5 Dariya News

ਇਲਾਕੇ ਦੀ ਨੁਹਾਰ ਬਦਲਣ ਲਈ ਮੋਦੀ ਜੀ ਦੇ ਸਿਪਾਹੀ ਸਲਾਰਿਆ ਨੂੰ ਜੇਤੂ ਬਣਾਓ: ਸ਼ਵੇਤ ਮਲਿਕ

ਸਵ. ਵਿਨੋਦ ਖੰਨਾ ਦੇ ਸੁਪਣਿਆ ਨੂੰ ਮੋਦੀ ਸਰਕਾਰ ਹੀ ਪੂਰਾ ਕਰ ਸਕਦੀ ਹੈ: ਮਲਿਕ

5 Dariya News

ਪਠਾਨਕੋਟ 09-Oct-2017

ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਦੇਸ਼ ਹਿੱਤ ਵਿਚ ਮੁੱਦਿਆਂ ਦੀ ਗੱਲ ਕੀਤੀ ਹੈ ਅਤੇ ਕਦੇ ਵੀ ਮਾੜੀ ਸੋਚ ਨਹੀਂ ਰੱਖੀ। ਅੱਜ ਸਥਾਨਕ ਹੋਟਲ ਯੁਨਾਇਟ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਲਿਕ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਦੇਸ਼ 'ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਤਹਿਤ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਪਹਿਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ, ਪ੍ਰਦੇਸ਼ ਮੀਡੀਆ ਵਿਭਾਗ ਦੇ ਸਹਿ ਕਨਵੀਨਰ ਸੁਭਾਸ਼ ਗੁਪਤਾ ਅਤੇ ਮੀਡੀਆ ਇਚਾਰਜ ਪ੍ਰਦੀਪ ਰੈਣਾ ਆਦਿ ਮੌਜੂਦ ਸਨ।ਗੁਰਦਾਸਪੁਰ ਜ਼ਿਮਨੀ ਚੋਣ ਸਬੰਧੀ ਜ਼ਿਕਰ ਕਰਦਿਆਂ ਸ਼੍ਰੀ ਮਲਿਕ ਨੇ ਕਿਹਾ ਕਿ ਸਵ: ਸੰਸਦ ਮੈਂਬਰ ਵਿਨੋਦ ਖੰਨਾ ਦੇ ਸੁਪਨਿਆਂ ਨੂੰ ਸਿਰਫ਼ ਪ੍ਰਧਾਨ ਮੰਤਰੀ ਨਰਿੰਦ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੀ ਸਾਕਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਹੀ ਮੋਦੀ ਦੀ ਟੀਮ ਦੇ ਇੱਕ ਮਜ਼ਬੂਤ ਸਿਪਾਹੀ ਹਨ, ਜਿੰਨ੍ਹਾਂ ਦੀ ਜਿੱਤ ਹੀ ਗੁਰਦਾਸਪੁਰ ਹਲਕੇ ਦੀ ਨੁਹਾਰ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਤੇ ਕਾਬਜ਼ ਕਾਂਗਰਸ ਸਰਕਾਰ ਕੋਲ ਕੁੱਝ ਵੀ ਅਜਿਹਾ ਨਹੀਂ ਹੈ, ਜਿਸ ਨਾਲ ਉਹ ਲੋਕ ਸਭਾ ਹਲਕੇ ਲਈ ਕੋਈ ਕੰਮ ਕਰ ਸਕਦੀ ਹੋਵੇ।ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਬੇਸ਼ੱਕ ਹਲਕਾ ਗੁਰਦਾਸਪੁਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਸ਼੍ਰੀ ਜਾਖੜ ਨੂੰ ਇਹ ਗੱਲ ਕਬੂਲਣੀ ਪਵੇਗੀ ਕਿ ਜੇਕਰ ਉਨ੍ਹਾਂ ਆਪਣੇ ਜੱਦੀ ਹਲਕੇ ਅਬੋਹਰ ਦਾ ਵਿਕਾਸ ਕਰਵਾਇਆ ਹੁੰਦਾ ਤਾਂ ਲੋਕਾਂ ਨੇ ਕਾਂਗਰਸ ਦੀ ਹਵਾ ਵਿੱਚ ਵੀ ਉਨ੍ਹਾਂ ਨੂੰ ਨਕਾਰਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸਾਰ ਨਾ ਲੈਣ ਦੇ ਕਾਰਨ ਹੀ ਜਾਖੜ ਪਰਿਵਾਰ ਨੂੰ ਹਰ ਵਾਰ ਆਪਣਾ ਹਲਕਾ ਬਦਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਹਾਰ ਜਾਣ ਬਾਅਦ ਸ਼੍ਰੀ ਜਾਖੜ ਜੰਮੂ-ਕਸ਼ਮੀਰ ਵੱਲ ਨੂੰ ਆਪਣੇ ਕਦਮ ਵਧਾਉਣਗੇ।

ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਸ਼੍ਰੀ ਮਲਿਕ ਨੇ ਕਿਹਾ ਕਿ ਕਾਂਗਰਸ ਕੋਲ ਵੋਟਰਾਂ ਕੋਲ ਜਾਣ ਲਈ ਕੋਈ ਮੁੱਦਾ ਨਹੀਂ ਹੈ, ਕਿਉਂਕਿ ਉਹ 6 ਮਹੀਨੇ ਪਹਿਲਾਂ ਕੀਤੇ ਆਪਣੇ ਇੱਕ ਵੀ ਵਾਅਦੇ ਨੂੰ ਨਹੀਂ ਪੂਰਾ ਕਰ ਸਕੀ, ਜਿਸ ਨੂੰ ਦੱਸ ਕੇ ਉਹ ਲੋਕਾਂ ਤੋਂ ਵੋਟ ਮੰਗ ਸਕਦੇ ਹੋਣ। ਉਨ੍ਹਾਂ ਕਿਹਾ ਕਿ ਹੱਥ ਵਿੱਚ ਗੁਟਕਾ ਫੜ੍ਹ ਕੇ ਚਾਰ ਹਫ਼ਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕਣ ਵਾਲੇ ਕੈਪਟਨ ਦੇ ਰਾਜਭਾਗ ਵਿੱਚ ਨਸ਼ਾ ਜੋਰਾਂ 'ਤੇ ਵਿੱਕ ਰਿਹਾ ਹੈ। ਉਨ੍ਹਾਂ ਕਿਸਾਨਾਂ ਦੇ ਕਰਜ਼ ਮਾਫ਼ ਕਰਨ ਵਾਲੀ ਕਾਂਗਰਸ ਹੁਣ ਲਾਰੇਬਾਜ਼ੀ ਤੋਂ ਕੰਮ ਲੈ ਰਹੀ ਹੈ। ਜਿਸ ਕਾਰਨ ਹਰ ਰੋਜ਼ ਕਿਸਾਨ ਆਤਮਹੱਤਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਾ ਤਾਂ ਸਮਾਰਟ ਫੋਨ ਮਿਲੇ ਅਤੇ ਨਾ ਹੀ ਬੇਰੋਜ਼ਗਾਰੀ ਭੱਤਾ। ਇਸ ਤਰ੍ਹਾਂ ਹੀ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਵਧਾਉਣ ਦਾ ਲਾਲਚ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਖੋਟੀ ਦੁਆਨੀ ਵੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਪਰਿਵਾਰਾਂ ਨਾਲ ਵੀ ਕੈਪਟਨ ਸਰਕਾਰ ਨੇ ਧੋਖਾ ਕੀਤਾ ਹੈ। ਜਿਸ ਕਾਰਨ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ।ਉਨ੍ਹਾਂ ਕਿਹਾ ਕਿ ਮੁੱਦਿਆਂ ਤੋਂ ਭਟਕੀ ਕਾਂਗਰਸ ਹੁਣ ਘਟੀਆ ਕਿਸਮ ਦੀ ਬਿਆਨਬਾਜ਼ੀ ਕਰਕੇ ਵੋਟਰਾਂ ਦਾ ਮਨ ਭਟਕਾਉਣਾ ਚਾਹੁੰਦੀ ਹੈ ਜਦਕਿ ਭਾਜਪਾ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਬਦੌਲਤ ਵੋਟਰਾਂ ਦੀ ਕਚਿਹਰੀ ਵਿੱਚ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵ: ਸੰਸਦ ਮੈਂਬਰ ਵਿਨੋਦ ਖੰਨਾ ਨੇ ਆਪਣੇ ਕਾਰਜਕਾਲ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਅਜਿਹੇ ਪਿੰਡਾਂ ਨੂੰ ਇਸ ਨਾਲ ਜੋੜਣ ਲਈ ਪੁਲਾਂ ਦਾ ਨਿਰਮਾਣ ਕਰਵਾਇਆ ਜਿਹੜੇ ਲੋਕ ਕਾਂਗਰਸ ਸਰਕਾਰ ਦੀ ਲੰਬੇ ਕਾਰਜਕਾਲ ਦੌਰਾਨ ਵੀ ਭਾਰਤੀ ਹੁੰਦੇ ਹੋਏ ਭਾਰਤ ਦੇ ਸ਼ਹਿਰ ਨਾਲ ਨਹੀਂ ਜੁੜ ਸਕੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।