5 Dariya News

ਸਾਰਾਗੜ੍ਹੀ ਦਿਵਸ ਤੇ ਫ਼ਿਰੋਜ਼ਪੁਰ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ- ਨਵਜੋਤ ਸਿੰਘ ਸਿੱਧੂ

ਫ਼ਿਰੋਜ਼ਪੁਰ ਦੇ ਇਤਿਹਾਸਕ ਸਥਾਨਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇਗਾ, ਹੁਸੈਨੀਵਾਲਾ ਸਰਹੱਦ ਭਾਰਤ-ਪਾਕਿ ਵਿਚਕਾਰ ਵਪਾਰ ਖੋਲ੍ਹਣ ਵਾਸਤੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ

5 Dariya News

ਫ਼ਿਰੋਜ਼ਪੁਰ 15-Aug-2017

ਅੱਜ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਇੱਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਕੈਬਿਨਟ ਮੰਤਰੀ ਸਥਾਨਕ ਸਰਕਾਰਾਂ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਪੰਜਾਬ ਸ. ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਵੱਲੋਂ ਰਾਸ਼ਟਰੀ ਝੰਡਾਂ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ, ਬੀ.ਐਸ.ਐਫ ਭਾਰਤੀ ਫ਼ੌਜ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ। ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿਚ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਮੁੱਖ ਮਹਿਮਾਨ ਸ. ਨਵਜੋਤ ਸਿੰਘ ਸਿੱਧੂ ਕੈਬਿਨਟ ਮੰਤਰੀ ਪੰਜਾਬ ਨੇ ਕਿਹਾ ਕਿ ਅਨੇਕਾਂ ਸ਼ਹੀਦਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਅਤੇ ਇਸ ਅਵਸਰ ਤੇ ਅਸੀਂ ਆਜ਼ਾਦੀ ਦੇ ਪਰਵਾਨਿਆਂ ਤੇ ਸਮੂਹ ਸ਼ਹੀਦਾਂ ਸੂਰਬੀਰਾਂ ਤੇ ਵੱਖ-ਵੱਖ ਆਜ਼ਾਦੀ ਦੀਆ ਲਹਿਰਾਂ ਵਿਚ ਹਿੱਸਾ ਪਾਉਣ ਵਾਲੇ ਯੋਧਿਆਂ, ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵੱਡੇ ਸਮਰਥਨ  ਨਾਲ ਹੋਂਦ ਵਿਚ ਆਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਦਾ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਪਹਿਲੇ ਦਿਨਾ ਵਿਚ ਹੀ ਭ੍ਰਿਸ਼ਟਾਚਾਰ, ਨਸ਼ਿਆਂ ਦੇ ਖ਼ਾਤਮੇ, ਵੀ.ਆਈ.ਪੀ ਸਭਿਆਚਾਰ ਖ਼ਤਮ ਕਰਨ, ਡੀ.ਟੀ.ਓ ਪ੍ਰਣਾਲੀ ਖ਼ਤਮ ਕਰਨ, ਕਿਸਾਨੀ ਕਰਜ਼ੇ ਦੀ ਮੁਆਫ਼ੀ ਵਰਗੇ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਦੇ ਦੂਰਗਾਮੀ ਪਰਿਣਾਮ ਨਿਕਲਣਗੇ। 

ਸ. ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਜਰ੍ਹਾ-ਜਰ੍ਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆ ਨੇ ਕੀਤੀਆਂ ਜਿਸ ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦਾ ਕੌਮੀ ਸਰਹੱਦੀ ਸਮਾਰਕ ਹੁਸੈਨੀਵਾਲਾ, ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ, ਸਿੱਖ ਫ਼ੌਜਾਂ ਵੱਲੋਂ ਅੰਗਰੇਜ਼ਾਂ ਨਾਲ ਲੜੇ ਆਜ਼ਾਦੀ ਸੰਗਰਾਮ ਦੀਆਂ ਲੜਾਈਆਂ ਫ਼ਿਰੋਜ਼ਸ਼ਾਹ, ਮੁੱਦਕੀ ਅਤੇ ਸਭਰਾਵਾਂ ਆਦਿ ਨੂੰ ਇਤਿਹਾਸਕ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਜਲਦੀ ਫ਼ਿਰੋਜ਼ਪੁਰ ਦਾ ਦੌਰਾ ਕਰਕੇ ਇਤਿਹਾਸਕ ਸਥਾਨਾਂ ਦਾ ਵਿਕਾਸ ਅਤੇ ਸੈਰ ਸਪਾਟਾ ਸਬੰਧੀ ਹੋਰ ਸਹੂਲਤਾਂ ਦੇਣ ਦਾ ਐਲਾਨ ਕੀਤਾ ਜਾਵੇਗਾ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ 12 ਸਤੰਬਰ ਸਾਰਾਗੜ੍ਹੀ ਦਿਵਸ ਸਮੇਂ ਰਾਜ ਪੱਧਰੀ ਸਮਾਗਮ ਮਨਾਉਣ ਦਾ ਨਿਰਣਾ ਲਿਆ ਗਿਆ ਹੈ ਤੇ ਇਸ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਹੋਵੇਗੀ ਤੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਵਿਖੇ ਵੱਡਾ ਰਾਜ ਪੱਧਰੀ ਸਮਾਗਮ ਵੀ ਕੀਤਾ ਜਾਵੇਗਾ। 

ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਵੀਂ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਪੁਰਾਣੇ ਉਦਯੋਗਾਂ ਨੂੰ ਮੁੜ ਪੈਰਾਂ ਸਿਰ ਖੜ੍ਹੇ ਕਰਨ ਲਈ ਸਹੂਲਤਾਂ ਦੇਣ ਅਤੇ ਨੋਂਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਪਰਾਲੇ ਕੀਤੇ ਜਾਣਗੇ। ਕਿਸਾਨਾਂ, ਮਜ਼ਦੂਰਾ, ਵਪਾਰੀਆਂ ਸਮੇਤ ਰਾਜ ਦੇ ਹਰ ਵਰਗ ਦੀ ਉੱਨਤੀ ਤੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਚਲਾਈਆਂ ਜਾਣਗੀਆਂ ਅਤੇ ਪੰਜਾਬ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੇਂਦਰ ਸਰਕਾਰ ਨਾਲ ਹੁਸੈਨੀਵਾਲਾ ਬਾਰਡਰ ਭਾਰਤ ਤੇ ਪਾਕਿਸਤਾਨ ਵਿਚ ਵਪਾਰ ਖੋਲ੍ਹਣ ਲਈ ਪੂਰੀ ਤਨਦੇਹੀ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਵਾਹਗਾ ਸਰਹੱਦ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਲਈ ਖੋਲ੍ਹੀ ਜਾ ਸਕਦੀ ਹੈ ਤਾਂ ਹੁਸੈਨੀਵਾਲਾ ਕਿਉਂ ਨਹੀਂ। ਇਸ ਤੋਂ ਪਹਿਲਾਂ ਸ. ਨਵਜੋਤ ਸਿੰਘ ਸਿੱਧੂ ਕੈਬਿਨਟ ਮੰਤਰੀ ਪੰਜਾਬ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।  ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ, ਸੁਤੰਤਰਤਾ ਸੰਗਰਾਮੀਆਂ, ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ, ਖਿਡਾਰੀਆਂ, ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਆਦਿ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਦੇਸ਼ ਭਗਤੀ ਨੂੰ ਦਰਸਾਉਂਦਾ ਰੰਗਾਂ ਰੰਗ ਸਭਿਆਚਾਰ ਪ੍ਰੋਗਰਾਮ ਤੋਂ ਇਲਾਵਾ ਪੰਜਾਬ ਦੇ ਲੋਕ ਨਾਚਾਂ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ। 

 ਇਸ ਸਮਾਗਮ ਵਿਚ ਪਿੰ੍ਰਸੀਪਲ ਸੈਕਟਰੀ ਸ੍ਰੀ ਸਤੀਸ਼ ਚੰਦਰਾ, ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਬੀਬੀ ਸਤਿਕਾਰ ਕੌਰ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਸਾਬਕਾ ਮੰਤਰੀ ਸ. ਇੰਦਰਜੀਤ ਸਿੰਘ ਜ਼ੀਰਾ, ਕਮਿਸ਼ਨਰ ਸ਼੍ਰੀ ਵੀ.ਕੇ ਮੀਨਾ, ਸ਼੍ਰੀ ਰਜਿੰਦਰ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ ਅਗਰਵਾਲ, ਸ਼੍ਰੀ ਗੌਰਵ ਗਰਗ ਐਸ.ਐਸ.ਪੀ,  ਸ਼੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ ਸ. ਰਣਜੀਤ ਸਿੰਘ, ਸ. ਮਲਕੀਤ ਸਿੰਘ ਡੀ.ਈ.ਓ, ਸ. ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ, ਸ. ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ,  ਸ. ਹਰਜਿੰਦਰ ਸਿੰਘ ਬਿੱਟੂ ਸਾਂਘਾ, ਡਾ: ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਸ. ਗੁਰਭੇਜ ਸਿੰਘ ਟਿੱਬੀ, ਸ਼੍ਰੀ ਰਵੀ ਸ਼ਰਮਾ ਗੁਰੂਹਰਸਹਾਏ, ਸ. ਹਰਿੰਦਰ ਸਿੰਘ ਖੋਸਾ, ਸ. ਧਰਮਜੀਤ ਸਿੰਘ, ਸ. ਸੁਰਜੀਤ ਸਿੰਘ ਸੇਠੀ, ਸ. ਗੁਰਦੀਪ ਢਿੱਲੋਂ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਡਾ: ਰਮੇਸ਼ਵਰ ਸਿੰਘ, ਸ. ਬਲਬੀਰ ਬਾਠ, , ਸ. ਗੁਰਨੈਬ ਸਿੰਘ ਬਰਾੜ ਸਾਬਕਾ ਵਿਧਾਇਕ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ, ਰਾਜਨੀਤੀ ਆਗੂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਪੰਚਾਇਤਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।