5 Dariya News

ਫਤਹਿਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਵਜੋਂ ਵਿਕਸਤ ਕੀਤਾ ਜਾਵੇਗਾ : ਨਵਜੋਤ ਸਿੰਘ ਸਿੱਧੂ

ਵਿਧਾਨ ਸਭਾ ਵਿੱਚ ਵਿਧਾਇਕ ਕੁਲਜੀਤ ਨਾਗਰਾ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਨੇ ਦਿੱਤਾ ਉਤਰ

5 Dariya News

ਚੰਡੀਗੜ੍ਹ 22-Jun-2017

ਇਤਿਹਾਸਕ ਤੇ ਧਾਰਮਿਕ ਸ਼ਹਿਰ ਫਤਹਿਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਗੱਲ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਕਹੀ।ਸ. ਸਿੱਧੂ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਵਜੋਂ ਵਿਕਸਤ ਕਰਨ ਲਈ ਇਥੋਂ ਦੀਆਂ ਇਤਿਹਾਸਕ ਤੇ ਧਾਰਮਿਕ ਇਮਾਰਤਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਰਫੂਦੀਨ ਮਕਬਰੇ ਦੀ ਲੈਂਡ ਸਕੇਪਿੰਗ ਅਤੇ ਰਫੂਦੀਨ ਮਕਬਰਾ, ਅਲਫਸਾਨੀ ਮਕਬਰਾ, ਬੀਬੀ ਤਾਜ਼ ਮਕਬਰਾ ਅਤੇ ਰੋਜ਼ਾ ਸ਼ਰੀਫ ਮਸਜਿਦ ਦਾ ਅਸਲੀ ਹਾਲਤ ਵਿੱਚ ਮੁੜ ਉਸਾਰੀ ਕਰਨਾ ਅਤੇ ਬਚਾਉਣਾ ਹੈ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿੱਚ ਪੈਂਦੀਆਂ ਵੱਖੋ-ਵੱਖ ਇਮਾਰਤਾਂ ਜਿਵੇਂ ਕਿ ਨੌਘਰਾ, ਸ਼ੀਸ਼ ਮਹਿਲ, ਮਹਿਤਾਬੀ ਬਾਗ, ਉਤਰੀ ਪੰਡਾਲ ਅਤੇ ਬੁਰਜ ਦੀ ਅਸਲੀ ਹਾਲਤ ਵਿੱਚ ਮੁੜ ਉਸਾਰੀ ਕਰਨਾ ਅਤੇ ਬਚਾਉਣਾ ਹੈ। 

ਆਮ ਖਾਸ ਨੂੰ ਮੁੜ ਵਰਤਣ ਯੋਗ ਲਈ ਟੈਂਡਰ ਲਗਾਏ ਹਨ ਜਿਸ ਨੂੰ ਪ੍ਰਾਪਤ ਕਰਨ ਦੀ ਆਖਰੀ ਮਿਤੀ 27-06-2017 ਹੈ।ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਕਤ ਤੋਂ ਇਲਾਵਾ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ (ਹੈਰੀਟੇਜ ਸਰਕਟ) ਸਕੀਮ ਦੇ ਤਹਿਤ ਮੁਗਲ ਸਰਕਟ ਅਧੀਨ ਵੀ ਆਮ ਖਾਸ ਬਾਗ ਨੂੰ ਵਿਕਸਤ ਕੀਤੇ ਜਾਣ ਦੀ ਤਜਵੀਜ਼ ਸਰਕਾਰ ਦੇ ਅਧੀਨ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ, ਰੋਜ਼ਾ ਸ਼ਰੀਫ ਅਤੇ ਜਗਤੇਸ਼ਵਰੀ ਮੰਦਰ ਜੋ ਕਿ ਧਾਰਮਿਕ ਅਤੇ ਇਤਿਹਾਸਕ ਮਹਾਨਤਾ ਰੱਖਦੇ ਹਨ, ਨੂੰ ਵੀ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੀ ਸਪਿਰਚੂਅਲ ਸਰਕਟ ਰਾਹੀਂ ਵਿਕਸਤ ਕੀਤਾ ਜਾਵੇਗਾ।ਸ. ਸਿੱਧੂ ਨੇ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਹਰ ਧਰਮ ਦਾ ਤੀਰਥ ਅਸਥਾਨ ਹੈ। ਸਭ ਧਰਮਾਂ ਦੀ ਸਾਂਝੀ ਧਰਤੀ ਮਾਨਵਤਾ ਦਾ ਸੁਨੇਹਾ ਦਿੰਦੀ ਹੈ ਅਤੇ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਇਸ ਸ਼ਹਿਰ ਨੂੰ ਧਾਰਮਿਕ ਸਰਕਟ ਵਜੋਂ ਪੂਰੀ ਤਰ੍ਹਾਂ ਵਿਕਸਤ ਕੀਤਾ ਜਾਵੇਗਾ।