5 Dariya News

ਪੰਜਾਬ ਪੁਲਿਸ ਦੀ ਅਵਨੀਤ ਅਤੇ ਅਸ਼ੀਸ਼ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ

ਡੀ.ਐਸ.ਪੀ ਅਵਨੀਤ ਨੇ ਨਿਸ਼ਾਨੇਬਾਜੀ ਵਿਚ 4 ਤਮਗੇ ਅਤੇ ਏ.ਆਈ.ਜੀ ਅਸ਼ੀਸ਼ ਨੇ ਟੈਨਿਸ ਮੁਕਾਬਲਿਆਂ ਵਿਚ ਜਿੱਤੇ 2 ਤਮਗੇ

5 Dariya News

ਚੰਡੀਗੜ 16-Aug-2017

ਲਾਸ ਏਂਜਲਸ, ਅਮਰੀਕਾ ਵਿਖੇ 7 ਤੋਂ 17 ਅਗਸਤ ਤੱਕ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ (ਡਬਲਯੂ.ਪੀ..ਐਫ.ਜੀ) ਦੌਰਾਨ ਪੰਜਾਬ ਪੁਲੀਸ ਦੀ ਡੀ.ਐਸ.ਪੀ ਅਵਨੀਤ ਕੌਰ ਸਿੱਧੂ ਨੇ ਨਿਸ਼ਾਨੇਬਾਜ਼ੀ ਵਿਚ 4 ਤਮਗੇ ਅਤੇ ਏ.ਆਈ.ਜੀ ਅਸ਼ੀਸ਼ ਕਪੂਰ ਨੇ ਟੈਨਿਸ ਮੁਕਾਬਲਿਆਂ ਵਿਚ 2 ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਬਠਿੰਡਾ ਦੀ ਓਲੰਪੀਅਨ ਅਤੇ ਉਘੀ ਨਿਸ਼ਾਨੇਬਾਜ ਅਵਨੀਤ ਸਿੱਧੂ ਨੇ ਰਾਈਫਲ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 1 ਸੋਨੇ ਦਾ, 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਜਿੱਤੇ ਜਦਕਿ ਸ੍ਰੀ ਕਪੂਰ ਨੇ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਵਰਗ ਵਿੱਚ ਆਪਣੇ ਵਿਰੋਧੀਆਂ ਨੂੰ ਅਸਾਨੀ ਨਾਲ ਹਰਾ ਕੇ ਸੋਨੇ ਦੇ ਤਮਗੇ ਜਿੱਤੇ ਹਨ। ਜ਼ਿਕਰਯੋਗ ਹੈ ਕਿ ਡਬਲਯੂ.ਪੀ.ਐਫ.ਜੀ ਖੇਡਾਂ ਹਰ ਦੋ ਸਾਲਾਂ ਬਾਅਦ ਹੁੰਦੀਆਂ ਹਨ ਤੇ ਇਨ੍ਹਾਂ ਮੁਕਾਬਲਿਆਂ ਵਿਚ ਦੁਨੀਆਂ ਭਰ ਦੇ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਿੱਸਾ ਲੈਂਦੇ ਹਨ।ਪੁਲਿਸ ਅਤੇ ਫਾਇਰ ਦੇ ਖਿਡਾਰੀਆਂ ਲਈ ਇਹ ਖੇਡਾਂ ਇੱਕ ਕਿਸਮ ਦੀਆਂ ਮਿੰਨੀ ਓਲੰਪਿਕ ਦੀਆਂ ਖੇਡਾਂ ਹਨ। ਇਸ ਸਾਲ ਇਨ੍ਹਾਂ ਖੇਡਾਂ ਵਿਚ ਦੁਨੀਆਂ ਭਰ ਦੇ 12,000 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਅਤੇ ਫਾਇਰ ਮੁਕਾਬਲਿਆਂ ਵਿਚ ਹਿੱਸਾ ਲਿਆ।

ਅਰਜੁਨ ਐਵਾਰਡੀ ਖਿਡਾਰੀ ਅਵਨੀਤ ਸਿੱਧੂ ਨੇ ਇਸ ਤੋਂ ਪਹਿਲਾਂ ਮੈਲਬਰਨ (ਆਸਟਰੇਲੀਆ) ਵਿਖੇ ਸਾਲ 2006 ਦੌਰਾਨ ਆਯੋਜਿਤ 18ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਇਕ ਸੋਨੇ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਅਤੇ ਸਾਲ 2006 ਵਿਚ ਦੋਹਾ (ਕੱਤਰ) ਵਿਖੇ 15ਵੀਂ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਏ.ਆਈ.ਜੀ ਕਪੂਰ ਨੇ ਉਕਤ ਖੇਡਾਂ ਵਿਚ ਸਾਲ 2009 ਤੋਂ ਬਾਅਦ ਲਗਾਤਾਰ ਪੰਜਵੀਂ ਵਾਰ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਾਲ 2009 ਦੌਰਾਨ ਉਹਨਾਂ ਵੈਨਕੂਵਰ ਵਿੱਚ ਹੋਈਆਂ ਡਬਲਯੂ.ਪੀ.ਐਫ.ਜੀ ਖੇਡਾਂ ਵਿਚ ਪਹਿਲੀ ਵਾਰ ਟੈਨਿਸ ਸਿੰਗਲਜ਼ ਵਿੱਚ ਕਾਂਸੇ ਦਾ ਤਮਗਾ, ਸਾਲ 2011 ਨਿਊਯਾਰਕ ਖੇਡਾਂ ਵਿਚ ਚਾਂਦੀ ਦਾ ਤਗਮਾ, ਸਾਲ 2013 ਦੌਰਾਨ ਬੈਲਫਾਸਟ (ਆਇਰਲੈਂਡ) ਅਤੇ ਸਾਲ 2015 ਫੇਅਰਫੈਕਸ (ਅਮਰੀਕਾ) ਵਿਚ ਸੋਨ ਤਮਗਾ ਜਿੱਤਿਆਂ ਸੀ।ਜ਼ਿਕਰਯੋਗ ਹੈ ਕਿ ਸ਼੍ਰੀ ਅਸ਼ੀਸ ਪਿਛਲੇ 15 ਸਾਲਾਂ ਤੋਂ ਟੈਨਿਸ ਸਿੰਗਲਜ਼ ਵਿਚ ਆਲ ਇੰਡੀਆ ਪੁਲਿਸ ਖੇਡਾਂ ਦੇ ਚੈਂਪੀਅਨ ਹਨ ਅਤੇ ਉਹ ਬੇਹਤਰੀਨ ਰੈਂਕਿੰਗ ਵਾਲੇ ਖਿਡਾਰੀ ਹਨ।