5 Dariya News

ਜਿਹਨਾਂ ਦੇ ਕਰਜ਼ੇ ਮੁਆਫ ਹੋਏ, ਉਹਨਾਂ ਕਿਸਾਨਾਂ ਦੀ ਸੂਚੀ ਜਾਰੀ ਕਰੇ ਸਰਕਾਰ : ਮਹੇਸ਼ਇੰਦਰ ਸਿਘ ਗਰੇਵਾਲ

ਪੁੱਛਿਆ ਕਿ ਮੁੱਖ ਮੰਤਰੀ ਬੈਂਕਾਂ ਨੂੰ ਕਿਸਾਨਾਂ ਦੀ ਬੁਢਾਪਾ ਪੈਨਸ਼ਨ ਜਾਰੀ ਕਰਨ ਅਤੇ ਉਹਨਾਂ ਵੱਲ ਖੜ੍ਹੇ ਕਰਜ਼ੇ ਦੇ ਵਿਆਜ ਵਜੋਂ ਨਾ ਕੱਟਣ ਲਈ ਕਿਉਂ ਨਹੀਂ ਕਹਿ ਰਿਹਾ?

5 Dariya News

ਚੰਡੀਗੜ੍ਹ 13-Jul-2017

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਉਹਨਾਂ ਕਿਸਾਨਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ ਹੈ, ਜਿਹਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ ਅਤੇ ਇਸ ਬਾਰੇ ਬੈਂਕਾਂ ਨੂੰ ਵੀ ਸੂਚਿਤ ਕੀਤੇ ਜਾਣ ਲਈ ਆਖਿਆ ਹੈ। ਪਾਰਟੀ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਕਰਜ਼ਾ ਮੁਆਫੀ ਦਾ ਭਰੋਸਾ ਦਿੱਤੇ ਜਾਣ ਮਗਰੋਂ ਕਿਸਾਨਾਂ ਵੱਲੋਂ ਕਰਜ਼ਿਆਂ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਹੈ, ਜਿਸ ਕਰਕੇ ਬੈਂਕਾਂ ਵੱਲੋਂ ਉਹਨਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ।ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿਘ ਗਰੇਵਾਲ ਨੇ ਕਿਹਾ ਕਿ ਇਹ ਕਰਨਾ ਬਹੁਤ ਹੀ ਜਰੂਰੀ ਹੈ, ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਭਰੋਸਾ ਦਿੱਤੇ ਜਾਣ ਮਗਰੋਂ ਕਿ ਕਰਜ਼ੇ ਦਾ ਮਾਮਲਾ ਹੁਣ ਸਿਰਫ ਸਰਕਾਰ ਅਤੇ ਬੈਂਕਾਂ ਵਿਚਕਾਰ ਰਹਿ ਗਿਆ ਹੈ, ਲੱਖਾਂ ਕਿਸਾਨਾਂ ਨੇ ਕਰਜ਼ਿਆਂ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਝੂਠਾ ਚੋਣ ਵਾਅਦਾ ਕਰਕੇ ਠੱਗਿਆ ਗਿਆ ਹੈ ਅਤੇ ਬੈਂਕ ਉਹਨਾਂ ਨੂੰ ਮਿਲਦੀ ਬੁਢਾਪਾ ਪੈਨਸ਼ਨ ਨੂੰ ਕਰਜ਼ੇ ਦੇ ਵਿਆਜ ਵਜੋਂ ਕੱਟਣ ਲੱਗ ਪਏ ਹਨ ਤਾਂ ਕਲਪਨਾ ਕਰੋ ਕਿ ਕਿਸਾਨਾਂ ਨੂੰ ਕਿੰਨਾ ਵੱਡਾ ਵਿਸ਼ਵਾਸ਼ਘਾਤ ਮਹਿਸੂਸ ਹੋਇਆ ਹੋਵੇਗਾ?ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਕਰਜ਼ਾ ਮੁਆਫੀ ਪੈਕਜ ਦਾ ਭਾਂਡਾ ਬੈਂਕਾਂ ਨੇ ਚੁਰਾਹੇ ਭੰਨਣਾ ਸ਼ੁਰੂ ਕਰ ਦਿੱਤਾ ਹੈ। ਬੈਂਕ ਸਾਫ ਕਹਿ ਰਹੇ ਹਨ ਕਿ ਕਰਜ਼ਾ ਮੁਆਫੀ ਬਾਰੇ ਅਜੇ ਤੀਕ ਉੁਹਨਾਂ ਨੂੰ ਕੋਈ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ ਹੈ। ਕੀ ਇੱਕ ਮਹੀਨਾ ਪਹਿਲਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਉਹਨਾਂ ਨੂੰ ਕਰਜ਼ਾ ਮੋੜਣ ਦੀ ਕੋਈ ਲੋੜ ਨਹੀਂ ਹੈ ਤਾਂ ਉਹ ਸਫੈਦ ਝੂਠ ਬੋਲ ਰਿਹਾ ਸੀ? ਉਸ ਨੇ ਇਹ ਐਲਾਨ ਕਿਉਂ ਕੀਤਾ ਸੀ ਕਿ ਇਸ ਮਾਮਲੇ ਉਤੇ ਬੈਂਕਾਂ ਨੂੰ ਸਰਕਾਰ ਦੁਆਰਾ ਭਰੋਸੇ ਵਿਚ ਲੈ ਲਿਆ ਗਿਆ ਹੈ, ਜਦਕਿ ਅਜਿਹਾ ਕੁੱਝ ਵੀ ਨਹੀਂ ਸੀ ਵਾਪਰਿਆ। ਉਸ ਨੇ ਅਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਸਦਨ ਵਿਚ ਝੂਠ ਕਿਉਂ ਬੋਲਿਆ?

