5 Dariya News

ਸਪੀਕਰ ਵਿਰੁੱਧ ਬੋਲੇ ਮੰਦੇ ਬੋਲਾਂ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਦੀ ਆਲੋਚਨਾ

ਸੰਵਿਧਾਨਿਕ ਸੰਸਥਾ ਅਤੇ ਅਹੁਦੇ ਨੂੰ ਢਾਹ ਲਾਉਣ ਵਿਰੁੱਧ ਚੇਤਾਵਨੀ

5 Dariya News

ਚੰਡੀਗੜ੍ਹ 22-Jun-2017

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਵਰਗੇ ਉੱਚ ਅਹੁਦੇ ਵਿਰੁੱਧ ਮੰਦੇ ਬੋਲ ਬੋਲਣ ਅਤੇ ਉਨ੍ਹਾਂ ਨੂੰ ਖੁਲ੍ਹੀਆਂ ਧਮਕੀਆਂ ਦੇਣ  ਲਈ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਹੈ।ਵਿਧਾਨ ਸਭਾ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਮ ਸਹਿਮਤੀ ਨਾਲ ਚੁਣੇ ਗਏ ਸਪੀਕਰ ਵਿਰੁੱਧ ਗੈਰ-ਸੰਸਦੀ ਭਾਸ਼ਾ ਅਤੇ ਵਿਵਹਾਰ ਅਪਣਾਉਣ ਲਈ ਬਾਦਲਾਂ ਦੀ ਝਾੜ-ਝੰਭ ਕਰਦੇ ਹੋਏ ਮੁੱਖ ਮੰਤਰੀ ਨੇ ਬਾਦਲਾਂ ਨੂੰ ਇਸ ਪਵਿੱਤਰ ਸਦਨ ਦੀ ਜਮਹੂਰੀ ਬੁਨਿਆਦ ਨੂੰ ਤਬਾਹ ਕਰਨ ਦੀ ਭਵਿੱਖ ਵਿੱਚ ਕੋਈ ਵੀ ਕੋਸ਼ਿਸ਼ ਕਰਨ ਵਿਰੁੱਧ ਸਖਤ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਵਿਵਸਥਾ ਨੂੰ ਬਣਾਈ ਰੱਖਣ ਵਾਲੀ ਸੰਵਿਧਾਨਿਕ ਅਥਾਰਟੀ ਵਜੋਂ ਸਪੀਕਰ ਲਈ ਸਦਨ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਜਾਂ ਗੜਬੜੀ ਨੂੰ ਰੋਕਣ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਅਤੇ ਉਹਨਾਂ ਨੇ ਵਿਰੋਧੀ ਧਿਰ ਦੇ ਉਜੱਡ ਵਿਧਾਇਕਾਂ ਦੁਆਰਾ ਸਦਨ ਨੂੰ ਜੰਗ ਦਾ ਅਖਾੜਾ ਬਣਾਉਣ ਤੋਂ ਰੋਕਣ ਲਈ ਹੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਦਨ ਵਿੱਚ ਬਹੁਮਤ ਵਾਲੀ ਪਾਰਟੀ ਹੈ ਅਤੇ ਇਹ ਸਪੀਕਰ ਦੇ ਉੱਚ ਅਹੁਦੇ ਨੂੰ ਢਾਹ ਲਾਉਣ ਦੀ ਨਾ ਹੀ ਆਗਿਆ ਦੇਵੇਗੀ ਅਤੇ ਨਾ ਹੀ ਅਕਾਲੀਆਂ ਜਾ ਆਮ ਆਦਮੀ ਪਾਰਟੀ ਨੂੰ ਸਰਕਾਰ ਵੱਲੋਂ ਲੋਕ ਭਲਾਈ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਪਾਉਣ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਸੀਨੀਅਰ ਬਾਦਲ ਦੀ ਮੀਡੀਆ ਰਿਪੋਰਟ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ ਜਿਸ ਵਿੱਚ ਬਾਦਲ ਨੇ ਕਿਹਾ ਸੀ ਕਿ ਜਿਨਾਂ ਚਿਰ ਸਪੀਕਰ ਨੂੰ ਆਪਣੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਉਨਾਂ ਚਿਰ ਉਹ ਸਦਨ ਨੂੰ ਨਹੀਂ ਚਲਣ ਦੇਣਗੇ। 

