5 Dariya News

ਪਰਕਾਸ਼ ਸਿੰਘ ਬਾਦਲ ਨੇ ਅਕਾਲੀਆਂ ਖਿਲ਼ਾਫ ਧੱਕੇਸ਼ਾਹੀਆਂ ਦੇ ਕੇਸ ਲੜਣ ਲਈ ਵਕੀਲਾਂ ਦਾ ਪੈਨਲ ਬਣਾਇਆ

ਪਾਰਟੀ ਨੇ ਵੈਬਸਾਈਟ akalivakil.com ਕੀਤੀ ਲਾਂਚ

5 Dariya News

ਚੰਡੀਗੜ 02-Aug-2017

ਸੂਬੇ ਅੰਦਰ ਧੱਕੇਸ਼ਾਹੀਆਂ ਖਿਲਾਫ ਆਪਣੀ ਮੁਹਿੰਮ ( ਜਬਰ ਵਿਰੋਧੀ ਲਹਿਰ) ਨੂੰ ਹੋਰ ਤਿੱਖੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਅਤੇ ਨਾਮੀ ਵਕੀਲਾਂ ਦਾ ਇੱਕ ਪੈਨਲ ਤਿਆਰ ਕੀਤਾ ਹੈ ਤਾਂ ਕਿ ਅਕਾਲੀ ਵਰਕਰਾਂ ਉੱਤੇ ਅੱਤਿਆਚਾਰ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ। ਇਸ ਪੈਨਲ ਦਾ ਦਾਇਰਾ ਪਿੰਡਾਂ ਤਕ ਫੈਲਾਉਣ ਲਈ ਵਿਚ ਹੇਠਲੀਆਂ ਅਦਾਲਤਾਂ ਦੇ ਵਕੀਲਾਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ।ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸੀ ਹਕੂਮਤ ਵੱਲੋ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਲੜਾਈ ਵਾਸਤੇ ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਵੱਡੀ ਗਿਣਤੀ ਵਿਚ ਵਕੀਲਾਂ ਦੀ ਸੱਦੀ ਹੰਗਾਮੀ ਮੀਟਿੰਗ ਮਗਰੋਂ ਵਕੀਲਾਂ ਦੇ ਪੈਨਲ ਦੀ ਸਥਾਪਨਾ ਕੀਤੀ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।ਪਾਰਟੀ ਨੇ ਸੂਬੇ ਅੰਦਰ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਪਾਰਟੀ ਵਰਕਰਾਂ ਨੂੰ ਬਚਾਉਣ ਲਈ ਇੱਕ ਹੈਲਪਲਾਇਨ ਅਤੇ ਵੈਬਸਾਇਟ ਵੀ ਸ਼ੁਰੂ ਕੀਤੀ ਹੈ, ਜਿਸ ਨਾਲ akalivakil.com ਉੱਤੇ ਜਾ ਕੇ ਜੁੜਿਆ ਜਾ ਸਕਦਾ ਹੈ।ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਪਾਰਟੀ ਦੇ ਤਰਜਮਾਨ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਕਾਂਗਰਸ ਨੇ ਹੇਠਲੇ ਪੱਧਰ ਉੱਤੇ ਨਿਰਦੋਸ਼ ਅਕਾਲੀ ਵਰਕਰਾਂ ਖ਼ਿਲਾਫ ਬਦਲੇਖੋਰੀ ਅਤੇ ਧੱਕੇਸ਼ਾਹੀਆਂ ਦੀ ਇੱਕ ਮੁਹਿੰਮ ਛੇੜ ਰੱਖੀ ਹੈ।  ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਇਸ ਚੁਣੌਤੀ ਨੂੰ ਕਰਾਰੇ ਹੱਥੀਂ ਲੈਣ ਦਾ ਫੈਸਲਾ ਕਰ ਚੁੱਕੀ ਹੈ। 

