ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਿੰਚਾਈ ਵਿਭਾਗ ਦੇ ਇੰਜੀਨੀਅਰ ਵਿਜੀਲੈਂਸ ਬਿਓਰੋ ਦਾ ਸਾਥ ਦੇਣ
ਸਿੰਚਾਈ ਵਿਭਾਗ ਦੇ ਇੰਜੀਨੀਅਰ ਡਰਨ ਨਾਂ ਤੇ ਚੱਲ ਰਹੇ ਪ੍ਰਾਜੈਕਟ ਜਾਰੀ ਰੱਖਣ-ਬੀ.ਕੇ. ਉਪਲ
5 Dariya News
ਚੰਡੀਗੜ੍ਹ 21-Jul-2017
ਵਿਜੀਲੈਂਸ ਬਿਓਰੋ ਪੰਜਾਬ ਨੂੰ ਸਿੰਚਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦੀਆਂ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਰਕੇ ਵਿਸ਼ੇਸ਼ ਕਾਰਜਾਂ ਦੀ ਵਿਜੀਲੈਂਸ ਜਾਂਚ ਆਰੰਭੀ ਗਈ ਹੈ। ਵਿਜੀਲੈਂਸ ਬਿਓਰੋ ਦੇ ਮੁੱਖ ਨਿਰਦੇਸ਼ਕ-ਕਮ-ਏ.ਡੀ.ਜੀ.ਪੀ. ਸ੍ਰੀ ਬੀ.ਕੇ. ਉਪਲ ਨੇ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੂੰ ਕਿਹਾ ਹੈ ਕਿ ਉਹ ਜਨਤਾ ਦੇ ਭਲੇ ਹਿੱਤ ਅਤੇ ਰਾਜ ਸਰਕਾਰ ਦੇ ਵੱਡੇ ਹਿੱਤਾਂ ਨੂੰ ਦੇਖਦਿਆਂ ਬਿਓਰੋ ਨੂੰ ਸਹਿਯੋਗ ਦੇਣ ਅਤੇ ਬਕਾਇਆ ਪਏ ਜਾਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਡਰ ਤੋਂ ਨੇਪਰੇ ਚਾੜ੍ਹਨ ਵੱਲ ਤਵੱਜੋਂ ਦੇਣ। ਉਨਾਂ ਦੱਸਿਆ ਕਿ ਵਿਜੀਲੈਂਸ ਬਿਓਰੋ ਵੱਲੋਂ ਇੱਕ ਵਿਜੀਲੈਂਸ ਜਾਂਚ ਕੀਤੀ ਜਾ ਰਹੀ ਹੈ ਕਿ ਸਿੰਚਾਈ ਵਿਭਾਗ ਵਿੱਚ ਹੋਏ ਕੁੱਝ ਕਾਰਜਾਂ ਨੂੰ ਮੁਕੰਮਲ ਕਰਨ ਮੌਕੇ ਨਿਯਮਾਂ ਅਤੇ ਸਰਕਾਰੀ ਪ੍ਰਕ੍ਰਿਆ ਦੀ ਅਣਦੇਖੀ ਕਰਕੇ ਚਹੇਤੇ ਠੇਕੇਦਾਰਾਂ ਨੂੰ ਕੰਮ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਾ ਹੈ। ਇਸ ਪੜਤਾਲ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਕਿ ਵਿਭਾਗ ਵਿੱਚ ਕੀਤੇ ਗਏ ਕੰਮਾਂ ਦੌਰਾਨ ਵਿੱਤੀ ਰੂਲਾਂ, ਵਿਭਾਗੀ ਨਿਯਮਾਂ ਅਤੇ ਨਿਰਦੇਸ਼ਾਂ ਨੂੰ ਸਹੀ ਤਰੀਕੇ ਨਾਲ ਅਪਣਾਇਆ ਗਿਆ ਹੈ ਜਾਂ ਕੀ ਇਹ ਕੰਮ ਕਿਸੇ ਵਿਸ਼ੇਸ਼ ਠੇਕੇਦਾਰਾਂ ਰਾਹੀਂ ਵੱਧ ਕੀਮਤ ਉਪਰ ਕਰਵਾਏ ਗਏ ਹਨ। ਉਨਾਂ ਕਿਹਾ ਕਿ ਇਹ ਜਾਂਚ ਬਿਲਕੁੱਲ ਮੈਰਿਟ 'ਤੇ ਹੋਵੇਗੀ ਅਤੇ ਕਾਨੂੰਨ ਅਨੁਸਾਰ ਹੀ ਕਦਮ ਚੁੱਕੇ ਜਾਣਗੇ।