5 Dariya News

ਕਾਂਗਰਸੀ ਵਿਧਾਇਕ ਧੀਮਾਨ ਦਾ ਨਸ਼ਿਆਂ ਸੰਬੰਧੀ ਬਿਆਨ ਆਮ ਆਦਮੀ ਪਾਰਟੀ ਦੇ ਦਾਅਵਿਆਂ ਨੂੰ ਪੁਖਤਾ ਕਰਦਾ ਹੈ- ਸੁਖਪਾਲ ਸਿੰਘ ਖਹਿਰਾ

ਕੈਪਟਨ ਅਮਰਿੰਦਰ ਸਿੰਘ ਉਨਾਂ ਡਰੱਗ ਤਸਕਰਾਂ ਦੇ ਨਾਮ ਜਨਤਕ ਕਰੇ, ਜੋ ਉਸ ਮੁਤਾਬਿਕ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਛੱਡ ਕੇ ਭੱਜ ਗਏ

5 Dariya News

ਚੰਡੀਗੜ 01-Aug-2017

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਉਨਾਂ ਦੁਆਰਾ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ।  ਮੀਡੀਆ ਵਿਚ ਜਾਰੀ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਕਾਂਗਰਸ ਦੇ ਐਮ.ਐਲ. ਏ ਸੁਰਜੀਤ ਸਿੰਘ ਧੀਮਾਨ ਦੁਆਰਾ ਇਕ ਸਮਾਗਮ ਦੌਰਾਨ ਇਹ ਕਹਿਣਾ ਕਿ ਨਸ਼ਾ ਪੰਜਾਬ ਦੇ ਹਰ ਗਲੀ ਅਤੇ ਕੂਚੇ ਵਿਚ ਉਪਲਬੱਧ ਹੈ, ਆਮ ਆਦਮੀ ਪਾਰਟੀ ਦੇ ਨਸ਼ਿਆਂ ਸੰਬੰਧੀ ਬਿਆਨਾਂ ਨੂੰ ਪੁਖਤਾ ਕਰਦਾ ਹੈ।  ਖਹਿਰਾ ਨੇ ਕਿਹਾ ਕਿ ਧੀਮਾਨ ਨੇ ਇਹ ਗੱਲ ਲੋਕਾਂ ਸਾਹਮਣੇ ਕਹੀ ਕਿ ਨਸ਼ੇ ਦੇ ਕਾਰੋਬਾਰ ਵਿਚ ਸਰਕਾਰ ਬਣਨ ਤੋਂ 15 ਦਿਨਾਂ ਤੱਕ ਹੀ ਮਾਮੂਲੀ ਜਿਹੀ ਰੋਕ ਮਹਿਸੂਸ ਹੋਈ ਸੀ। ਉਨਾਂ ਕਿਹਾ ਕਿ ਉਸਤੋਂ ਮਗਰੋਂ ਇਹ ਫਿਰ ਨਿਰਵਿਘਨ ਜਾਰੀ ਹੋ ਗਿਆ ਹੈ। ਖਹਿਰਾ ਨੇ ਕਿਹਾ ਕਿ ਹੁਣ ਜਦੋਂ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਤਾਂ ਅਮਰਿੰਦਰ ਸਿੰਘ ਦੁਆਰਾ ਨਸ਼ੇ ਸੰਬੰਧੀ ਕੀਤੇ ਵੱਡੇ-ਵੱਡੇ ਦਾਅਵੇ ਠੁਸ ਸਾਬਤ ਹੋ ਗਏ ਹਨ। ਉਨਾਂ ਕਿਹਾ ਕਿ ਇਹ ਇਕ ਜੱਗਜਾਹਿਰ ਸੱਚ ਹੈ ਕਿ ਨਸ਼ਾ ਪੰਜਾਬ ਵਿਚ ਹਰ ਥਾਂ ਉਤੇ ਮੌਜੂਦ ਹੈ ਅਤੇ ਹਰ ਰੋਜ ਹਜਾਰਾਂ ਨੌਜਵਾਨਾਂ ਨੂੰ ਆਪਣੇ ਚੁੰਗਲ ਵਿਚ ਫਸਾ ਰਿਹਾ ਹੈ। 

