5 Dariya News

ਕੇਤੀਆ ਡਾਰਨੰਡ ਛੇੜਖਾਨੀ ਕੇਸ 23 ਸਾਲ ਮਗਰੋਂ ਦੁਬਾਰਾ ਖੁੱਲ੍ਹਿਆ, ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ

5 Dariya News

ਚੰਡੀਗੜ੍ਹ 15-Sep-2017

23 ਸਾਲ ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਵੱਲੋਂ ਫਰਾਂਸ ਦੀ ਨਾਗਰਿਕ ਕੇਤੀਆ ਡਾਰਨੰਡ ਨੂੰ ਅਗਵਾ ਅਤੇ ਛੇੜਖਾਨੀ ਕਰਨ ਦੇ ਮਾਮਲੇ ਨੂੰ ਅੱਜ ਕੌਮੀ ਮਹਿਲਾ ਕਮਿਸ਼ਨ ਨੇ ਦੁਬਾਰਾ ਖੋਲ੍ਹਦਿਆਂ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਇਸ ਮਾਮਲੇ ਵਿਚ ਪਟੀਸ਼ਨਰ ਦਿੱਲੀ ਦੀ ਕੌਂਸਲਰ ਗੁਰਜੀਤ ਕੌਰ ਨਾਲ ਕੌਮੀ ਮਹਿਲਾ ਕਮਿਸ਼ਨ ਦੇ ਦਫਤਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ  ਦੇ ਦੱਸਣ ਅਨੁਸਾਰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਇਸ ਮਾਮਲੇ ਵਿਚ ਦਿੱਤੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਇਨਸਾਫ ਦਿਵਾਉਣਗੇ।ਸ਼ਿਕਾਇਤਕਰਤਾ ਗੁਰਜੀਤ ਕੌਰ ਨੇ ਕਮਿਸ਼ਨ ਨੂੰ ਇਹ ਕਹਿੰਦਿਆਂ ਇਸ ਕੇਸ ਨੂੰ ਦੁਬਾਰਾ ਖੋਲ੍ਹਣ ਅਤੇ ਨਵੇਂ ਸਿਰਿਓਂ ਸੁਣਵਾਈ ਕਰਵਾਉਣ ਦੀ ਅਪੀਲ ਕੀਤੀ ਕਿ 31 ਅਗਸਤ 1994 ਵਾਲੇ ਮੰਦਭਾਗੇ ਦਿਨ ਕੇਤੀਆ ਡਾਰਨੰਡ ਉੱਤੇ ਹਮਲਾ ਕਰਨ, ਪੀੜਤ ਨੂੰ ਅਗਵਾ ਕਰਨ, ਛੇੜਖਾਨੀ ਕਰਨ ਅਤੇ ਸੰਭਾਵਿਤ ਤੌਰ ਤੇ ਬਲਾਤਕਾਰ ਕਰਨ ਵਾਲੇ ਦੋਸ਼ੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਖ਼ਿਲਾਫ ਦਰਜ ਕੀਤੇ ਮਾਮਲੇ ਵਿਚ ਭਾਰਤੀ ਦੰਡ ਧਾਰਾ ਦੀਆਂ ਢੁੱਕਵੀਆਂ ਧਾਰਾਂਵਾਂ ਨਹੀਂ ਸ਼ਾਮਿਲ ਕੀਤੀਆਂ ਗਈਆਂ ਸਨ।

ਗੁਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਇਸ ਪਟੀਸ਼ਨ ਦੀ ਤਿਆਰੀ ਇਸ ਸਾਲ 14 ਅਗਸਤ ਨੂੰ 'ਦ ਟ੍ਰਿਬਿਊਨ' ਵਿਚ ਛਪੇ ਇਕ ਆਰਟੀਕਲ ਨੂੰ ਪੜ੍ਹਣ ਮਗਰੋਂ ਕੀਤੀ ਜੋ ਕਿ ਇੱਕ ਖੁੱਲ੍ਹੀ ਚਿੱਠੀ ਦੇ ਰੂਪ ਵਿਚ ਕੇਤੀਆ ਡਾਰਨੰਡ ਨੇ ਲਿਖਿਆ ਸੀ। ਉਹਨਾਂ ਕਿਹਾ ਕਿ ਵਿਦੇਸ਼ੀ ਨਾਗਰਿਕ ਨੇ ਉਸ ਚਿੱਠੀ ਵਿਚ ਕਿਹਾ ਸੀ ਕਿ ਉਸ ਨੇ ਗੁਰਕੀਰਤ ਕੋਟਲੀ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪਹਿਚਾਣ ਪਰੇਡ ਦੌਰਾਨ ਉਸ ਦੀ ਸ਼ਨਾਖਤ ਵੀ ਕਰ ਲਈ ਸੀ। ਇਸ ਤੋਂ ਇਲਾਵਾ ਉਸ ਨੇ ਮੈਜਿਸਟਰੇਟ ਅੱਗੇ ਇੱਕ ਸੈਕਸ਼ਨ 164 ਤਹਿਤ ਆਪਣਾ ਬਿਆਨ ਵੀ ਦਰਜ ਕਰਵਾਇਆ ਸੀ। ਉਸ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲਿਆ ਅਤੇ ਉਸ ਨੂੰ ਆਪਣੀ ਜਾਨ ਦੇ ਖਤਰੇ ਕਰਕੇ ਮਜ਼ਬੂਰੀ ਵੱਸ ਹਾਰ ਮੰਨਣੀ ਪਈ।  ਮਹਿਲਾ ਕੌਂਸਲਰ ਨੇ ਕਿਹਾ ਕਿ ਕੇਤੀਆ ਕਹਿੰਦੀ ਹੈ ਕਿ ਉਸ ਨੂੰ ਮਜ਼ਬੂਰੀ ਵੱਸ ਆਪਣੀ ਜ਼ਿੰਦਗੀ ਬਚਾਉਣ ਲਈ ਆਪਣੀ ਇੱਜ਼ਤ ਨੂੰ ਲੈ ਕੇ ਸਬਰ ਦਾ ਘੁੱਟ ਭਰਨਾ ਪਿਆ ਅਤੇ ਉਸ ਨੂੰ ਇਨਸਾਫ ਨਸੀਬ ਨਹੀਂ ਹੋਇਆ।ਉਸ ਨੇ ਇਹ ਵੀ ਕਿਹਾ ਕਿ ਉਹ ਭਾਰਤ ਵਿਚ ਆ ਕੇ ਬਹੁਤ ਪਛਤਾਈ, ਜੋ ਕਿ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ। 

