5 Dariya News

ਵਿਜੀਲੈਂਸ ਵੱਲੋਂ ਸ਼ੰਭੂ ਬੈਰੀਅਰ ਦੀ ਅਚਨਚੇਤ ਚੈਕਿੰਗ, ਇੱਕੋ ਦਿਨ 'ਚ ਮਾਲੀਆ ਪ੍ਰਾਪਤੀ 239% ਵਧੀ

ਅੰਤਰਰਾਜੀ ਸੈਲਾਨੀ ਵਹੀਕਲਾਂ ਦੀ ਐਂਟਰੀ ਕਰੀਬ 286% ਵੱਧ ਹੋਈ, ਇੱਕੋ ਬੰਦਾ ਹੀ ਚਾਰ ਮੁਲਾਜ਼ਮਾਂ ਦੀ ਥਾਂ 24 ਘੰਟੇ ਦੀ ਸ਼ਿਫਟ ਲਾਉਂਦਾ ਮਿਲਿਆ

5 Dariya News

ਚੰਡੀਗੜ 12-Aug-2017

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਰ ਇਕੱਤਰਨ ਕੇਂਦਰ ਸ਼ੰਭੂ, ਰਾਜਪੁਰਾ ਵਿਖੇ ਰੋਡ ਟੈਕਸ ਉਗਰਾਹੁਣ ਅਤੇ ਹੋਰ ਅਨਿਯਮਤਾਵਾਂ ਹੋਣ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ ਜੋ ਅੱਠ ਘੰਟੇ ਲਗਾਤਾਰ ਜਾਰੀ ਰਹੀ ਜਿਸ ਨਾਲ ਇਸ ਅੰਤਰਰਾਜੀ ਕਰ ਬੈਰੀਅਰ 'ਤੇ ਇੱਕ ਦਿਨ ਵਿੱਚ ਹੀ ਵਹੀਕਲਾਂ ਦੀ ਐਂਟਰੀ ਕਰੀਬ 286% ਵੱਧ ਹੋਈ ਅਤੇ ਸਰਕਾਰ ਨੂੰ ਮਾਲੀਆ ਪ੍ਰਾਪਤੀ ਪਹਿਲਾਂ ਦੇ ਮੁਕਾਬਲੇ ਉਸ ਦਿਨ ਕਰੀਬ 239% ਵੱਧ ਹਾਸਲ ਹੋਈ।ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਬੀ.ਕੇ. ਉਪਲ, ਏ.ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੇ ਦੱਸਿਆ ਕਿ ਵਿਜੀਲੈਂਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਬੈਰੀਅਰ 'ਤੇ ਟੈਕਸੀ/ਟੂਰਿਸਟ ਗੱਡੀਆਂ ਤੋਂ ਰਾਜ ਦੀ ਦਾਖਲਾ ਫੀਸ ਲੈਣ ਮੌਕੇ ਵੱਧ ਪੈਸੇ ਵਸੂਲੇ ਜਾ ਰਹੇ ਹਨ ਅਤੇ ਦੂਜੇ ਰਾਜਾਂ ਦੀਆਂ ਸੈਲਾਨੀ ਗੱਡੀਆਂ ਨੂੰ ਸਾਂਠ-ਗਾਂਠ ਰਾਹੀਂ ਲੰਘਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸ਼ੰਭੂ ਬੈਰੀਅਰ 'ਤੇ ਹੁੰਦੀਆਂ ਅਜਿਹੀਆਂ ਊਣਤਾਈਆਂ ਦੀ ਪੂਰੀ ਪੜਤਾਲ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਦੀ ਵਿਸ਼ੇਸ਼ ਟੀਮ ਦਾ ਗਠਨ ਕਰਕੇ ਕੀਤੀ ਗਈ ਜਿਸ ਦੌਰਾਨ ਪਾਇਆ ਗਿਆ ਕਿ ਦਫ਼ਤਰ ਵਿੱਚ ਯੂਜ਼ਰ/ਫੇਸਿਲੀਟੇਸ਼ਨ ਚਾਰਜਿਜ਼ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ 24 ਘੰਟੇ ਲਈ ਬੈਰੀਅਰ 'ਤੇ ਚਾਰ ਮੁਲਾਜ਼ਮਾਂ ਨੂੰ ਆਪਣੀ ਵਾਰੀ ਸਿਰ ਡਿਊਟੀ ਨਿਭਾਉਣੀ ਹੁੰਦੀ ਹੈ ਪਰ ਉਥੇ ਸਿਰਫ਼ ਇੱਕ ਬੰਦਾ ਹੀ 24 ਘੰਟੇ ਦੀ ਸ਼ਿਫਟ ਲਾ ਰਿਹਾ ਸੀ।  ਸ੍ਰੀ ਉਪਲ ਨੇ ਦੱਸਿਆ ਕਿ ਅਜਿਹੀਆਂ ਉਣਤਾਈਆਂ ਸਬੰਧੀ ਕਰ ਅਤੇ ਆਬਕਾਰੀ ਮਹਿਕਮੇ ਨੂੰ ਲਿਖਤੀ ਭੇਜਿਆ ਜਾਵੇਗਾ ਤਾਂ ਜੋ ਅਨੁਸ਼ਾਸ਼ਨੀ ਕਰਵਾਈ ਸਮੇਤ ਕਰ ਉਗਰਾਹੀ ਦੇ ਢਾਂਚੇ ਨੂੰ ਦਰੁਸਤ ਕੀਤਾ ਜਾ ਸਕੇ।