ਪਾਰਟੀ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਹਿਲਾਂ ਤੋਂ ਹੀ ਸੂਬੇ ਅੰਦਰ ਇੱਕ ਜਬਰ ਵਿਰੋਧੀ ਲਹਿਰ ਚਲਾਈ ਜਾ ਰਹੀ ਹੈ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਵੀ ਭਾਗ ਲੈ ਰਹੇ ਹਨ।ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ 1 ਅਗਸਤ ਅਤੇ 2 ਅਗਸਤ ਨੂੰ ਪਾਰਟੀ ਦੇ  ਮੁੱਖ ਦਫਤਰ ਵਿਚ ਪਾਰਟੀ ਵਰਕਰਾਂ ਦੀਆਂ ਥਧੱਕੇਸ਼ਾਹੀ ਸੰਬੰਧੀ ਸ਼ਿਕਾਇਤਾਂ ਸੁਣੀਆਂ ਸਨ। ਅਕਾਲੀ ਵਰਕਰਾਂ ਖਿਲਾਫ ਬੇਰਿਹਮੀ ਨਾਲ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਕਾਂਗਰਸ ਸਰਕਾਰ ਨੂੰ ਇਸ ਸੰਬੰਧੀ ਚੇਤਾਵਨੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀਆਂ ਦਾ ਬ੍ਰਿਟਿਸ਼ ਹਕੂਮਤ ਖਿਲਾਫ ਅਤੇ ਐਮਰਜੰਸੀ ਖਿਲਾਫ ਮੋਰਚੇ ਲਾਉਣ ਦਾ ਇਤਿਹਾਸ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਅਜਿਹਾ ਕੋਈ ਭਰਮ ਨਹੀਂ ਪਾਲਣਾ ਚਾਹੀਦਾ ਕਿ ਉਹ ਬਹਾਦਰ ਅਕਾਲੀਆਂ ਨੂੰ ਦਬਾ ਸਕਦੀ ਹੈ। ਅਸੀਂ ਹਰ ਅਕਾਲੀ ਵਰਕਰ ਨਾਲ ਕੀਤੀ ਧੱਕੇਸ਼ਾਹੀ ਦੇ ਖ਼ਿਲਾਫ ਲੜਾਂਗੇ।ਜਿਹਨਾਂ ਵਕੀਲਾਂ ਨੂੰ ਅਕਾਲੀ ਦਮਨ-ਵਿਰੋਧੀ ਪੈਨਲ ਵਿਚ ਲਿਆ ਗਿਆ ਹੈ, ਉਹਨਾਂ ਵਿਚ ਸਤਨਾਮ ਸਿੰਘ ਕਲੇਰ, ਸਰਦਾਰ ਪਵਿੱਤ ਸਿੰਘ ਮੱਤੇਵਾਲ, ਸ੍ਰੀ ਗਾਜ਼ੀ ਮੁਹੰਮਦ ਉਮੈਰ, ਸਰਦਾਰ ਅਰਸ਼ਦੀਪ ਸਿਘ ਕਲੇਰ, ਸ੍ਰੀ ਸੁਖਦੇਵ ਸਿੰਘ ਕਲਿਆਣ, ਸ੍ਰੀ ਪਰਵੇਜ਼ ਅਖ਼ਤਰ, ਸ੍ਰੀ ਭਵੀਸ਼ ਰੌਣੀ,ਸਰਦਾਰ ਈਸ਼ਪ੍ਰਤਾਪ ਸਿੰਘ, ਸਰਦਾਰ ਪਰਮਜੀਤ ਸਿੰਘ ਬਾਜਵਾ, ਸਰਦਾਰ ਕੇ ਐਸ ਪੰਨੂ, ਸਰਦਾਰ ਪਰਮਜੀਤ ਸਿੰਘ ਬਰਾੜ, ਸਰਦਾਰ ਹਰਪ੍ਰੀਤ ਸਿੰਘ ਰੱਖੜਾ, ਸ੍ਰੀ ਰਾਮਸਰਨ ਮੋਦੀ, ਸਰਦਾਰ ਪ੍ਰੀਤਇੰਦਰ ਸਿੰਘ ਧਾਲੀਵਾਲ, ਸ੍ਰੀ ਮੁਹੰਮਦ ਯੂਸਫ ਅਤੇ ਸਰਦਾਰ ਗਿਰੀਮੇਰ ਸਿੰਘ ਸੰਧੂ ਸ਼ਾਮਿਲ ਹਨ।