5 Dariya News

ਮਾਮਲਾ ਵੱਖ ਵੱਖ ਮੁਲਕਾਂ 'ਚ ਸਿੱਖਾਂ ਨੂੰ ਕੱਕਾਰ ਧਾਰਨ ਕਰਨ 'ਚ ਮੁਸ਼ਕਿਲਾਂ ਦਾ

ਸੰਯੁਕਤ ਰਾਸ਼ਟਰ ਮਹਾਂ ਸਭਾ 'ਚ ਤੁਰੰਤ ਮਤਾ ਪਾਸ ਕੀਤਾ ਜਾਵੇ : ਮਨਜਿੰਦਰ ਸਿੰਘ ਸਿਰਸਾ

5 Dariya News

ਚੰਡੀਗੜ੍ਹ 01-Aug-2017

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੰਯੁਕਤ ਰਾਸ਼ਟਰ ਦੇ ਸੱਤਰ ਜਨਰਲ ਨੂੰ ਅਪੀਲ ਕੀਤੀ ਕਿ ਸੰਸਥਾ ਦੀ ਮਹਾਂ ਸਭਾ ਵਿਚ ਤੁਰੰਤ ਇਕ ਪਾਸ ਕੀਤਾ ਜਾਵੇ ਜਿਸ ਰਾਹੀਂ ਵੱਖ ਵੱਖ ਮੁਲਕਾਂ ਵਿਚ ਵਸਦੇ ਸਿੱਖਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਆਪਣੇ ਧਾਰਮਿਕ ਚਿੰਨ ਯਾਨੀ ਪੰਜ ਕੱਕਾਰ ਧਾਰਨ ਕਰਨ ਦੀ ਛੋਟ ਹਾਸਲ ਹੋ ਸਕੇ।ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਲਿਖੇ ਇਕ ਵਿਸਥਾਰਿਤ ਪੱਤਰ ਵਿਚ ਸ੍ਰੀ ਸਿਰਸਾ ਉਹਨਾਂ ਨੂੰ ਸਿੱਖ ਗੁਰੂ ਸਾਹਿਬਾਨ ਵੱਲੋਂ ਦੱਸੇ ਪੰਜ ਕੱਕਾਰਾਂ ਦੀ ਅਹਿਮੀਅਤ ਦੀ ਜਾਣਕਾਰੀ ਵੀ ਦਿੱਤੀ। ਉਹਨਾਂ ਦੱਸਿਆ ਕਿ ਹਰ ਸਿੱਖ ਪੁਰਸ਼ ਤੇ ਮਹਿਲਾ ਲਈ ਇਹ ਧਾਰਨ ਕਰਨੇ ਲਾਜ਼ਮੀ ਹਨ।ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਵਾਚਿਆ ਹੈ ਕਿ ਵੱਖ ਵੱਖ ਮੁਲਕਾਂ ਵਿਚ ਸਿੱਖਾਂ ਨੂੰ ਇਸ ਲਈ ਮੁਸ਼ਕਿਲਾਂ ਦਰਪੇਸ਼ ਹਨ ਕਿਉਂਕਿ ਉਹਨਾਂ ਮੁਲਕਾਂ ਵਿਚ ਅਜਿਹੇ ਕਾਨੂੰਨ ਲਾਗੂ ਹਨ ਅਤੇ ਉਥੇ ਦੀਆਂ ਅਦਾਲਤਾਂ ਤੈਅਸ਼ੁਦਾ ਕਾਨੂੰਨਾਂ ਦੇ ਦਾਇਰੇ ਵਿਚ ਰਹਿ ਕੇ ਕੇਸਾਂ ਦਾ ਨਿਪਟਾਰਾ ਕਰਦੀਆਂ ਹਨ। ਉਹਨਾਂ ਕਿਹਾ ਕਿ ਬਿਨਾਂ ਕੋਈ ਕਸੂਰ ਕੀਤਿਆਂ ਹੀ ਸਿੱਖਾਂ ਨੂੰ ਕੱਕਾਰ ਧਾਰਨ ਕਰਨ 'ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੀ ਅਹਿਮੀਅਤ ਨਾ ਪਤਾ ਹੋਣ ਕਾਰਨ ਵਾਪਰ ਰਿਹਾ ਹੈ।ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਭਾਈਚਾਰੇ ਦੇ ਮੈਂਬਰਾਂ ਦੀ ਗਿਣਤੀ ਘੱਟ ਹੈ ਪਰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਿਕਾਸ ਤੇ ਆਰਥਿਕ ਤਰੱਕੀ ਦੀ ਪ੍ਰਕਿਰਿਆ ਵਿਚ ਇਹਨਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅਨੇਕਾਂ ਵਾਰ ਇਹ ਸਾਬਤ ਹੋਇਆ ਹੈ ਜਿਸ ਸਮਾਜ ਵਿਚ ਇਹ ਰਹਿੰਦੇ ਹਨ, ਉਸ ਵਾਸਤੇ ਇਹ ਗਹਿਣਾ ਹੁੰਦੇ ਹਨ। ਉਹਨਾਂ ਕਿਹਾ ਕਿ ਗੁਰ ਸਾਹਿਬਾਨ ਦੇ ਹੁਕਮਾਂ ਅਨੁਸਾਰ ਸਮਾਜ ਦੀ ਬੇਹਤਰੀ ਵਾਸਤੇ ਕੰਮ ਕਰਨਾ ਹਰ ਸਿੱਖ ਦਾ ਫਰਜ਼ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਧਾਰਮਿਕ ਚਿੰਨ੍ਹਾਂ ਯਾਨੀ ਪੰਜ ਕੱਕਾਰਾਂ ਤੋਂ ਇਲਾਵਾ ਸਿੱਖ ਪੁਰਸ਼ਾਂ ਲਈ ਦਸਤਾਰ ਸਜਾਉਣਾ ਲਾਜ਼ਮੀ ਹੈ ਜਦਕਿ ਗੁਰੂ ਸਾਹਿਬ ਨੇ ਟੋਪੀਆਂ ਜਾਂ  ਹੈਲਮੈਟ ਪਹਿਨਣ 'ਤੇ ਰੋਕ ਲਗਾਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਚੇਤੇ ਕਰਵਾਇਆ ਕਿ ਸੰਸਥਾ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਹਰ ਕੋਈ ਜਨਮ ਤੋਂ ਮੁਕਤ ਹੈ ਤੇ ਉਸਨੂੰ ਮਾਣ ਸਤਿਕਾਰ ਅਤੇ ਅਧਿਕਾਰ ਦੀ ਬਰਾਬਰੀ ਹਾਸਲ ਹੈ। ਭਾਵੇਂ ਵਿਅਕਤੀ ਦੀ ਰਾਸ਼ਟਰੀਅਤਾ, ਰਹਿਣ ਦਾ ਸਥਾਨ, ਲਿੰਗ, ਦੇਸ਼ ਜਾਂ ਨਸਲੀ ਜਨਮ, ਪਾਸ਼ਾ ਜਾਂ ਕੋਈ ਵੀ ਰੁਤਬਾ ਹੋਵੇ, ਅੰਤਰ ਰਾਸ਼ਟਰੀ ਭਾਈਚਾਰੇ ਨੇ 10 ਦਸੰਬਰ 1948 ਨੂੰ ਇਹ ਸੰਕਲਪ ਲਿਆ ਸੀ ਕਿ ਉਹ ਸਾਰਿਆਂ ਲਈ ਮਾਣ ਸਤਿਕਾਰ ਤੇ ਨਿਆਂ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਇਸ ਅਨੁਸਾਰ ਸਿੱਖਾਂ ਨੂੰ ਵੀ ਆਪਣੀ ਮਰਜ਼ੀ ਅਨੁਸਾਰ ਜਿਉਣ ਤੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ।ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਇਕ ਢੁਕਵਾਂ ਮਤਾ ਪਾਸ ਕਰਨ ਦੀ ਅਪੀਲ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਮਤੇ ਰਾਹੀਂ ਸਾਰੇ ਮੈਂਬਰ ਰਾਜਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਮੌਜੂਦਾ ਕਾਨੂੰਨਾਂ ਵਿਚ ਸੋਧ ਕਰ ਕੇ ਜਾਂ ਨਵੇਂ ਕਾਨੂੰਨ ਬਣਾ ਕੇ ਸਿੱਖਾਂ ਨੂੰ  ਆਪੋ ਆਪਣੇ ਮੁਲਕ ਵਿਚ ਪੰਜ ਕੱਕਾਰ ਤੇ ਦਸਤਾਰ ਧਾਰਨ ਕਰਨ ਦੀ ਖੁਲ੍ਹ ਦੇਣ। ਉਹਨਾਂ ਕਿਹਾ ਕਿ ਅਜਿਹਾ ਮਤਾ ਪਾਸ ਹੋਣ ਨਾਲ ਇਹ ਮਸਲਾ ਸਥਾਈ ਤੌਰ 'ਤੇ ਹੱਲ ਹੋਣ ਦਾ ਰਾਹ ਖੁਲ੍ਹ ਜਾਵੇਗਾ।ਸ੍ਰੀ ਸਿਰਸਾ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਸੰਯੁਕਤ ਰਾਸ਼ਟਰ  ਵਿਚ ਢੁਕਵੀਂ ਅਥਾਰਟੀ ਠੀਕ ਸਮੇ ਤਾਂ ਡੀ ਐਸ ਜੀ ਐਮ ਸੀ ਆਪਣੀ ਵਿਸਥਾਰਿਤ ਪੇਸ਼ਕਾਰੀ ਦੇਣ ਵਾਸਤੇ ਤਿਆਰ ਹੈ ਜਿਸ ਸਦਕਾ ਮੈਂਬਰ ਇਸ ਜਟਿਲ ਸਮਸਿਆ ਨੂੰ ਸਮਝ ਸਕਣਗੇ ਅਤੇ ਸਿੱਖ ਭਾਈਚਾਰੇ ਦੀ ਗੈਰ ਲੋੜੀਂਦੀ ਮੁਸ਼ਕਿਲ ਹੱਲ ਹੋ ਸਕੇਗੀ।ਉਹਨਾਂ ਕਿਹਾ ਕਿ ਉਹ ਇਹ ਮਤਾ ਪਾਸ ਕਰਵਾਉਣ ਲਈ ਸੰਯੁਕਤ ਰਾਸ਼ਟਰ 'ਤੇ ਦਬਾਅ ਬਣਾਉਣਵਾ ਸਤੇ ਵੱਖ ਵੱਖ ਮੁਲਕਾਂ ਦੇ ਸਿੱਖ ਸੰਗਠਨਾਂ ਤੇ ਸਿੱਖ ਪ੍ਰਤੀਨਿਧਾਂ ਨਾਲ ਵੀ ਸੰਪਰਕ ਬਣਾਉਣਗੇ।ਇਸ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਸ੍ਰੀ ਸਿਰਸਾ ਨੇ ਅੱਜ ਯੂ ਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਕੋਲ ਇਹ ਮੁੱਦਾ ਚੁੱਕਿਆ ਜਿਹਨਾਂ ਨੇ ਸ੍ਰੀ ਸਿਰਸਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਇਸ ਵਾਸਤੇ ਪੁਰਜੋਰ ਹਮਾਇਤ ਦਾ ਭਰੋਸਾ ਦੁਆਇਆ।