5 Dariya News

ਬੋਰਡ ਦੀ ਰੀ ਸਟ੍ਰਕਰਚਰਿੰਗ ਨਾਲ ਨਾਲ ਕੰਮਕਾਜ ਹੋਰ ਸੁਖਾਲਾ ਤੇ ਤੇਜ਼ ਹੋਵੇਗਾ: ਕ੍ਰਿਸ਼ਨ ਕੁਮਾਰ

ਬੋਰਡ ਦੇ ਮੌਜੂਦਾ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਹਟਾਇਆ ਜਾਵੇਗਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Sep-2017

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੰਮਕਾਜ ਹੋਰ ਸੁਖਾਲਾ ਤੇ ਤੇਜ਼ੀ ਲਿਆਉਣ ਲਈ ਬੋਰਡ ਦੀ ਰੀ ਸਟ੍ਰਕਚਰਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਬੋਰਡ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਦਾ ਵੀ ਰਾਹ ਪੱਧਰਾ ਹੋ ਗਿਆ। ਇਸ ਨਾਲ ਮੌਜੂਦਾ ਸਟਾਫ ਦੀ ਸੁਚੱਜੀ ਵਰਤੋਂ ਵੀ ਹੋਵੇਗੀ। ਇਹ ਗੱਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਹੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰ ਵੱਲੋਂ ਅਹਿਮ ਮੁਲਾਜ਼ਮ ਪੱਖੀ ਫੈਸਲੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਮੁਲਾਜ਼ਮਾਂ ਦੇ 4-9-14 ਦੇ ਕੇਸਾਂ ਨੂੰ ਹੱਲ ਕਰਨਾ, ਪਰਖ ਕਾਲ ਸਮਾਂ ਪੂਰਾ ਕਰਨਾ, ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਸਾਲ ਵਿੱਚ ਦੋ ਵਾਰ ਕਰਨਾ ਅਤੇ ਸੀਨੀਅਰਤਾ ਸੂਚੀਆਂ ਸਬੰਧੀ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਨੂੰ ਹੱਲ ਕਰਨਾ ਸ਼ਾਮਲ ਹਨ।ਅੱਜ ਇਥੇ ਬੋਰਡ ਦੇ ਦਫਤਰ ਵਿਖੇ ਬੋਰਡ ਦੀ ਕਰਮਚਾਰੀ ਐਸੋਸੀਏਸ਼ਨ ਦੇ ਨਾਲ ਮੁਲਾਕਾਤ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਬੋਰਡ ਦੇ ਸਮੂਹ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਰੀ ਸਟ੍ਰਕਚਰਿੰਗ ਨਾਲ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਜਬਰੀ ਹਟਾਇਆ ਨਹੀਂ ਜਾਵੇਗਾ ਸਗੋਂ ਇਸ ਨਾਲ ਬੋਰਡ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਦਾ ਰਾਹ ਪੱਧਰਾ ਹੋ ਗਿਆ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਦੇ ਹੁਕਮਾਂ ਤਹਿਤ ਰੀ ਸਟ੍ਰਕਚਰਿੰਗ ਕੀਤੀ ਜਾਣੀ ਸੀ ਜਿਸ ਲਈ ਵਾਈਸ ਚੇਅਰਮੈਨ ਸ੍ਰੀ ਪ੍ਰਸ਼ਾਂਤ ਗੋਇਲ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜ਼ਮੀਨੀ ਹਕੀਕਤਾਂ ਜਾਣੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਉਪਰੰਤ ਹੀ ਬੋਰਡ ਦੀ ਮੀਟਿੰਗ ਵਿੱਚ ਰੀ ਸਟ੍ਰਕਚਰਿੰਗ ਦਾ ਮਤਾ ਪਾਸ ਹੋਇਆ। ਉਨ੍ਹਾਂ ਕਿਹਾ ਕਿ ਬੋਰਡ ਦੀਆਂ ਖਾਲੀ ਪਈਆਂ 226 ਅਸਾਮੀਆਂ ਭਰਨ ਲਈ ਕੇਸ ਪ੍ਰਵਾਨਗੀ ਹਿੱਤ ਵਿੱਤ ਵਿਭਾਗ ਕੋਲ ਭੇਜਿਆ ਗਿਆ ਹੈ ਅਤੇ ਹੁਣ ਰੀ ਸਟ੍ਰਕਚਰਿੰਗ ਹੋਣ ਨਾਲ ਇਹ ਕੇਸ ਵੀ ਪ੍ਰਵਾਨ ਹੋ ਜਾਵੇਗਾ।

ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬੋਰਡ ਦੇ ਕਰਮਚਾਰੀਆਂ ਨੂੰ ਕੋਈ ਸ਼ੰਕਾ ਰੱਖਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਉਨ੍ਹਾਂ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਬੋਰਡ ਦੇ ਕੁਝ ਕੰਮਾਂ ਵਿੱਚ ਕਮੀ ਆਈ ਹੈ ਅਤੇ ਕੰਪਿਊਟਰੀਕਰਨ ਨਾਲ ਕਈ ਕੰਮ ਸੁਖਾਲੇ ਹੋਏ ਹਨ ਜਿਸ ਕਾਰਨ ਕੁਝ ਅਸਾਮੀਆਂ ਖਤਮ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਇਸ ਦਾ ਅਰਥ ਇਹ ਨਹੀਂ ਕਿ ਕਿਸੇ ਵੀ ਮੌਜੂਦਾ ਕਰਮਚਾਰੀ ਨੂੰ ਹਟਾਇਆ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਦੇ ਮੁਲਾਜ਼ਮਾਂ ਦੀ ਪਦਉਨਤੀ ਦੇ ਪੈਂਡਿੰਗ ਪਏ ਮਾਮਲਿਆਂ ਨੂੰ 15 ਦਿਨਾਂ ਦੇ ਅੰਦਰ ਨਿਬੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਚ ਤੇ ਪੇਸ਼ੇਵਾਰ ਯੋਗਤਾ ਵਾਲੇ ਸਟਾਫ ਦੀ ਨਵੀਂ ਭਰਤੀ ਨਾਲ ਸਿੰਗਲ ਵਿੰਡੋ ਦੇ ਕੰਮ ਵਿੱਚ ਹੋਰ ਸੁਧਾਰ ਆਵੇਗਾ ਅਤੇ ਸਟਾਫ ਦੀ ਕਮੀ ਵੀ ਦੂਰ ਹੋਵੇਗੀ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਬੀਤੇ ਸਮੇਂ ਵਿੱਚ ਕੁਝ ਟੀਮਾਂ ਬਣਾ ਕੇ ਦੇਸ਼ ਦੇ ਵੱਖ-ਵੱਖ ਵੱਡੇ ਰਾਜਾਂ ਵਿੱਚ ਉਥੋਂ ਦੇ ਬੋਰਡਾਂ ਦੇ ਕੰਮਕਾਰ ਨੂੰ ਦੇਖਣ ਲਈ ਭੇਜੀਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਬੋਰਡਾਂ ਦੇ ਕੰਮਕਾਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮੁਲਾਂਕਣ ਕੀਤਾ ਜਾਵੇਗਾ।ਸ੍ਰੀ ਕ੍ਰਿਸ਼ਨ ਕੁਮਾਰ ਨੇ ਇਹ ਵੀ ਕਿਹਾ ਕਿ ਬੋਰਡ ਦੇ ਕੰਮ ਨੂੰ ਡਿਜ਼ਟਾਈਲਜੇਸ਼ਨ ਕਰਨ ਦਾ ਮਾਮਲਾ ਪ੍ਰਗਤੀ ਅਧੀਨ ਹੈ ਜਿਸ ਨਾਲ ਕੰਮ ਹੋਰ ਵੀ ਸੁਖਾਲਾ ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਸਰਟੀਫਿਕੇਟ ਵੈਰੀਫਾਈ ਕਰਵਾਉਣ ਜਾਂ ਗੁੰਮ ਹੋਏ ਕਿਸੇ ਸਰਟੀਫਿਕੇਟ ਦੀ ਡੁਪਲਟੀਕੇਟ ਕਾਪੀ ਹਾਸਲ ਕਰਨ ਵਾਲਿਆਂ ਦਾ ਕੰਮ ਸੌਖਾ ਹੋ ਜਾਵੇਗਾ। ਉਨ੍ਹਾਂ ਬੋਰਡ ਦੀ ਕਰਮਚਾਰੀ ਐਸੋਸੀਏਸ਼ਨ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਕੋਲ ਬੋਰਡ ਦੀ ਬਿਹਤਰੀ ਲਈ ਸੁਝਾਅ ਜਾਂ ਕੋਈ ਮੰਗ ਹੈ ਤਾਂ ਉਹ ਤੱਥਾਂ ਸਹਿਤ ਆਪਣਾ ਮੰਗ ਪੱਤਰ ਦੇ ਸਕਦੇ ਹਨ ਜਿਸ ਨੂੰ ਪੂਰੀ ਤਰ੍ਹਾਂ ਘੋਖਿਆ ਜਾਵੇਗਾ।ਬੋਰਡ ਵਿੱਚ ਬੀਤੇ ਦੋ ਦਿਨਾਂ ਤੋਂ ਕੰਮ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਦੂਰ ਦੁਰਾਂਡੇ ਤੋਂ ਆਉਂਦੇ ਲੋਕਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਨੇ ਬੋਰਡ ਦੇ ਸਕੱਤਰ ਨੂੰ ਆਦੇਸ਼ ਦਿੱਤੇ ਕਿ ਉਹ ਨਿੱਜੀ ਤੌਰ 'ਤੇ ਇਨ੍ਹਾਂ ਦੇ ਕੰਮਾਂ ਨੂੰ ਦੇਖਣ ਅਤੇ ਜੇਕਰ ਲੋੜ ਪਵੇ ਤਾਂ ਸਿੱਖਿਆ ਵਿਭਾਗ ਦੇ ਸਟਾਫ ਦੀਆਂ ਸੇਵਾਵਾਂ ਹਾਸਲ ਕਰ ਲਈਆਂ ਜਾਣ।ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਤੇ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ ਵੀ ਹਾਜ਼ਰ ਸਨ।