ਮੁੱਖ ਮੰਤਰੀ ਨੇ ਕਿਹਾ ਕਿ ਜੇ ਬਾਦਲ ਆਪਣੀਆਂ ਗਿਦੱੜ-ਭਬਕੀਆਂ ਨਾਲ ਸਰਕਾਰ 'ਤੇ ਆਪਣਾ ਦਬਾਅ ਬਣਾਉਣ ਵਾਰੇ ਸੋਚਦਾ ਹੈ ਤਾਂ ਇਹ ਉਸਦੀ ਗਲਤ ਫਹਿਮੀ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਸ਼ਰਮਨਾਕ ਧਮਕੀਆਂ ਅੱਗੇ ਨਹੀਂ ਝੁਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਦਾ ਹਸਪਤਾਲ ਜਾ ਕੇ ਮਗਰਮੱਛ ਦੇ ਹੰਝੂ ਵਹਾਉਣ ਅਤੇ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਤੇ ਮੀਡੀਆ ਵਿੱਚ ਆਉਣ ਲਈ ਨਾਟਕ ਰਚਣ ਵਾਸਤੇ ਮੌਜੂ ਉਡਾਇਆ। ਉਨ੍ਹਾਂ ਕਿਹਾ ਕਿ ਬਾਦਲ ਕੋਲ ਸਦਨ ਵਿੱਚ ਜਾਣ ਲਈ ਕੋਈ ਸਮਾਂ ਨਹੀਂ ਸੀ ਜਿਥੇ ਸ਼ਾਇਦ ਉਸਦੀ ਹਾਜ਼ਰੀ ਉਸਦੇ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਸਗੋਂ ਇੱਕ ਦਮ ਹਸਪਤਾਲ ਪਹੁੰਚ ਕੇ ਆਪਣੀ ਫੋਟੋ ਖਿਚਾਉਣ ਦੇ ਮੌਕੇ ਨੂੰ ਭੁਨਾਇਆ। ਉਸਨੇ ਇਸ ਗੱਲ ਵੱਲ ਧਿਆਨ ਦੇਣ ਦੀ ਕੋਈ ਵੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਕਿਨਾਂ ਕੁ ਗੰਭÎੀਰ ਹੈ ਤੇ ਉਸਦੇ ਕਿਨੀ ਕੁ ਸੱਟਾਂ ਲੱਗੀਆਂ ਹਨ। ਸਪੀਕਰ ਦੇ ਸਬੰਧ ਵਿੱਚ ਸੁਖਬੀਰ ਵੱਲੋਂ ਘਟੀਆ ਅਤੇ ਗੈਰ-ਸੰਵਿਧਾਨਿਕ ਭਾਸ਼ਾ ਵਰਤਣ ਲਈ ਮੁੱਖ ਮੰਤਰੀ ਨੇ ਸੁਖਬੀਰ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਕਾਲੀਆਂ ਦੀ ਸੰਵਿਧਾਨ ਪ੍ਰਤੀ ਹਮੇਸ਼ਾ ਹੀ ਵਿਖਾਈ ਗਈ ਨਿਰਾਦਰ ਦੀ ਭਾਵਨਾ ਦਾ ਪ੍ਰਗਟਾਵਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਸਥਿਤੀ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਲਈ ਵੀ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਜੋ ਕਿ ਉਨ੍ਹਾਂ ਦੀ ਆਪਣੀ ਗੈਰ-ਜ਼ਿੰਮੇਵਾਰੀ ਅਤੇ ਗੈਰ-ਜਮਹੂਰੀ ਪਹੁੰਚ ਦਾ ਨਤੀਜਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਖਾਏ ਗਏ  ਘੜਮੱਸ ਪਾਊ ਵਤੀਰੇ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਨਾ ਹੀ ਅਕਾਲੀਆਂ ਨੇ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ ਸਦਨ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ। ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਆਪਣੇ ਉਭੱਦਰ ਵਤੀਰੇ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਸਦਨ ਦੀ ਮਰਿਆਦਾ ਦੀ ਪੂਰੀ ਤਰ੍ਹਾਂ ਉਲੰਘਣੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚਾ ਨਾਟਕ ਸਰਕਾਰ ਨੂੰ ਆਪਣੇ ਟੀਚੇ ਪੂਰੇ ਕਰਨ ਤੋਂ ਰੋਕਣ ਅਤੇ ਸਰਕਾਰ ਦੀ ਸਫਲਤਾ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਣ ਲਈ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਸਿਰਫ ਵਤੀਰਾ ਹੀ ਨਹੀਂ ਸਗੋਂ ਵਰਤੀ ਗਈ ਭਾਸ਼ਾ ਵੀ ਜਮਹੂਰੀ ਕਦਰਾਂ ਕੀਮਤਾਂ ਦਾ ਮੁਕੰਮਲ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਅਤੇ ਸੁਖਬੀਰ ਬਾਦਲ ਵਰਗੇ ਸੀਨੀਅਰ ਆਗੂ ਵੀ ਸਪੀਕਰ ਦੇ ਸਬੰਧ ਵਿੱਚ ਗੈਰ-ਸੰਵਿਧਾਨਿਕ ਅਤੇ ਘਟੀਆ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ਕੋਲ ਸਦਨ ਦਾ ਸਭ ਤੋਂ ਉੱਚਾ ਅਹੁਦਾ ਹੈ।