ਇਹ ਕਹਿੰਦਿਆਂ ਕਿ ਹਾਲਾਤ ਕਦੇ ਵੀ ਭਿਆਨਕ ਰੂਪ ਧਾਰਨ ਕਰ ਸਕਦੇ ਹਨ, ਅਕਾਲੀ ਆਗੂ ਨੇ ਕਿਹਾ ਕਿ ਬੈਂਕਾਂ ਦੁਆਰਾ ਬੁਢਾਪਾ ਪੈਨਸ਼ਨ ਅਤੇ ਦੂਜੇ ਲਾਭ ਦੇਣ ਤੋਂ ਇਨਕਾਰ ਕਰਨਾ ਇੱਕ ਅਣਮਨੁੱਖੀ ਵਿਵਹਾਰ ਹੈ।ਇਸ ਮੁੱਦੇ ਉੱਤੇ  ਮੁੱਖ ਮੰਤਰੀ ਚੁੱਪ ਕਿਉਂ ਹੈ? ਉਸ ਨੇ ਬੈਂਕਾਂ ਨੂੰ ਕਿਸਾਨਾਂ ਦੀ ਬੁਢਾਪਾ ਪੈਨਸ਼ਨ ਤੁਰੰਤ ਜਾਰੀ ਕਰਨ ਅਤੇ ਇਸ ਨੂੰ ਕਿਸਾਨ ਵੱਲ ਖੜ੍ਹੇ ਕਰਜ਼ੇ ਦੇ ਵਿਆਜ ਵਜੋਂ ਨਾ ਕੱਟਣ ਦਾ ਨਿਰਦੇਸ਼ ਕਿਉਂ ਨਹੀ ਦਿੱਤਾ? ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਘੱਟੋ-ਘੱਟ ਇਹ ਤਾਂ ਕਰ ਸਕਦੀ ਹੈ ਕਿ ਇਸ ਅਖੌਤੀ ਕਰਜ਼ਾ ਮੁਆਫੀ ਸਕੀਮ ਲਈ ਜਿਹੜੇ ਵਿਅਕਤੀ ਯੋਗ ਹਨ, ਉਹਨਾਂ ਦੀ ਸੂਚੀ ਜਨਤਕ ਕਰ ਦੇਵੇ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਇਸ ਬਾਰੇ ਬਹੁਤ ਹੀ ਘਚੋਲਾ ਪਿਆ ਹੈ। ਕਿਸੇ ਨੂੰ ਨਹੀਂ ਪਤਾ ਕਿ ਕਿਹੜਾ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹੈ ਅਤੇ ਕਿਹੜਾ ਨਹੀਂ ਹੈ।  ਉਹਨਾਂ ਕਿਹਾ ਕਿ ਇਹ ਇਸ ਲਈ ਜਰੂਰੀ ਹੈ, ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਕਰਜ਼ਿਆਂ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਵਿਆਜ ਉੱਤੇ ਜੁਰਮਾਨਾ ਲੱਗਾ ਸ਼ੁਰੂ ਹੋ ਗਿਆ ਹੈ। ਇਹਨਾਂ ਕਰਜ਼ਦਾਰਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਣੀ ਹੈ। ਅਜਿਹੇ ਹਾਲਾਤਾਂ 'ਚ ਜਦੋਂ ਸੂਬੇ ਅੰਦਰ ਰੋਜਾਨਾਥ 2 ਕਿਸਾਨਾਂ ਖੁਦਕੁਸ਼ੀ ਕਰ ਰਹੇ ਹੋਣ ਤਾਂ ਅਸੀਂ ਅਜਿਹੀ ਸਥਿਤੀ ਦਾ ਟਾਕਰਾ ਕਿਵੇਂ ਕਰਾਂਗੇ? ਸਰਦਾਰ ਗਰੇਵਾਲ ਨੇ ਇਹ ਨੁਕਤਾ ਵੀ ਉਠਾਇਆ ਕਿ ਸੂਬੇ ਅੰਦਰ ਸਮੁੱਚਾ ਬੈਂਕਿੰਗ ਪ੍ਰਬੰਧ ਨਕਾਰਾ ਹੋਣ ਦੇ ਕੰਢੇ ਪਹੁੰਚ ਗਿਆ ਹੈ, ਕਿਉਂਕਿ ਬੈਂਕ ਕਿਸਾਨਾਂ ਨੂੰ ਨਵਾਂ ਕਰਜ਼ਾ ਦੇਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੂੰ ਨਵੀ ਫਸਲ ਦੀ ਬਿਜਾਈ ਸਮੇਂ ਕੀਟਨਾਸ਼ਕ ਦਵਾਈਆਂ ਅਤੇ ਡੀਜ਼ਲ ਆਦਿ ਦੇ ਖਰਚਿਆਂ ਲਈ ਕਰਜ਼ੇ ਦੀ ਲੋੜ ਪੈਂਦੀ ਹੈ। ਜੇਕਰ ਕਿਸਾਨਾਂ ਫਸਲ ਬੀਜਣ ਲਈ ਕਰਜ਼ਾ ਨਹੀਂ ਮਿਲੇਗਾ ਤਾਂ ਇਸ ਨਾਲ ਸੂਬੇ ਦੀ ਸਮੁੱਚੀ ਅਰਥ-ਵਿਵਸਥਾ ਪ੍ਰਭਾਵਿਤ ਹੋਵੇਗੀ। ਅਜਿਹੇ ਮਾੜੇ ਹਾਲਾਤ ਪੈਦਾ ਕਰਨ ਲਈ ਸਿਰਫ ਇੱਕੋ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ। ਉਸ ਨੂੰ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਣਾ ਚਾਹੀਦਾ ਹੈ ਜਾਂ ਫਿਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।