5 Dariya News

ਗਮਾਡਾ ਦਾ ਸੀਨੀਅਰ ਅਸਿਸਟਂੈਟ ਕਿਰਨਪਾਲ ਕਟਾਰੀਆ 50,000 ਰੁਪਏ ਰਿਸ਼ਵਤ ਲੈਂਦਾ ਕਾਬੂ

5 Dariya News

ਚੰਡੀਗੜ੍ਹ 23-Jun-2017

ਪੰਜਾਬ ਵਿਜੀਲਂੈਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਅਸਟੇਟ ਦਫਤਰ ਗਮਾਡਾ ਦੇ ਸੀਨੀਅਰ ਅਸਿਸਟਂੈਟ ਕਿਰਨਪਾਲ ਕਟਾਰੀਆ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲਂੈਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਕਰਮ ਸਿੰਘ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੋਹਾਲੀ ਨੇ ਵਿਜੀਲਂੈਸ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਨਰਾਇਣਗੜ੍ਹ ਝੁੱਗੀਆਂ ਤਹਿਸੀਲ ਡੇਰਾਬੱਸੀ ਵਿਖੇ ਗਮਾਡਾ ਵੱਲੋਂ ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਉਸਦੀ ਜਮੀਨ ਵੀ ਐਕਵਾਇਰ ਹੋਈ ਸੀ। ਇਸ ਉਪਰੰਤ ਲੈਂਡ ਪੂਲਿੰਗ ਸਕੀਮ ਤਹਿਤ ਐਰੋਸਿਟੀ ਵਿੱਚ ਪਲਾਟ ਲੈਣ ਲਈ ਕਰਮ ਸਿੰਘ ਸਮੇਤ ਕੁੱਝ ਹੋਰ ਮਾਲਕਾਂ ਵੱਲੋਂ ਆਪੋ-ਆਪਣੇ ਸਹਿਮਤੀ ਪੱਤਰ ਗਮਾਡਾ ਨੂੰ ਦਿੱਤੇ ਸੀ ਜਿਸ ਤਹਿਤ ਗਮਾਡਾ ਵੱਲੋਂ ਮਾਲਕਾਂ ਨੂੰ 500 ਵਰਗ ਗਜ਼ ਦੇ ਰਿਹਾਇਸ਼ੀ ਅਤੇ 60 ਵਰਗ ਗਜ਼ ਦੇ ਵਪਾਰਕ ਪਲਾਟ ਦੇਣੇ ਸਨ। ਇਸ ਉਪਰ ਉਕਤ ਭੌਂਇ ਮਾਲਕਾਂ ਨੇ ਪਲਾਟਾਂ ਦੀ ਸੰਯੁਕਤ ਪ੍ਰਵਾਨਗੀ ਪੱਤਰ (ਐਲ.ਓ) ਹਾਸਲ ਕਰਨ ਸਬੰਧੀ ਕਰਮ ਸਿੰਘ ਨੂੰ ਪੈਰਵਾਈ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੋਈ ਸੀ। 

ਜਿਸ ਉਪਰੰਤ ਕਰਮ ਸਿੰਘ ਨੂੰ ਕਿਰਨਪਾਲ ਕਟਾਰੀਆ ਸੀਨੀਅਰ ਅਸਿਸਟਂੈਟ ਅਸਟੇਟ ਦਫਤਰ ਗਮਾਡਾ, ਜੋ ਕਿ ਉਸਦੀ ਉਕਤ ਪਲਾਟਾਂ ਸਬੰਧੀ ਫਾਇਲ ਨੂੰ ਡੀਲ ਕਰ ਰਿਹਾ ਹੈ, ਨੇ ਕਿਹਾ ਕਿ ਤੁਹਾਡਾ ਕੰਮ ਹੋਣ ਨੂੰ ਕਾਫੀ ਸਮਾਂ ਲੱਗੇਗਾ ਅਤੇ ਇਸ ਉਪਰ ਸੀਨੀਅਰ ਅਫਸਰਾਂ ਵੱਲੋਂ ਇਤਰਾਜ਼ ਵੀ ਲਾਏ ਜਾ ਸਕਦੇ ਹਨ ਅਤੇ ਜੇਕਰ ਤੁਸੀਂ ਇਹ ਕੰਮ ਜਲਦੀ ਕਰਵਾਉਣਾ ਚਾਹੁੰਦੇ ਹੋ ਤਾਂ ਉਸਨੂੰ 2,00,000/- ਰੁਪਏ ਰਿਸ਼ਵਤ ਵਜੋਂ ਦੇ ਦਿਓ ਅਤੇ ਉਹ ਉਹਨਾਂ ਦਾ ਕੰਮ ਜਲਦੀ ਕਰਵਾ ਦੇਵੇਗਾ। ਇਸ ਕੰਮ ਲਈ ਉਹਨਾਂ ਦਾ ਸੌਦਾ 1,50,000/- ਰੁਪਏ ਵਿੱਚ ਤੈਅ ਹੋ ਗਿਆ ਅਤੇ ਇਸਦੀ ਪਹਿਲੀ ਕਿਸ਼ਤ ਵਜੋਂ ਉਸਨੇ 50,000/- ਰੁਪਏ ਦੀ ਮੰਗ ਕੀਤੀ। ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਸ਼ਿਕਾਇਤਕਰਤਾ ਦੇ ਦੇਸ਼ਾਂ ਦੀ ਪੜਤਾਲ ਉਪਰੰਤ ਦੋਸ਼ੀ ਕਿਰਨਪਾਲ ਕਟਾਰੀਆ ਨੂੰ 50,000 ਰੁਪਏ ਰਕਮ ਰਿਸ਼ਵਤ ਵਜੋਂ ਮੰਗ ਕੇ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗਮਾਡਾ ਦਫਤਰ ਵਿੱਚੋਂ ਇੰਸਪੈਕਟਰ ਇੰਦਰਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਦੇ ਥਾਣਾ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (2) ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ।