5 Dariya News

ਮੁੱਖ ਮੰਤਰੀ ਵੱਲੋਂ ਅਕਾਲੀ ਦਲ ਤੇ ਆਪ ਵਿਧਾਇਕਾਂ ਦੇ ਹੁੱਲ੍ਹੜਬਾਜ਼ੀ ਵਾਲੇ ਰਵੱਈਏ ਦੀ ਸਖ਼ਤ ਅਲੋਚਨਾ

ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਲਈ ਦੋਵਾਂ ਪਾਰਟੀਆਂ ਦਰਮਿਆਨ ਆਪਸੀ ਸਾਜ਼ਿਸ਼ ਨੂੰ ਰੱਦ ਨਹੀਂ ਕੀਤਾ ਜਾ ਸਕਦਾ-ਕੈਪਟਨ ਅਮਰਿੰਦਰ ਸਿੰਘ

5 Dariya News

ਚੰਡੀਗੜ੍ਹ 22-Jun-2017

ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਰੌਲਾ-ਰੱਪਾ ਅਤੇ ਵਿਘਨ ਪਾਉਣ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਰੋਧੀ ਧਿਰਾਂ ਦੇ ਜਾਬਰ ਰਵੱਈਏ ਦੀ ਕਰੜੀ ਅਲੋਚਨਾ ਕਰਦਿਆਂ ਆਖਿਆ ਕਿ ਇਸ ਤੋਂ ਵਿਰੋਧੀਆਂ ਦੀ ਗੁੰਡਾਗਰਦੀ ਝਲਕਦੀ ਹੈ।ਕਿਸਾਨੀ ਕਰਜ਼ੇ ਦੀ ਮੁਆਫੀ ਬਾਰੇ ਸਦਨ ਵਿੱਚ ਵਿਰੋਧੀ ਧਿਰਾਂ ਵੱਲੋਂ ਗੁੰਮਰਾਨਕੁੰਨ ਤੇ ਝੂਠੀ ਬਿਆਨਬਾਜ਼ੀ ਰਾਹੀਂ ਗਲਤ ਰੰਗ ਦੇਣ ਦੀ ਵਾਰ-ਵਾਰ ਕੀਤੀ ਜਾ ਰਹੀ ਕੋਸ਼ਿਸ਼ ਬਾਰੇ ਤਸਵੀਰ ਸਪੱਸ਼ਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਹੁੱਲ੍ਹੜਬਾਜ਼ੀ ਕਰਕੇ ਸਦਨ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ।ਇਸ ਆਲਮ ਤੋਂ ਪ੍ਰੇਸ਼ਾਨ ਦਿਸ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀਆਂ ਵੱਲੋਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ 'ਤੇ ਅਫਸੋਸ ਜ਼ਾਹਰ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਸਪੀਕਰ 'ਤੇ ਕਾਗਜ਼ ਸੁੱਟਣ ਅਤੇ ਬੇਲੋੜੇ ਮੁੱਦਿਆਂ 'ਤੇ ਰੌਲਾ-ਰੱਪਾ ਪਾ ਕੇ ਵਿਧਾਨ ਸਭਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਧਾਇਕਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਲਈ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹਿਕ ਸਾਜ਼ਿਸ਼ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਇਜਲਾਸ ਸ਼ੁਰੂ ਹੋਣ ਵਾਲੇ ਦਿਨ ਤੋਂ ਇਨ੍ਹਾਂ ਵੱਲੋਂ ਧਾਰਨ ਕੀਤੇ ਰਵੱਈਏ ਤੋਂ ਸਪੱਸ਼ਟ ਰੂਪ ਵਿੱਚ ਅਜਿਹਾ ਦੀ ਜਾਪਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਨਾੜੀ ਹੋਣ ਕਰਕੇ ਅਣਗੌਲਿਆ ਕੀਤਾ ਜਾ ਸਕਦਾ ਹੈ ਕਿਉਂਕਿ ਸਦਨ ਦੀ ਕਾਰਵਾਈ ਬਾਰੇ ਕੋਈ ਵੀ ਗਿਆਨ ਨਹੀਂ ਹੈ ਪਰ ਅਕਾਲੀ ਵਿਧਾਇਕਾਂ ਵੱਲੋਂ ਵੀ ਉਨ੍ਹਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਸਪੱਸ਼ਟ ਝਲਕਦਾ ਹੈ ਕਿ ਉਹ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਜਾਣਬੁੱਝ ਕੇ ਰੋਕ ਰਹੇ ਹਨ। ਇਨ੍ਹਾਂ ਪਾਰਟੀਆਂ ਦੇ ਵਿਧਾਇਕਾਂ ਨੇ ਪ੍ਰਸ਼ਨ ਕਾਲ ਦੀ ਮਰਿਆਦਾ ਨੂੰ ਵੀ ਢਾਹ ਲਾਈ ਹੈ ਅਤੇ ਇਸ ਤੋਂ ਵੱਧ ਦੁਖਦਾਈ ਪੱਖ ਇਹ ਹੈ ਕਿ ਇਨ੍ਹਾਂ ਵਿੱਚੋਂ ਇਕ ਵਿਧਾਇਕ ਸੀਨੀਅਰ ਪੱਤਰਕਾਰ ਤੇ ਸੰਪਾਦਕ ਹੁੰਦਿਆਂ ਅਕਸਰ ਆਪਣੀ ਅਖਬਾਰੀ ਰਿਪੋਰਟ ਵਿੱਚ ਸਦਨ ਵਿੱਚ ਹੰਗਾਮਿਆਂ ਦੀ ਨੁਕਤਾਚੀਨੀ ਕਰਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਵਕੀਲ ਤੇ ਹੋਰ ਪੇਸ਼ੇਵਰ ਨੁਮਾਇੰਦੇ ਵੀ ਹਨ ਜੋ ਅਜਿਹੇ ਸ਼ਰਮਨਾਕ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕ ਪ੍ਰਸ਼ਨ ਕਾਲ ਦੌਰਾਨ ਆਪਣੇ ਮੁੱਦੇ ਉਠਾਉਣ ਦੀ ਬਜਾਏ ਅਖਬਾਰਾਂ ਵਿੱਚ ਸੁਰਖੀਆਂ ਬਟੋਰਨ ਲਈ ਇਹ ਸਿਆਸੀ ਢਕਵੰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਰਵੱਈਆ ਜਮਹੂਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਫਰਜ਼ਾਂ ਦੀ ਸਰਾਸਰ ਕੁਤਾਹੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਆਪ ਦੇ ਇਕ ਵਿਧਾਇਕ ਵੱਲੋਂ ਵਾਚ ਐਂਡ ਵਾਰਡ ਦੀ ਮਹਿਲਾ ਮੁਲਾਜ਼ਮ 'ਤੇ ਹਮਲਾ ਕਰਨ 'ਤੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਸ਼ਰਮਨਾਕ ਦੱਸਿਆ।