5 Dariya News

ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਵਿਚ ਵਾਧਾ ਕਰਨ ਲਈ '' ਗਿਆਨ ਅੰਜਨੁ'' ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ : ਗੁਰਪ੍ਰੀਤ ਕੌਰ ਸਪਰਾ

ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਵਿਚ ਸਮੇਂ ਦਾ ਹਾਣੀ ਬਣਾਇਆ ਜਾਵੇਗਾ , ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਕੀਤਾ ਜਾਵੇਗਾ ਵਿਕਸਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Aug-2017

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆ ਦੇ ਆਮ ਗਿਆਨ ਅਤੇ ਚਲੰਤ ਮਾਮਲਿਆਂ ਵਿਚ ਵਾਧਾ ਕਰਨ ਲਈ '' ਗਿਆਨ ਅੰਜਨੁ'' ਪ੍ਰੋਜੇਕਟ  ਸੁਰੂ ਕੀਤਾ ਜਾਵੇਗਾ ਜਿਸ ਨੂੰ ਕਿ ਅਗਸਤ ਮਹੀਨੇ ਤੋਂ ਜਨਵਰੀ 2018 ਤੱਕ ਚਲਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ  ਦਿੰਦਿਆਂ ਦੱਸਿਆ ਕਿ '' ਗਿਆਨ ਅੰਜਨੁ'' ਪ੍ਰੋਜੈਕਟ ਦੁਆਰਾ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਸਕੂਲੀ ਬੱਚਿਆਂ ਨੂੰ ਭਾਵੀ ਜਿੰਦਗੀ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ  ਸ਼ੁਰੂ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਵਿਦਿਆਰਥੀਆ ਦੇ ਤਿੰਨ ਗਰੁੱਪ ਬਣਾਏ ਜਾਣਗੇ। ਪਹਿਲੇ ਗਰੁੱਪ ਵਿਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਅਤੇ ਦੂਜੇ ਗਰੁੱਪ ਵਿਚ ਨੋਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਅਤੇ ਤੀਜੇ ਗਰੁੱਪ ਵਿੱਚ ਗਿਆਰਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਿਲ ਹੋਣਗੇ। ਇਸ ਪ੍ਰੋਜੈਕਟ ਨੂੰ ਵਿਵਹਾਰਿਕ ਰੁਪ ਵਿਚ ਲਾਗੂ ਕਰਨ ਲਈ  ਫੈਸਲਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਪੱਧਰ ਤੇ ਸੀ.ਜੀ.ਆਰ.ਪੀ. ਵੱਲੋਂ ਵੱਖ ਵੱਖ ਵਿਸ਼ਿਆਂ ਬਾਰੇ ਪ੍ਰਸ਼ਨ ਤਿਆਰ ਕੀਤੇ ਜਾਣਗੇ ਅਤੇ ਪੰਜ ਮੈਂਬਰੀ ਵਿਸ਼ਾ ਮਾਹਿਰ ਕਮੇਟੀ ਵੱਲੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਰੋਜ ਪੰਜ ਪੰਜ ਪ੍ਰਸ਼ਨ, ਸਮੇਤ ਉÎੱਤਰ ਇੱਕ ਪੀ.ਡੀ.ਐਫ. ਫਾਇਲ ਰਾਂਹੀ ਜ਼ਿਲ੍ਹੇ ਦੇ ਸਮੂਹ ਕੈਰੀਅਰ ਅਧਿਆਪਕਾਂ ਨੂੰ ਮੋਬਾਇਲ ਰਾਂਹੀ ਵਟਸਐਪ ਦੇ ਗਰੁੱਪ ਬਣਾ ਕੇ ਇੱਕ ਦਿਨ ਪਹਿਲਾ ਹੀ ਸ਼ਾਮ ਸਮੇਂ ਭੇਜੇ ਜਾਣਗੇ। ਕੈਰੀਅਰ ਅਧਿਆਪਕ ਉਨ੍ਹਾਂ ਪ੍ਰਸ਼ਨਾਂ ਨੂੰ ਨੋਟ ਕਰਕੇ ਅਗਲੇ ਦਿਨ ਸਵੇਰ  ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਬੋਲ ਕੇ ਦੱਸਣਗੇ। ਇਨ੍ਹਾਂ ਪ੍ਰਸ਼ਨਾਂ ਤੋਂ ਇਲਾਵਾ ਪੰਜਾਬ ਦੇ ਪ੍ਰਮੁੱਖ ਅਖਬਾਰਾਂ ਵਿੱਚੋ ਚਲੰਤ ਮਾਮਲਿਆਂ ਬਾਰੇ ਰੋਜਾਨਾ ਪੰਜ ਖਬਰਾਂ ਵੀ ਦੱਸਿਆਂ ਜਾਣਗੀਆ। ਇਸ ਤੋਂ ਮਗਰੋ ਇਹ ਪੰਜ ਪ੍ਰਸਨ/ਉੱਤਰ ਅਤੇ ਪੰਜ ਖਬਰਾਂ (ਜੋ ਅੰਤਰਰਾਸ਼ਟਰੀ , ਰਾਸ਼ਟਰੀ ਮੁੱਦਿਆ, ਸਾਇੰਸ ਦੀ ਤਰੱਕੀ, ਖੇਡਾਂ, ਮਹਾਨ ਸ਼ਖਸ਼ੀਅਤਾਂ ਦੇ ਕਾਰਜਾਂ ਆਦਿ ਬਾਰੇ ਹੋ ਸਕਦੀਆਂ) ਨੂੰ ਕੈਰੀਅਰ ਅਧਿਆਪਕਾਂ ਵੱਲੋਂ ਸਕੂਲ ਬੋਰਡ ਤੇ ਲਿਖਵਾਇਆ ਜਾਵੇਗਾ। 

ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮੰਤਵ  ਵਿਦਿਆਰਥੀਆਂ ਵਿਚ ਸਿਲੇਬਸ ਦੀਆ ਕਿਤਾਬਾਂ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਵਿਕਸਿਤ ਕਰਨ ਅਤੇ ਹੋਰ ਜਾਗ੍ਰਿਤੀ ਪੈਦਾ ਕਰਨਾ ਹੈ। ਹਰ ਸਕੂਲ ਵਿਚੋਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ।ਉਨ੍ਹਾਂ ਦੱਸਿਆ ਹਫਤੇ ਦੇ ਆਖਰੀ ਦਿਨ ਵਿਦਿਆਰਥੀਆਂ ਦਾ ਕਲਾਸ ਵਾਈਜ ਟੈਸਟ ਲਿਆ ਜਾਵੇਗਾ। ਸਭ ਤੋਂ ਵੱਧ ਠੀਕ ਉੱਤਰ  ਦੇਣ ਵਾਲੇ ਹਰੇਕ ਕਲਾਸ ਦੇ ਇੱਕ ਇੱਕ ਵਿਦਿਆਰਥੀ ਨੂੰ ਇਸ ਹਫਤੇ ਦਾ ਸਿਤਾਰਾ ਐਲਾਨਿਆ ਜਾਵੇਗਾ। ਜਨਵਰੀ 2018 ਦੇ ਪਹਿਲੇ ਹਫਤੇ ਇਨ੍ਹਾਂ ਗਰੁੱਪਾਂ ਦਾ ਸਕੂਲ ਪੱਧਰ ਤੇ ਲਿਖਤੀ ਟੈਸਟ ਲਿਆ ਜਾਵੇਗਾ ਅਤੇ ਪਹਿਲੀਆ ਤਿੰਨ ਪੁਜੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਪੋਜੈਕਟ ਅਧੀਨ ਜਨਵਰੀ 2018  ਵਿਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੇ ਸਥਾਨ ਤੇ ਰਹਿਣ ਵਾਲਾ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਪੁਜਿਸਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੁੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।'' ਗਿਆਨ ਅੰਜਨੁ'' ਪ੍ਰੋਜੈਕਟ ਦੇ ਚੇਅਰਪਰਸ਼ਨ ਡਿਪਟੀ ਕਮਿਸ਼ਨਰ ਹੋਣਗੇ। ਸੀਨੀਅਰ ਵਾਇਸ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਵਾਇਸ ਚੇਅਰਪਰਸ਼ਨ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਪ੍ਰੋਜੈਕਟ ਕੁਆਰਡੀਨੇਟਰ ਜ਼ਿਲ੍ਹਾ ਗਾਈਡੈਂਸ ਕੌਸਲਰ ਵਿਸ਼ਾ ਮਾਹਿਰ ਪੰਜ ਮੈਂਬਰੀ ਕਮੇਟੀ, ਸਕੂਲ ਕੈਰੀਅਰ ਅਧਿਆਪਕ ਸਪੈਸ਼ਲ ਮੈਂਬਰ ਸ੍ਰੀਮਤੀ ਪਾਲਿਕਾ ਅਰੋੜਾ ਪੀ.ਸੀ.ਐਸ. ਸਹਾਇਕ ਕਮਿਸ਼ਨਰ ਸ਼ਿਕਾਇਤਾਂ ਹੋਣਗੇ।