ਚੌਕਸੀ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਸ਼੍ਰੀ ਪ੍ਰੀਤੀਪਾਲ ਸਿੰਘ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਇਸ ਟੀਮ ਨੇ ਸਵੇਰੇ 8 ਵਜੇ ਤੋਂ ਸ਼ਾਮ ਤੱਕ ਮੋਟਰ ਵਾਹਨ ਕਰ ਸਬੰਧੀ ਇਹ ਚੈਕਿੰਗ ਮੁਕੰਮਲ ਕੀਤੀ ਜਿਸ ਦੌਰਾਨ ਬਾਹਰਲੇ ਸੂਬਿਆਂ ਦੇ 38 ਟਰੱਕ, 75 ਮਿੰਨੀ ਟਰੱਕ ਅਤੇ ਸੈਲਾਨੀ (ਟੂਰਿਸਟ) ਪਰਮਿਟਾਂ ਵਾਲੇ 18 ਟੈਂਪੂ ਟਰੈਵਲਜ਼, 4 ਲਗਜਰੀ ਬੱਸਾਂ, 86 ਕਾਰਾਂ, ਇਨੋਵਾ ਤੇ ਜੀਪਾਂ ਆਦਿ ਦੇ ਪਰਮਿਟ ਅਤੇ ਰੋਡ ਟੈਕਸ ਮੌਕੇ 'ਤੇ ਚੈਕ ਕੀਤੇ।  ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁੱਝ ਗੱਡੀਆਂ ਵੱਲੋਂ ਰੋਡ ਟੈਕਸ ਨਹੀਂ ਭਰਿਆ ਹੋਇਆ ਸੀ ਜਿਸ ਕਰਕੇ ਮੌਕੇ 'ਤੇ ਹੀ ਵੱਖ-ਵੱਖ ਵਾਹਨਾਂ ਤੋਂ ਕੁੱਲ 15,230 ਰੁਪਏ ਟੈਕਸ ਭਰਵਾਇਆ ਗਿਆ। ਸ੍ਰੀ ਉਪਲ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਚੌਕਸੀ ਬਿਓਰੋ ਦੀ ਟੀਮ ਨੇ ਬੈਰੀਅਰ ਦੀ ਉਗਰਾਹੀ ਦਾ ਪਿਛਲੇ ਦਸ ਦਿਨਾਂ ਦਾ ਸਾਰਾ ਰਿਕਾਰਡ ਖੰਗਾਲਿਆ ਹੈ ਅਤੇ ਇਹ ਦੇਖਿਆ ਕਿ ਰੋਜਾਨਾਂ 24 ਘੰਟਿਆਂ ਦੌਰਾਨ ਇਸ ਬੈਰੀਅਰ 'ਤੇ ਸਿਰਫ਼ 150 ਤੋਂ 200 ਗੱਡੀਆਂ ਹੀ ਦਰਜ ਕੀਤੀਆਂ ਰਹੀਆਂ ਸਨ ਜਿੰਨਾਂ ਤੋਂ ਅੰਦਾਜ਼ਨ 2 ਲੱਖ ਰੁਪਏ ਦਾ ਹੀ ਕਰ ਉਗਰਾਹਿਆ ਜਾ ਰਿਹਾ ਸੀ ਪਰ ਵਿਜੀਲੈਂਸ ਦੀ ਚੈਕਿੰਗ ਵਾਲੇ ਦਿਨ ਕੀਤੀ ਤੁਲਨਾਤਮਿਕ ਜਾਂਚ ਉਪਰੰਤ ਪਾਇਆ ਗਿਆ ਕਿ ਉਸ ਦਿਨ 24 ਘੰਟਿਆਂ ਵਿੱਚ ਕਰੀਬ 450 ਗੱਡੀਆਂ ਬੈਰੀਅਰ 'ਤੇ ਦਰਜ ਹੋਈਆਂ ਜਿਨਾਂ ਤੋਂ 5 ਲੱਖ 38 ਹਜਾਰ ਰੁਪਏ ਅੰਤਰਰਾਜੀ ਕਰ ਵਸੂਲਿਆ ਗਿਆ। ਉਨਾਂ ਕਿਹਾ ਕਿ ਵਿਜੀਲੈਂਸ ਟੀਮ ਵੱਲੋਂ ਕੀਤੀ ਇਸ ਚੈਕਿੰਗ ਨਾਲ ਇਸ ਅੰਤਰਰਾਜੀ ਕਰ ਬੈਰੀਅਰ 'ਤੇ ਵਹੀਕਲਾਂ ਦੀ ਐਂਟਰੀ ਕਰੀਬ 286% ਵੱਧ ਗਈ ਹੈ ਅਤੇ ਪੰਜਾਬ ਸਰਕਾਰ ਦਾ ਰੈਵੀਨਿਊ ਪਹਿਲਾਂ ਦੇ ਮੁਕਾਬਲੇ ਕਰੀਬ 239% ਵੱਧ ਪਾਇਆ ਗਿਆ।