5 Dariya News

ਮੁਲਕ ਦੀ ਸਭ ਤੋਂ ਮਜ਼ਬੂਤ ਬਾਂਹ ਨੂੰ ਕਮਜ਼ੋਰ ਨਾ ਕਰੋ : ਪਰਕਾਸ਼ ਸਿੰਘ ਬਾਦਲ

ਕਿਹਾ ਕਿ ਰਿਆਇਤਾਂ ਦਾ ਰੀਵੀਊ ਕਰੋ ਜਾਂ ਪੰਜਾਬ ਨੂੰ ਵੀ ਰਿਆਇਤਾਂ ਦਿਓ

5 Dariya News

ਚੰਡੀਗੜ 17-Aug-2017

ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦਾ ਪੰਜਾਬ ਦੇ ਗੁਆਂਢੀ ਪਹਾੜੀ ਰਾਜਾਂ ਨੂੰ ਰਿਆਇਤਾਂ ਦੇਣ ਦਾ ਫੈਸਲਾ ਪੰਜਾਬ ਅਤੇ ਇਸ ਦੀ ਆਰਥਿਕਤਾ ਨੂੰ ਸਿੱਧੀ ਅਤੇ ਤਿੱਖੀ ਸੱਟ ਮਾਰੇਗਾ। ਪੰਜਾਬ ਤੋਂ ਵੱਧ ਇਹਨਾਂ ਰਿਆਇਤਾਂ ਦਾ ਕੋਈ ਹੱਕਦਾਰ ਨਹੀਂ ਹੈ, ਜਿਹੜਾ ਚਾਰ ਖੂਨੀ ਜੰਗਾਂ ਦਾ ਸਾਹਮਣਾ ਕਰ ਚੁੱਕਿਆ ਹੈ ਅਤੇ ਇਹ ਦੇਸ਼ ਦਾ ਇੱਕੋ ਇੱਕ ਅਜਿਹਾ ਹਿੱਸਾ ਹੈ ਜਿਹੜਾ ਕਿ ਦੁਸ਼ਮਣ ਦੀ ਸਰਹੱਦ ਨਾਲ ਲੱਗਦਾ ਹੈ। ਇਸ ਬਾਰੇ ਕੇਂਦਰ ਵੀ ਸਵੀਕਾਰ ਕਰਦਾ ਹੈ ਕਿ ਇਹ ਸਰਹੱਦ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।ਇਹ ਗੱਲ ਸਰਦਾਰ ਬਾਦਲ ਨੇ ਅੱਜ ਦੁਪਹਿਰੇ ਪਹਾੜੀ ਰਾਜਾਂ ਨੂੰ ਰਿਆਇਤਾਂ ਵਿਚ ਕੀਤੇ ਵਾਧੇ ਦੇ ਐਲਾਨ ਮਗਰੋਂ ਆਪਣਾ ਤਿੱਖ ਪ੍ਰਤੀਕਰਮ ਦਿੰਦਿਆਂ ਕਹੀ। ਉਹਨਾਂ ਕਿਹਾ ਕਿ ਪੰਜਾਬ ਨੂੰ ਕਮਜ਼ੋਰ ਕਰਨਾ ਸਿੱਧਾ ਹੀ ਰਾਸ਼ਟਰੀ ਹਿੱਤਾਂ, ਖਾਸ ਕਰਕੇ ਸੁਰੱਖਿਆ ਨੂੰ ਕਮਜ਼ੋਰ ਕਰਨਾ ਹੈ। ਇਹ ਕਦਮ ਪੱਕਾ ਸਾਡਾ ਨੁਕਸਾਨ ਕਰੇਗਾ। ਇਹ ਗੱਲ ਅੱਜ ਅਸੀਂ ਭਾਂਵੇ ਮੰਨੀਏ ਜਾਂ ਨਾ ਮੰਨੀਏ ਪਰ ਇਹ ਫੈਸਲਾ ਸਾਡੇ ਰਾਸ਼ਟਰੀ ਹਿੱਤਾਂ ਨੂੰ ਵੀ ਸੱਟ ਮਾਰੇਗਾ।