ਵਿਰੋਧੀ ਧਿਰ ਦੇ ਨੇਤਾ ਕਿਹਾ ਕਿ ਇਹ ਇਕ ਗੰਭੀਰ ਬਿਆਨ ਹੈ ਕਿਉ ਜੋ ਧੀਮਾਨ ਇਕ ਆਮ ਨਾਗਰਿਕ ਨਾ ਹੋ ਕੇ ਸੱਤਾਧਾਰੀ ਧਿਰ ਦਾ ਚੁਣਿਆ ਹੋਇਆ ਨੁਮਾਇੰਦਾ ਹੈ। ਇਸ ਲਈ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਅੱਜ ਵੀ ਨਸ਼ਾ ਪੰਜਾਬ ਵਿਚ ਬੇਰੋਕ ਟੋਕ ਵਿੱਕ ਰਿਹਾ ਹੈ। ਪਰੰਤੂ ਪਹਿਲਾਂ ਨਾਲੋਂ ਵੱਧ ਰੇਟਾਂ ਉਤੇ ਉਪਲਬੱਧ ਹੈ। ਖਹਿਰਾ ਨੇ ਕਿਹਾ ਕਿ ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਹੀਰੋਇਨ ਦਾ ਨਸ਼ਾ ਪਹਿਲਾਂ 1500 ਰੁਪਏ ਪ੍ਰਤੀ ਗਰਾਮ ਮਿਲਦਾ ਸੀ, ਹੁਣ ਉਸਦੀ ਕੀਮਤ 5000 ਪ੍ਰਤੀ ਗ੍ਰਾਮ ਹੋ ਗਈ ਹੈ। ਪਰੰਤੂ ਮੁੱਖ ਮੰਤਰੀ ਨੇ ਪੰਜਾਬ ਵਿਚ ਨਸ਼ੇ ਦੀ ਸਪਲਾਈ ਰੁਕ ਜਾਣ ਬਾਰੇ ਕੋਈ ਗੱਲ ਨਹੀਂ ਕਹੀ। ਉਨਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਉਨਾਂ ਨਸ਼ੇ ਦੇ ਤਸ਼ਕਰਾਂ ਦੇ ਨਾਮ ਨਸ਼ਰ ਕਰਨ ਜਿੰਨਾਂ ਬਾਰੇ ਉਹ ਕਹਿ ਰਹੇ ਹਨ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਸੂਬੇ ਨੂੰ ਛੱਡ ਕੇ ਭੱਜ ਗਏ ਹਨ। 

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਨਸ਼ੇ ਦੇ ਛੋਟੇ ਵਪਾਰੀਆਂ ਅਤੇ ਨਸ਼ੇ ਕਰਨ ਵਾਲਿਆਂ ਖਿਲਾਫ ਪੁਲਿਸ ਕੇਸ ਬਣਾਉਣੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਨਸੇ ਵਿਚ ਸ਼ਾਮਲ ਵੱਡੇ ਤਸ਼ਕਰਾਂ ਨੂੰ ਜੇਲ ਵਿਚ ਸੁਟਿਆ ਜਾਵੇ। ਉਨਾਂ ਕਿਹਾ ਕਿ ਪੁਲਿਸ  ਸਿਰਫ ਉਨਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਰਹੀ ਹੈ, ਜੋ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੋਜਗਾਰੀ ਦੀ ਹਾਲਤ ਵਿਚ ਨਸ਼ੇ ਦੀ ਦਲਦਲ ਵਿਚ ਧੱਸ ਚੁੱਕੇ ਹਨ। ਉਨਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਨੇ ਵੀ ਇਸੇ ਤਰਾਂ ਤਕਰੀਬਨ 25 ਹਜਾਰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਸੀ। ਜਦੋਂਕਿ ਇਹ ਕਾਰਵਾਈ ਵੀ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਕੀਤੀ ਗਈ ਸੀ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਸਪਲਾਈ ਦੀ ਚੈਨ ਤੋੜਨ ਦਾ ਦਾਅਵਾ ਕੌਰਾ ਝੂਠ ਹੈ ਅਤੇ ਇਸ ਸਮੱਸਿਆ ਦਾ ਇਕੋ ਇਕ ਹੱਲ ਸੂਬੇ ਵਿਚ ਨੌਜਵਾਨਾਂ ਲਈ ਹੋਰ ਰੋਜਗਾਰ ਪੈਦਾ ਕਰਨਾ ਅਤੇ ਖੇਤੀਬਾੜੀ ਨੂੰ ਇਕ ਲਾਭਦਾਇਕ ਧੰਦਾ ਬਣਾਉਣਾ ਹੈ। ਉਨਾਂ ਇਸ ਗੱਲ ਉਤੇ ਵੀ ਜੋਰ ਦਿੱਤਾ ਕਿ ਸੂਬੇ ਵਿਚ ਨਵੇਂ ਉਦਯੋਗ ਸਥਾਪਿਤ ਕਰਕੇ ਨੌਜਵਾਨਾਂ ਨੂੰ ਰੋਜਗਾਰ ਮੁਹੱਇਆ ਕਰਵਾਇਆ ਜਾਵੇ।