5 Dariya News

ਦਲਿਤ ਵਿਦਿਆਰਥੀਆਂ ਨੂੰ ਤੁਰੰਤ ਦਾਖਲੇ ਦਿਵਾਏ ਚਰਨਜੀਤ ਸਿੰਘ ਚੰਨੀ : ਮਹੇਸ਼ਇੰਦਰ ਸਿੰਗ ਗਰੇਵਾਲ

5 Dariya News

ਚੰਡੀਗੜ੍ਹ 28-Jul-2017

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਦਲਿਤਾਂ ਦੇ ਅਖੌਤੀ ਰਾਖੇ ਚਰਨਜੀਤ ਸਿੰਘ ਚੰਨੀ ਸੂਬੇ ਅੰਦਰ ਆਈਟੀਆਈਜ਼ ਵਿਚ ਦਾਖਲਾ ਨਾ ਲੈ ਪਾ ਰਹੇ ਦਲਿਤ ਵਿਦਿਆਰਥੀਆਂ ਦੀ ਮੱਦਦ ਕਰਨ ਥਾਂ ਇਸ ਦੀ ਜ਼ਿੰਮੇਵਾਰੀ ਦੂਜਿਆਂ ਉੱਤੇ ਸੁੱਟ ਰਹੇ ਹਨ।ਇੱਥੇ ਇੱਕ ਪ੍ਰੈਸ ਬਿਆਨ ਵਿਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਸਰਦਾਰ ਮਹੇਸ਼ਇੰਦਰ ਸਿੰਗ ਗਰੇਵਾਲ ਨੇ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਵਿਚ ਹੁੰਦਿਆਂ  ਦਲਿਤਾਂ ਦੇ ਨਾਂ ਉੱਤੇ ਰਾਜਨੀਤੀ ਕਰਨ ਦਾ ਕਾਫੀ ਸ਼ੌਂਕ ਰੱਖਦਾ ਸੀ। ਉਹਨਾਂ ਕਿਹਾ ਕਿ ਹੁਣ ਚੰਨੀ ਉਹਨਾਂ ਦਲਿਤ ਵਿਦਿਆਰਥੀਆਂ ਦੀ ਮਾੜੀ ਹਾਲਤ ਨੂੰ ਲੈ ਕੇ ਬਿਲਕੁੱਲ ਹੀ ਉਲਟਾ ਵਿਵਹਾਰ ਕਰਦਾ ਲੱਗਦਾ ਹੈ, ਜਿਹਨਾਂ ਨੂੰ ਆਈਟੀਆਈਜ਼ ਨੇ ਇਸ ਲਈ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਕਿ ਦਲਿਤ ਵਿਦਿਆਰਥੀਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਇਹਨਾਂ ਸੰਸਥਾਵਾਂ ਨੂੰ ਪੈਸਿਆਂ ਦੀ ਭਰਪਾਈ ਨਹੀਂ ਕੀਤੀ ਹੈ। ਅਕਾਲੀ ਆਗੂ ਨੇ ਚੰਨੀ ਨੂੰ ਚੇਤੇ ਕਰਵਾਇਆ ਕਿ ਉਹ ਸਿਰਫ ਸਰਕਾਰ ਦਾ ਹੀ ਹਿੱਸਾ ਨਹੀਂ, ਸਗੋ ਇੱਕ ਤਕਨੀਕੀ ਸਿੱਖਿਆ ਮੰਤਰੀ ਹੈ। ਉਹਨਾਂ ਕਿਹਾ ਕਿ ਆਈਟੀਆਈਜ਼ ਸੰਸਥਾਵਾਂ ਸ਼ਰੇਆਮ ਕਹਿ ਰਹੀਆਂ ਹਨ ਕਿ ਉਹ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦੇਣਗੀਆਂ ਅਤੇ ਤੁਸੀਂ ਇਸ ਸਬੰਧ ਵਿਚ ਕੁੱਝ ਨਹੀਂ ਕੀਤਾ।ਇਸੇ ਤਰ੍ਹਾਂ ਤੁਸੀਂ ਆਈਟੀਆਈ ਸੰਸਥਾਵਾਂ ਦੇ ਦਲਿਤ ਵਿਦਿਆਰਥੀਆਂ ਨੂੰ ਫੀਸ ਸੰਬੰਧੀ ਰਹਿੰਦੇ ਬਕਾਏ ਚੁਕਾਉਣ ਲਈ ਵੀ ਤੁਸੀਂ ਕੋਈ ਯਤਨ ਨਹੀਂ ਕੀਤਾ। ਇੱਕ ਮੰਤਰੀ ਵਜੋਂ ਇਹ ਤੁਹਾਡਾ ਫਰਜ਼ ਹੈ। ਤੁਸੀਂ ਫੀਸ ਦੀ ਵਾਪਸੀ ਸੰੰਬੰਧੀ ਬਹਾਨੇ ਘੜ ਕੇ ਆਪਣੇ ਇਸ ਫਰਜ਼ ਤੋਂ ਕਿਵੇਂ ਭੱਜ ਸਕਦੇ ਹੋ?ਮੰਤਰੀ ਨੂੰ ਨਾਟਕਬਾਜ਼ੀ ਕਰਨ ਦੀ ਥਾਂ ਮਸਲੇ ਨੂੰ ਹੱਲ ਕਰਨ ਦੀ ਤਾਕੀਦ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਚੰਨੀ ਦਲਿਤ ਵਿਦਿਆਰਥੀਆਂ ਨੂੰ ਆਈਟੀਆਈਜ਼ ਵਿਚ ਦਾਖਲੇ ਨਹੀਂ ਦਿਵਾ ਸਕਦਾ ਤਾਂ ਉਸ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।