ਸਰਦਾਰ ਬਾਦਲ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਜਾਂ ਤਾਂ ਇਸ ਫੈਸਲੇ ਉਤੇ ਮੁੜ ਵਿਚਾਰ ਕਰ ਲਵੇ ਜਾਂ ਫਿਰ ਇਹ ਰਿਆਇਤਾਂ ਸਭ ਤੋਂ ਵੱਡੇ ਹੱਕਦਾਰ ਪੰਜਾਬ ਨੂੰ ਵੀ ਦੇ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਅਸੀਂ ਆਪਣੇ ਗੁਆਂਢੀ ਸੂਬਿਆਂ ਦੇ ਖਿਲਾਫ ਨਹੀਂ ਹਾਂ, ਪਰ ਅਸੀ ਇਨਸਾਫ, ਨਿਰਪੱਖਤਾ ਅਤੇ ਬਰਾਬਰੀ ਵਾਲਾ ਮੁਕਾਬਲਾ ਚਾਹੁੰਦੇ ਹਾਂ। ਬਰਾਬਰ ਦੇ ਮੈਦਾਨ ਵਿਚ ਅਸੀਂ ਸਾਬਿਤ ਕਰ ਦਿਆਂਗੇ ਕਿ ਸਾਡੀ ਕਾਬਲੀਅਤ ਕੀ ਹੈ। ਮਿਹਨਤੀ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਹੈ। ਇਹ ਗੱਲ ਉਹ ਮੁਲਕ ਦੇ ਕੋਨੇ ਕੋਨੇ ਵਿਚ ਜਾ ਕੇ ਸਾਬਿਤ ਕਰ ਚੁੱਕੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ਭਗਤ ਪੰਜਾਬੀਆਂ ਨੇ ਸਿਰਫ ਆਪਣੀ ਮਾਂ-ਭੂਮੀ ਦੀ ਰਾਖੀ ਲਈ ਜੰਗਾਂ ਹੀ ਨਹੀਂ ਲੜੀਆਂ, ਸਗੋਂ ਦੋ ਦਹਾਕਿਆਂ ਤਕ ਭਾਰਤ ਸਰਕਾਰ ਮੁਤਾਬਿਕ ਵਿਦੇਸ਼ੀ ਸਹਾਇਤਾ ਨਾਲ ਪਨਪੇ ਖਾੜਕੂਵਾਦ ਨੂੰ ਵੀ ਭੋਗਿਆ ਹੈ। ਇਸ ਵਜ੍ਹਾ ਕਰਕੇ ਸਾਡੀ ਆਰਥਿਕਤਾ ਨੂੰ ਤਕੜੀ ਸੱਟ ਵੱਜੀ ਹੈ। ਇਹਨਾਂ ਰਿਆਇਤਾਂ ਲਈ ਅਸੀਂ ਸਭ ਤੋਂ ਪਹਿਲੇ ਹੱਕਦਾਰ ਸੀ। ਹੁਣ ਸਮਾਂ ਹੈ ਕਿ ਅਜਿਹੀ ਵਿਤਕਰੇਬਾਜ਼ੀ ਨੂੰ ਬੰਦ ਕਰ ਦਿੱਤਾ ਜਾਵੇ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ ਪੰਜਾਬ ਲਗਾਤਾਰ ਪਾਕਿਸਤਾਨ ਦਾ ਨਿਸ਼ਾਨਾ ਰਹੇਗਾ। ਮੇਰੀ ਗੱਲ ਨੋਟ ਕਰ ਲਓ। ਜਦੋਂ ਵੀ ਪਾਕਿਸਤਾਨ ਸਾਡੇ ਮੁਲਕ ਦਾ ਖੂਨ ਵਹਾਉਣਾ ਚਾਹੇਗਾ, ਪੰਜਾਬ ਉਸ ਦਾ ਪਹਿਲਾ ਨਿਸ਼ਾਨਾ ਹੋਵੇਗਾ। ਦੇਸ਼ ਦੀ ਸਭ ਤੋਂ ਮਜ਼ਬੂਤ ਬਾਂਹ ਨੂੰ ਕਿਉਂ ਸਜ਼ਾ ਦਿੰਦੇ ਹੋ?  ਕੀ ਦੇਸ਼ ਨੂੰ ਇੱਕ ਮਜ਼ਬੂਤ ਅਤੇ ਤਾਕਤਵਰ ਪੰਜਾਬ ਦੀ ਲੋੜ ਨਹੀਂ ਹੈ? ਅਸੀਂ ਕਿੰਨੇ ਵਾਰ ਇਹ ਗੱਲ ਸਾਬਿਤ ਕੀਤੀ ਹੈ ਕਿ ਜਦ ਤਕ ਪੰਜਾਬ ਤਾਕਤਵਰ ਅਤੇ ਖੁਸ਼ਹਾਲ ਹੈ, ਇਸ ਮੁਲਕ ਨੂੰ ਆਪਣੇ ਦੁਸ਼ਮਣਾਂ ਤੋਂ ਡਰਨ ਦੀ ਲੋੜ ਨਹੀਂ ਹੈ। ਪਰ ਮੈਂ ਪੁੱਛਦਾ ਹਾਂ ਕਿ ਕੀ ਇੱਕ ਮਜ਼ਬੂਤ ਪੰਜਾਬ ਦੇਸ਼ ਦੇ ਰਾਸ਼ਟਰੀ ਹਿੱਤਾਂ ਵਿਚ ਨਹੀਂ ਹੈ? ਕਾਂਗਰਸ ਕੁੱਝ ਵੀ ਕਹੇ, ਪੰਜਾਬ ਦੀ ਆਰਥਿਕਤਾ ਨੂੰ ਸਭ ਤੋਂ ਵੱਡਾ ਝਟਕਾ ਖਾੜਕੂਵਾਦ ਦਾ ਲੱਗਿਆ ਹੈ, ਜਿਸ ਦੀਆਂ ਜੜ੍ਹਾਂ ਦਿੱਲੀ ਵਿਚ ਕਾਂਗਰਸ ਦੇ ਹੈਡਕੁਆਟਰਜ਼ ਤੀਕ ਜਾਂਦੀਆਂ ਹਨ ਅਤੇ ਪਿੱਛੋਂ ਪਾਕਿਸਤਾਨ ਨੇ ਹਾਲਾਤ ਦਾ ਰੱਜ ਕੇ ਫਾਇਦਾ ਉਠਾਇਆ। ਇਹੀ ਸੱਚ ਹੈ ਅਤੇ ਸਾਰੇ ਜਾਣਦੇ ਹਨ।  ਹੁਣ ਬੀਤੇ ਦੀ ਗਲਤੀਆਂ ਤੋਂ ਸਬਕ ਸਿੱਖ ਕੇ ਪੰਜਾਬ ਨਾਲ ਨਿਰਪੱਖ ਸੌਦਾ ਕਰਨ ਦੀ ਲੋੜ ਹੈ।  ਅਸੀਂ ਸਿਰਫ ਨਿਰਪੱਖ ਸੌਦੇ ਦੀ ਮੰਗ ਕਰਦੇ ਹਾਂ ਕਿਸੇ ਪੱਖਪਾਤ ਦੀ ਨਹੀਂ।