5 Dariya News

ਦੇਸ਼ ਨੂੰ ਅਕਤੂਬਰ 2019 ਤੱਕ ਖੁਲ੍ਹੇ ਵਿਚ ਸੌਚ ਜਾਣ ਤੋਂ ਮੁਕਤ ਕਰ ਦਿੱਤਾ ਜਾਵੇਗਾ : ਪਰਮੇਸ਼ਵਰਨ ਆਇਅਰ

ਪੰਜਾਬ ਨੇ ਪੀਣ ਵਾਲਾ ਸਾਫ ਸੁਥਰਾ ਪਾਣੀ ਸਪਲਾਈ ਕਰਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਸ਼ਲਾਘਾ ਯੋਗ ਕੰਮ ਕੀਤਾ, ਜਿਲ੍ਹੇ ਦੇ 348 ਪਿੰਡ ਖੁਲ੍ਹੇ ਵਿਚ ਸੌਚ ਜਾਣ ਤੋਂ ਹੋਏ ਮੁਕਤ : ਗੁਰਪ੍ਰੀਤ ਕੌਰ ਸਪਰਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-Aug-2017

ਦੇਸ਼ ਨੂੰ ਅਕਤੂਬਰ 2019 ਤੱਕ ਖੁਲ੍ਹੇ ਵਿਚ ਸੌਚ ਜਾਣ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਦੇਸ਼ ਵਿਚ ਰੇਨ ਹਾਰਵੈਸਟਿੰਗ ਸਿਸਟਮ ਤੇ ਪਾਣੀ ਬਚਾਓ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਭਾਰਤ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਪਰਮੇਸ਼ਵਰਨ ਆਇਅਰ ਨੇ ਮੋਹਾਲੀ ਨੇੜਲੇ ਪਿੰਡ ਬਲਿਆਲੀ ਵਿਖੇ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਪੇਂਡੂ ਜਲਘਰ ਅਤੇ ਖੁਲ੍ਹੇ ਵਿਚ ਸੌਚ ਮੁਕਤ ਕਰਨ ਲਈ ਪਿੰਡ ਦੇ ਘਰਾਂ 'ਚ ਬਣਾਏ ਗਏ ਪਾਖਾਨਿਆਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ। ਇਸ ਮੌਕੇ ਉਨਾਂ੍ਹ ਨਾਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ ਸ੍ਰੀਮਤੀ ਜਸਪ੍ਰੀਤ ਤਲਵਾੜ ਵਿਸ਼ੇਸ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ ਸ੍ਰੀ ਅਸ਼ਵਨੀ ਕੁਮਾਰ , ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਡਾਇਰੈਕਟਰ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸ. ਸੁਖਮਿੰਦਰ ਸਿੰਘ ਪੰਧੇਰ ਵੀ ਮੌਜੂਦ ਸਨ। ਸਕੱਤਰ ਭਾਰਤ ਸਰਕਾਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਦਿਹਾਤੀ ਖੇਤਰ ਵਿਚ ਵਸਦੇ ਲੋਕਾਂ ਲਈ ਪੀਣ ਵਾਲਾ ਸਾਫ ਸੁਥਰਾ ਪਾਣੀ ਪਾਇਪ ਰਾਹੀਂ  ਸਪਲਾਈ ਕਰਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਸ਼ਲਾਘਾ ਯੋਗ ਕੰਮ ਕੀਤਾ ਹੈ। ਉਨਾਂਹ ਦੱਸਿਆ ਕਿ ਪਿੰਡ ਬਲਿਆਲੀ ਵਿਖੇ ਬਣਿਆ ਪੇਂਡੂ ਜਲਘਰ ਜਿਥੋਂ ਕੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਹੋ ਰਹੀ ਹੈ ਆਪਣੇ ਆਪ ਵਿਚ ਇਕ ਮਿਸਾਲ ਹੈ ਇਥੋਂ ਤੱਕ ਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰਨਾ ਮੈਟਰੋ ਸ਼ਹਿਰਾਂ ਵਿਚ ਵੀ 24 ਘੰਟੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀ ਹੈ ਉਨਾਂ੍ਹ ਦੱਸਿਆ ਕਿ ਪਿੰਡ ਵਿਚ ਹਰੇਕ ਘਰ ਵਿਚ ਪਾਣੀ ਦਾ ਨਿੱਜੀ ਕੁਨੈਕਸ਼ਨ ਅਤੇ ਪਾਣੀ ਦੇ ਮੀਟਰ ਲੱਗੇ ਹੋਣ ਕਾਰਣ ਜਿੱਥੇ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਉਥੇ  ਬਿਲਾਂ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਉਨਾਂ੍ਹ ਲੋਕਾਂ ਦੀ ਭਾਗੀਦਾਰੀ ਨਾਲ ਪੇਂਡੂ ਜਲਘਰ ਚਲਾਉਣ ਲਈ ਇਕ ਚੰਗੀ ਪ੍ਰਬੰਧ ਦੱਸਿਆ। ਉਨਾਂਹ ਹੋਰ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ 90 ਫੀਸਦੀ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਪਾਇਪਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਜਦਕਿ ਦੇਸ਼ ਵਿਚ ਔਸਤਨ 55 ਫੀਸਦੀ ਲੋਕਾਂ ਨੂੰ ਪਾਇਪ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। 

ਇਸ ਲਈ ਪੰਜਾਬ ਨੇ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵੀ ਸ਼ਲਾਘਾ ਯੋਗ ਕੰਮ ਕੀਤਾ ਹੈ। ਉਨਾਂਹ ਪਿੰਡ ਨੂੰ ਸੌਚ ਮੁਕਤ ਕਰਨ ਲਈ ਬਣਾਏ ਗਏ ਘਰਾਂ ਚ ਪਾਖਾਨਿਆਂ ਦਾ ਮੁਆਇਨਾ ਵੀ ਕੀਤਾ। ਉਨਾਂਹ ਦੱਸਿਆ ਕਿ ਪੰਜਾਬ ਨੂੰ 31 ਦਸੰਬਰ 2017 ਤੱਕ ਓ.ਡੀ.ਐਫ ਕਰ ਦਿੱਤਾ ਜਾਵੇਗਾ। ਸਕੱਤਰ ਭਾਰਤ ਸਰਕਾਰ ਅਤੇ ਹੋਰਨਾਂ ਅਧਿਕਾਰੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਦੇ ਪੇਂਡੂ ਜਲਘਰ ਵਿਖੇ ਪੌਦੇ ਵੀ ਲਗਾਏ ਅਤੇ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ। ਸ੍ਰੀ ਆਇਅਰ ਨੇ ਇਸ ਮੌਕੇ ਪਿੰਡ ਦੀ ਪੰਚਾਇਤ, ਪੇਂਡੂ ਜਲ ਸਪਲਾਈ ਤੇ ਸੈਨੀਟਸ਼ਨ ਕਮੇਟੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਅਤੇ ਮੋਹਤਬਰ ਬੰਦਿਆਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਪਿੰਡ ਨੂੰ ਸੌਚ ਮੁਕਤ ਕਰਨ ਲਈ ਬਣਾਏ ਗਏ ਪਾਖਾਨਿਆਂ ਬਾਰੇ ਵੀ ਗੱਲਬਾਤ ਕੀਤੀ ਜਿਸ ਲਈ ਲੋਕਾਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਸਕੱਤਰ ਭਾਰਤ ਸਰਕਾਰ ਨੂੰ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਕਮੇਟੀ ਨੇ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਕੱਤਰ ਭਾਰਤ ਸਰਕਾਰ ਨੂੰ ਦੱਸਿਆ ਕਿ ਪਿੰਡ ਬਲਿਆਲੀ ਸਮੇਤ ਜਿਲ੍ਹੇ ਦੇ ਹੋਰ 21 ਪਿੰਡਾਂ ਨੂੰ ਵੀ 24 ਘੰਟੇ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਜਿਲ੍ਹੇ ਦੇ ਹਰੇਕ ਪਿੰਡ ਨੂੰ ਪੇਂਡੂ ਜਲਘਰ ਨਾਲ ਜੋੜਿਆ ਹੋਇਆ ਹੈ। ਉਨਾਂਹ ਦੱਸਿਆ ਕਿ ਪਿੰਡ ਬਲਿਆਲੀ ਸਮੇਤ ਜਿਲ੍ਹੇ ਦੇ ਕੁਲ 348 ਪਿੰਡਾਂ ਨੂੰ ਖੁਲ੍ਹੇ ਵਿਚ ਸੌਚ ਜਾਣ ਤੋਂ ਮੁਕਤ ਕੀਤਾ ਜਾ ਚੁੱਕਾ ਹੈ ਅਤੇ ਜਿਲ੍ਹੇ ਦੇ ਪਿੰਡਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਕਰੀਬ 13621 ਪਾਖਾਨੇ ਉਸਾਰੇ ਗਏ ਹਨ। ਉਨਾਂਹ ਦੱਸਿਆ ਕਿ ਵਿਸ਼ਵ ਪ੍ਰੋਜੈਕਟ ਅਧੀਨ ਪਿੰਡਾਂ ਵਿਚ 56 ਪੇਂਡੂ ਜਲਘਰ ਸਥਾਪਿਤ ਕਰਨ ਲਈ 1ਕਰੋੜ 99 ਲੱਖ 28 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ  ਜਲਦੀ ਹੀ ਕੰਮ ਮੁਕਮੰਲ ਹੋ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਜੀਵ ਕੁਮਾਰ ਗਰਗ,  ਐਸ. ਡੀ.ਐਮ ਡਾ. ਆਰ.ਪੀ.ਸਿੰਘ, ਸਕੱਤਰ ਜਿਲਾ੍ਹ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ, ਐਸ.ਪੀ.(ਸਿਟੀ) ਸ੍ਰੀ ਜਗਜੀਤ ਸਿੰਘ ਜੱਲਾ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਪਿੰਡ ਬਲਿਆਲੀ ਦੀ ਸਮੁੱਚੀ ਪੰਚਾਇਤ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਮੌਜਦ ਸਨ।