ਕੌਮੀ ਮਹਿਲਾ ਕਮਿਸ਼ਨ ਨੂੰ ਇਸ ਕੇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁਰਜੀਤ ਕੌਰ ਨੇ ਕਿਹਾ ਕਿ ਜਦੋਂ ਕੇਤੀਆ ਚੰਡੀਗੜ੍ਹ ਦੇ ਇੱਕ ਹੋਟਲ ਵਿਚ ਬੈਠੀ ਸੀ ਤਾਂ ਗੁਰਕੀਰਤ ਕੋਟਲੀ ਨੇ ਉਸ ਨੂੰ ਸ਼ਰਾਬ ਦਾ ਜਾਮ ਪੇਸ਼ ਕੀਤਾ ਸੀ। ਜਦੋਂ ਕੇਤੀਆ ਨੇ ਉਸ ਦੀ ਪੇਸਕਸ਼ ਠੁਕਰਾ ਕੇ ਮੋਹਾਲੀ ਵਿਚ ਆਪਣੇ ਦੋਸਤ ਦੇ ਘਰ ਜਾਣ ਲਈ ਉੱਠ ਖੜ੍ਹੀ ਹੋਈ ਤਾਂ ਗੁਰਕੀਰਤ ਅਤੇ ਉਸ ਦੇ ਛੇ ਦੋਸਤਾਂ ਨੇ ਕੇਤੀਆ ਦਾ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ। ਕੌਂਸਲਰ ਨੇ ਦੱਸਿਆ ਕਿ ਉਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਦਬਾਅ ਕਰਕੇ ਅਦਾਲਤ ਵਿਚ ਇਸ ਮਾਮਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਸੀ।ਇਹ ਕਹਿੰਦਿਆਂ ਕਿ ਇਨਸਾਫ ਦਾ ਪਹੀਆ ਦੁਬਾਰਾ ਪੂਰੀ ਤਰ੍ਹਾਂ ਘੁੰਮ ਗਿਆ ਹੈ, ਗੁਰਜੀਤ ਨੇ ਕਿਹਾ ਕਿ ਕੇਤੀਆ ਦੀ ਇਸ ਖੁੱਥਲ੍ਹੀ ਚਿੱਠੀ ਮਗਰੋਂ ਇਹ ਕੇਸ ਦੁਬਾਰਾ ਜਾਂਚ ਲਈ ਪੂਰੀ ਤਰ੍ਹਾਂ ਢੁੱਕਵਾਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਇਸ ਮਾਮਲੇ ਵਿਚ ਕੁੱਝ ਵੀ ਕਰਨ ਦੀ ਉਮੀਦ ਨਹੀ ਕੀਤੀ ਜਾ ਸਕਦੀ । ਇਸ ਦੇ ਕੇਤੀਆਂ ਦੀ ਖੁੱਲ੍ਹੀ ਚਿੱਠੀ ਦਾ ਵੀ ਨੋਟਿਸ ਨਹੀਂ ਲਿਆ ਸੀ ਅਤੇ ਨਾ ਹੀ ਗੁਰਕੀਰਤ ਅਤੇ ਉਸ ਦੇ ਸਾਥੀਆਂ ਖ਼ਿਲਾਫ ਆਪਣੇ ਵੱਲੋਂ ਕੋਈ ਕਾਰਵਾਈ ਕੀਤੀ ਸੀ।ਇਸ ਮੌਕੇ ਗੁਰਜੀਤ ਕੌਰ ਨਾਲ ਕੌਮੀ ਮਹਿਲਾ ਕਮਿਸ਼ਨ ਦੇ ਦਫਤਰ ਜਾਣ ਵਾਲਿਆਂ ਵਿਚ ਮਨਜਿੰਦਰ ਸਿੰਘ ਸਿਰਸਾ ਅਤੇ ਪਰਮਿੰਦਰ ਸਿੰਘ ਬਰਾੜ ਵੀ ਸ਼ਾਮਿਲ ਸਨ।