5 Dariya News

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੁੱਲ੍ਹਿਆ ਵਿਕਰੀ ਕੇਂਦਰ ਕਿਸਾਨਾਂ ਲਈ ਹੋ ਰਿਹਾ ਵਰਦਾਨ ਸਾਬਤ

ਖਪਤਕਾਰਾਂ ਵੱਲੋ ਜੈਵਿਕ ਉਤਪਾਦਾਂ ਨੂੰ ਖਰੀਦਣ ਲਈ ਦਿਖਾਈ ਜਾ ਰਹੀ ਹੈ ਦਿਲਚਸਪੀ , ਹਰ ਸ਼ੁਕਰਵਾਰ ਨੂੰ ਵਿਕਰੀ ਕੇਂਦਰ ਚ ਹੁੰਦੀ ਹੈ ਜੈਵਿਕ ਉਤਪਾਦਾਂ ਦੀ ਖਰੀਦੋ ਫਰੋਖਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 05-Aug-2017

ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਯਤਨਾ ਸਦਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ  ਧਰਾਤਲ ਮੰਜ਼ਿਲ  ਦੇ ਕਮਰਾ ਨੰਬਰ 123 ਵਿਖੇ ਹਰ ਸੁੱਕਰਵਾਰ ਨੂੰ ਦੁਪਿਹਰ 01:00 ਵਜੇ ਤੋਂ ਸ਼ਾਮ 06:00 ਵਜੇ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੋਲਿਆ ਕੇਂਦਰ ਜਿਥੇ ਜ਼ਿਲ੍ਹੇ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ ਉਥੇ ਆਮ ਲੋਕਾਂ ਨੂੰ ਵੀ ਜੈਵਿਕ ਉਤਪਾਦ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਖਰੀਦਣ ਲਈ ਆਮ ਲੋਕਾਂ ਵੱਲੋਂ ਦਿਲਚਸਪੀ ਦਿਖਾਈ ਜਾ ਰਹੀਂ ਹੈ।ਇਹ ਵਿਕਰੀ ਕੇਂਦਰ ਕਿਸਾਨਾਂ ਨੂੰ ਆਪਣੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੁੱਲਵਾਇਆ ਗਿਆ ਸੀ ਤਾਂ ਜੋ ਜ਼ਿਲ੍ਹੇ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ  ਮੰਡੀ ਕਰਨ ਦੀ ਸਹੂਲਤ ਮਿਲ ਸਕੇ ਅਤੇ ਇਸ ਦੇ ਨਾਲ -ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਕੋਰਟ ਕੰਪਲੈਕਸ  ਵਿਖੇ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਆਪਣੇ ਕੰਮ-ਕਾਜ ਲਈ ਆਏ ਆਮ ਲੋਕਾਂ ਨੂੰ ਜੈਵਿਕ ਤਰੀਕੇ ਨਾਲ ਪੈਦਾ ਕੀਤੇ ਉਤਪਾਦ ਖਰੀਦ ਕਰਨ ਦੀ ਸਹੂਲਤ ਮਿਲ ਸਕੇ । ਵਿਕਰੀ ਕੇਂਦਰ ਵਿਚ ਹਰ ਸੁੱਕਰਵਾਰ ਨੂੰ ਜੈਵਿਕ ਸਬਜ਼ੀਆਂ ਕੱਦੂ, ਭਿੰਡਤੋਰੀ,ਕਾਲੀ ਤੋਰੀ, ਆਲੂ ਪਿਆਜ਼, ਹਰੀ ਮਿਰਚ, ਲਾਲ ਮਿਰਚ, ਸਮੇਤ ਨਿੰਮ ਦੀ ਦਾਤਣ ਹਲਦੀ,ਸ਼ਹਿਦ, ਦਲੀਆ, ਕਣਕ, ਮੱਕੀ ਦੀਆਂ ਸੇਮੀਆਂ, ਆਟਾ, ਸ਼ੱਕਰ ਦੀ ਬਰਫੀ, ਚੀਨੀ ਦੀ ਬਰਫੀ, ਹਲਦੀ, ਸੋਇਆਬੀਨ, ਚਾਵਲ, ਗੁੜ, ਸ਼ੱਕਰ, ਆਦਿ  ਦੇ ਨਾਲ ਨਾਲ ਚੈਰੀ, ਸ਼ੁੱਧ ਦੁੱਧ ਦੀਆਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਹੁੰਦੀ ਹੈ।  

ਜਿਸ ਨੂੰ ਆਮ ਲੋਕ ਵੀ ਦਿਲਚਸਪੀ ਨਾਲ ਖਰੀਦਦੇ ਹਨ।ਵਿਕਰੀ ਕੇਂਦਰ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਕਰੀ ਕੇਂਦਰ ਖੁਲਣ ਨਾਲ ਉਨ੍ਹਾਂ ਨੂੰ ਆਪਣੇ ਜੈਵਿਕ ਉਤਪਾਦ ਵੇਚਣ ਵਿੱਚ ਅਸਾਨੀ ਹੋਈ ਹੈ। ਜਿਸ ਨਾਲ ਉੁਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਵਿਕਰੀ ਕੇਂਦਰ ਵਿੱਚ ਆ ਕੇ ਕਿਸਾਨਾਂ  ਵੱਲੋਂ ਪੈਦਾ ਕੀਤੀਆਂ ਜੈਵਿਕ ਫਸਲਾਂ ਸਬਜ਼ੀਆਂ ਆਦਿ ਨੂੰ ਵੇਖਣਾ ਚਾਹੀਦਾ ਹੈ ਤਾਂ ਜੋ ਉਹ ਵੀ ਜੈਵਿਕ ਉਤਪਾਦਾਂ ਰਾਂਹੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹੱਟ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਫਸਲੀ ਵਿਭਿੰਨਤਾ ਅਪਣਾਉਣੀ ਪਵੇਗੀ। ਉਨ੍ਹਾਂ  ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਉਤਸਾਹਿਤ ਹੋਣ ਪਵੇਗਾ ਹੁਣ ਲੋਕ ਵੀ ਜੈਵਿਕ ਉਤਪਾਦਾਂ ਦੀ ਵਰਤੋਂ ਕਰਨਾ ਵਧੇਰੇ ਪਸੰਦ ਕਰ ਰਹੇ ਹਨ ਕਿਉਂਕਿ ਜੈਵਿਕ ਉਤਪਾਦ ਬਿਨ੍ਹਾਂ ਕਿਸੇ ਦਵਾਈ ਦੇ ਸਪਰੇਅ ਤੋਂ ਪੈਦਾ ਕੀਤੇ ਜਾਂਦੇ ਹਨ। ਜਿਨ੍ਹਾਂ ਦਾ ਮਨੁੱਖੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ ਸਿਹਤ ਦੀ ਤੰਦਰੁਸਤੀ ਲਈ ਵੀ ਜੈਵਿਕ ਉਤਪਾਦਾਂ ਦੀ ਵਰਤੋ ਕਰਨਾ ਜਰੂਰੀ ਹੈ।