਹਾਂ ਦਾ ਤਜ਼ਰਬਾ ਵੀ ਹੈ। ਸੁਚੇਤਕ ਸਕੂਲ ਆੱਫ ਐਕਟਿੰਗ ਟਿਕੇ ਰਹਿਣ ਤੇ ਕੁਝ ਵੱਖਰੇ ਅੰਦਾਜ਼ ਨਾਲ਼ ਸਿਖਿਅਤ ਕਰਨ ਦੇ ਮਕਸਦ ਨਾਲ਼ ਆਇਆ ਹੈ। ਇਸ ਸਕੂਲ ਆੱਫ ਐਕਟਿੰਗ ਦੇ ਮੈਨੇਜਿੰਗ ਡਾਇਰੈਕਟਰ ਸ਼ਬਦੀਸ਼ ਨੇ ਕਿਹਾ ਕਿ ਸਕੂਲ ਆੱਫ ਐਕਟਿੰਗ ਦੇ ਨਾਮਕਰਨ ਲਈ ਅਨੇਕਾਂ ਸ਼ਬਦ ਵਿਚਾਰੇ ਤੇ ਰੱਦ ਕੀਤੇ ਗਏ ਸਨ ਅਤੇ ਅੰਤ ਵਿੱਚ ਸਕੂਲ ਨੂੰ ਸਿਖਾਏ ਜਾਣ ਦੀ ਖ਼ਾਸ ਸ਼ੈਲੀ ਦੇ ਅਰਥਾਂ ਵਿੱਚ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਇਸ ਨਾਮਕਰਨ ਸਬੰਧੀ ਵਿਚਾਰ-ਵਟਾਂਦਰਾ ਕਰਨ ਵਿੱਚ ਸਹਿਯੋਗ ਦੇਣ ਵਾਲ਼ੇ ਤਮਾਮ ਦੋਸਤਾਂ ਦਾ ਸ਼ੁਕਰੀਆ ਅਦਾ ਕੀਤਾ।ਇਸ ਮੌਕੇ ’ਤੇ ਫ਼ਿਲਮ ਨਿਰਮਾਤਾ ਅਤੇ ਢਿਲੋਂ ਕਰੀਏਸ਼ਨ ਦੇ ਸੰਚਾਲਕ ਜਸਬੀਰ ਢਿਲੋਂ ਨੇ ਕਿਹਾ ਕਿ ਸੁਚੇਤਕ ਸਕੂਲ ਆੱਫ ਐਕਟਿੰਗ ਸਾਡੀਆਂ ਆਪਣੀਆਂ ਪ੍ਰੋਡਕਸ਼ਨਾਂ ਤੇ ਹੋਰਨਾਂ ਨਿਰਮਾਤਾ ਨਿਰਦੇਸ਼ਕਾਂ ਲਈ ਪ੍ਰੋਡਕਸ਼ਨ ਦਾ ਕੰਮ ਕਰਦਿਆਂ ਸਹਾਈ ਹੋਵੇਗਾ, ਕਿਉਂਕਿ ਅਸੀਂ ਇਸਦੇ ਸੰਚਾਲਕਾਂ ਦੇ ਸੁਝਾਏ ਹੋਏ ਨਾਂ ਬਿਨਾ ਝਿਜਕ ਅੱਗੇ ਲਿਜਾ ਸਕਾਂਗੇ।ਇਸ ਅਵਸਰ ’ਤੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਦਰਸ਼ਨ ਦਰਵੇਸ਼, ਪਾਲੀ ਭੂਪਿੰਦਰ ਸਿੰਘ, ਸਲੀਮ ਸਿਕੰਦਰ, ਰਮਨ ਢਿਲੋਂ, ਦਵੀ ਦਵਿੰਦਰ ਕੌਰ, ਆਰਟਿਸਟ ਆਰ ਐਮ ਰਾਹੀ, ਫ਼ਿਲਮ ਅਦਾਕਾਰ ਸ਼ਵਿੰਦਰ ਮਾਹਲ, ਬੀ ਬੀ ਵਰਮਾ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਅਤੇ ਲੱਖਾ ਲਹਿਰੀ ਤੋਂ ਇਲਾਵਾ ਫ਼ਿਲਮ ਜਗਤ ਤੇ ਰੰਗਮੰਚ ਨਾਲ਼ ਜੁੜੀਆਂ ਅਨੇਕਾਂ ਹਸਤੀਆਂ ਸ਼ਾਮਲ ਸਨ।