5 Dariya News

ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਮੁੱਫਤ ਡਾਇਲਸਿਸ ਸੇਵਾ ਸ਼ੁਰੂ ਕਰਨ ਦੀ ਘੋਸ਼ਣਾ

5 Dariya News

ਚੰਡੀਗੜ੍ਹ 23-Jun-2017

ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਰਾਜ ਦੇ ਸਾਰੇ ਜਿਲ੍ਹਾ ਸਰਕਾਰੀ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ ਵਿਚ ਮੁਫਤ ਡਾਇਲਸਿਸ ਸੇਵਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ।ਇਸ ਸੇਵਾ ਦਾ ਰਸਮੀ ਐਲਾਨ ਅੱਜ ਸੰਸਦੀ ਮਾਮਲੇ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਵਿਧਾਨ ਸਭਾ ਵਿਚ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਗਰੀਬ ਅਤੇ ਲੋੜਵੰਦਾਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ ਇਸ ਲਈ ਸਰਕਾਰ ਵਲੋਂ  ਡਾਇਲਸਿਸ ਦੀ ਮੁਫਤ ਸੇਵਾ ਰਾਜ ਦੇ 28 ਸਰਕਾਰੀ ਸੰਸਥਾਨਾਂ ਵਿਚ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਸਿਹਤ ਵਿਭਾਗ ਦੇ ਸਾਲ 2016-17 ਦੇ ਰਿਕਾਰਡ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੂਬੇ 28 ਸੰਸਥਾਨਾਂ ( ਸਮੇਤ ਮੈਡੀਕਲ ਕਾਲਜ) ਵਿਚ 11,596  ਡਾਇਲਸਿਸ ਕੀਤੇ ਗਏ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਮੁਹੱਇਆ ਕੀਤੇ ਗਏ ਅੰਕੜੇ ਅਨੁਸਾਰ ਇਕ ਮਰੀਜ 'ਤੇ ਲਗਭਗ 400 ਤੋਂ 450 ਰੁਪਏ ਤੱਕ ਦਾ ਖਰਚ ਆਉਂਦਾ ਹੈ।

ਮੰਤਰੀ ਨੇ ਦੱਸਿਆ ਕਿ ਹੁੱਣ ਸਾਰੇ ਜਿਲ੍ਹਾ ਹਸਪਤਾਲਾਂ, ਮੈਡੀਕਲ ਕਾਲਜਾਂ, ਤਿੰਨ ਸਬ-ਡਵੀਜ਼ਨਲ( ਅਬੋਹਰ,ਬਟਾਲਾ ਅਤੇ ਦਸੂਹਾ) ਹਸਪਤਾਲਾਂ ਵਿਚ ਇਹ ਸੇਵਾ ਮੁਫਤ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮੁਫਤ ਸੇਵਾ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਹੋਰ ਸਬ-ਡਵੀਜ਼ਨ ਹਸਪਤਾਲਾਂ ਜਾਂ ਇਲਾਕੇ ਦੀ ਲੋੜ ਨੂੰ ਧਿਆਂਨ ਵਿਚ ਰੱਖਦੇ ਹੋਏ, ਨਵੇਂ ਡਾਇਲਸਿਸ ਯੂਨਿਟ ਵੀ ਸਥਾਪਿਤ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਮੁੱਫਤ ਡਾਇਲਸਿਸ ਸੇਵਾ ਮੁਹੱਇਆ ਕਰਵਾਉਣ ਲਈ ਲਗਭਗ 1 ਕਰੋੜ ਰੁਪਏ ਦੀ ਲਾਗਤ ਆਵੇਗੀ।ਇਹ ਮੁਫਤ ਸੇਵਾ ਨਾਲ ਨਿਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਮਰੀਜ ਵੀ ਸਰਕਾਰੀ ਹਸਪਤਾਲਾਂ ਦਾ ਰੁੱਖ ਕਰਨਗੇ।ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲ਼ਿਆਉਣ ਲਈ 58 ਰੇਡੀਓਗਰਾਫਰਾਂ ਅਤੇ 2 ਈ.ਸੀ.ਜੀ ਟੈਕਨੀਸ਼ਨਾਂ ਦੀ ਭਰਤੀ ਵੀ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸੇਵਾਵਾਂ ਮੁਹੱਇਆ ਕਰਵਾਉਣ ਲਈ ਹੋਰ ਭਰਤੀਆਂ ਵੀ ਕੀਤੀਆਂ ਜਾਣਗੀਆਂ।