5 Dariya News

'ਪ੍ਰਭ ਆਸਰਾ' ਦੇ ਬੱਚਿਆਂ ਨੇ ਜਿੱਤੇ ਨੌ ਮੈਡਲ

ਜਿਲ੍ਹਾ ਪੱਧਰੀ ਉਲੰਪਿਕ ਖੇਡਾਂ ਵਿਚ ਬੱਚਿਆਂ ਨੇ ਤਿੰਨ ਸੋਨੇ, ਚਾਂਦੀ ਤੇ ਤਾਂਬੇ ਤਿੰਨ ਤਿੰਨ ਦੇ ਮੈਡਲ ਜਿੱਤੇ

5 Dariya News

ਕੁਰਾਲੀ 26-Jul-2017

ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਲਵਾਰਸ਼ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ 'ਪ੍ਰਭ ਆਸਰਾ' ਸੰਸਥਾ ਦੇ ਵਿਕਲਾਂਗ ਬੱਚਿਆਂ ਨੇ ਜਿਲ੍ਹਾ ਮੁਹਾਲੀ ਦੀਆਂ ਜਿਲ੍ਹਾ ਪੱਧਰੀ ਸਪੈਸ਼ਲ ਉਲੰਪਿਕ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਨੌ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ 'ਦਸੋਆ' ਮੁਹਾਲੀ ਦੀ ਰਹਿਨੁਮਾਈ ਵਿਚ ਕਰਵਾਈਆਂ ਜਿਲ੍ਹਾ ਪੱਧਰੀ ਉਲੰਪਿਕ ਖੇਡਾਂ ਵਿਚ ਸੰਸਥਾ ਦੇ 18 ਵਿਕਲਾਂਗ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਅਮਨਦੀਪ ਕੌਰ ਨੇ ਅੱਗ ਤੋਂ ਬਿਨ੍ਹਾਂ ਖਾਣਾ ਬਣਾਉਣ ਵਿਚ ਸੋਨੇ ਦਾ, ਸਿਮਰਨ ਨੇ ਰੰਗੋਲੀ ਵਿਚ ਸੋਨੇ ਦਾ, ਅੰਜਲੀ ਨੇ ਰੱਖੜੀ ਬਣਾਉਣ ਵਿਚ ਸੋਨੇ ਦਾ ਮੈਡਲ ਜਿੱਤਿਆ। ਇਸੇ ਤਰ੍ਹਾਂ ਸੁਰਿੰਦਰ ਪਾਲ ਨੇ ਅੱਗ ਤੋਂ ਬਿਨ੍ਹਾਂ ਖਾਣਾ ਬਣਾਉਣ ਵਿਚ ਚਾਂਦੀ, ਸਿਮਰਨ ਨੇ ਰੰਗੋਲੀ ਵਿਚ ਚਾਂਦੀ, ਜਤਿਨ ਨੇ ਰੱਖੜੀ ਬਣਾਉਣ ਵਿਚ ਚਾਂਦੀ ਦਾ ਮੈਡਲ ਜਿੱਤਿਆ ਅਤੇ ਕਮਲ ਨੇ ਰੰਗੋਲੀ ਵਿਚ ਚਾਂਦੀ ਦਾ ਮੈਡਲ, ਰਾਮ ਤੇ ਅਰਬਾਜ਼ ਨੇ ਸਾਂਝੇ ਰੂਪ ਵਿਚ ਤਾਂਬੇ ਦਾ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ। 

ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਜੇਤੂ ਬੱਚਿਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਸੰਸਥਾ ਦੇ ਵਿਕਲਾਂਗ ਬੱਚਿਆਂ ਸਮੇਤ ਵੱਖ ਵੱਖ ਕੈਟਾਗਿਰੀ ਦੇ ਨਾਗਰਿਕਾਂ ਵੱਲੋਂ ਸਮੇਂ ਸਮੇਂ ਤੇ ਸੂਬਾ ਪੱਧਰੀ ਅਤੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਕੇ ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਤਿੰਨ ਬੱਚਿਆਂ ਨੂੰ 'ਨੈਸ਼ਨਲ ਪੱਧਰੀ ਸ਼ਪੈਸਲ ਉਲੰਪਿਕ' ਲਈ ਚੁਣਿਆ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਵਿਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਨ੍ਹਾਂ ਨਾਗਰਿਕਾਂ ਨੂੰ ਵਧੀਆ ਜੀਵਨ ਜਿਊਣ ਦੇ ਨਾਲ ਨਾਲ ਸਪੈਸ਼ਲ ਖੇਡਾਂ ਵੀ ਖਿਡਾਈਆਂ ਜਾਣਗੀਆਂ ਤਾਂ ਜੋ ਸੰਸਥਾ ਦੇ ਇਹ ਨਾਗਰਿਕ ਹੋਰ ਵਧੀਆ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ ਇਨ੍ਹਾਂ ਨਾਗਰਿਕਾਂ ਅਤੇ ਬੱਚਿਆਂ ਦੀ ਸਖਸੀਅਤ, ਸਰੀਰਕ ਤੇ ਮਾਨਸਿਕ ਤੌਰ ਤੇ ਹੋਰ ਮਜਬੂਤ ਹੋ ਸਕਣ ਤਾਂ ਜੋ ਇਹ ਵੀ ਵਧੀਆ ਜਿੰਦਗੀ ਜਿਊਣ ਦਾ ਆਨੰਦ ਮਾਣ ਸਕਣ। ਇਸ ਮੌਕੇ ਜਸਪਾਲ ਸਿੰਘ ਖਰੜ, ਪਰਮਜੀਤ ਕੌਰ ਸਪੈਸ਼ਲ ਐਜੂਕੇਟਰ, ਅੰਮ੍ਰਿਤ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ।