5 Dariya News

ਬਾਰ੍ਹਵੀਂ ਦੀ ਅੱਜ ਹੋਣ ਵਾਲੀ ਰੀਅਪੀਅਰ ਪ੍ਰੀਖਿਆ 'ਚ 55 ਹਜ਼ਾਰ ਪ੍ਰੀਖਿਆਰਥੀ ਬੈਠਣਗੇ, ਸਭ ਪ੍ਰਬੰਧ ਮੁਕੰਮਲ

ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦਾ ਸਾਲ ਬਚਾਉਣ ਲਈ ਲਈ ਜਾ ਰਹੀ ਐਡਵਾਂਸ ਪ੍ਰੀਖਿਆ : ਅਰੁਨਾ ਚੌਧਰੀ

5 Dariya News

ਚੰਡੀਗੜ੍ਹ 22-Jun-2017

ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦਾ ਇਕ ਸਾਲ ਬਚਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਡਵਾਂਸ ਵਿੱਚ ਭਲਕੇ 23 ਜੂਨ ਨੂੰ ਪ੍ਰੀਖਿਆ ਲਈ ਜਾ ਰਹੀ ਹੈ। ਵਿਭਾਗ ਵੱਲੋਂ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਭਲਕੇ ਹੋਣ ਵਾਲੀ ਪ੍ਰੀਖਿਆ ਵਿੱਚ ਕੁੱਲ 55 ਹਜ਼ਾਰ ਪ੍ਰੀਖਿਆਰਥੀ ਬੈਠਣਗੇ ਜਿਹੜੇ ਵੱਖ-ਵੱਖ 61 ਵਿਸ਼ਿਆਂ ਵਿੱਚੋਂ ਆਪੋ-ਆਪਣੇ ਕੰਪਾਰਟਮੈਂਟ ਵਾਲੇ ਵਿਸ਼ੇ ਦਾ ਪੇਪਰ ਦੇਣਗੇ। ਇਸ ਪ੍ਰੀਖਿਆ ਲਈ ਜ਼ਿਲਾ ਪੱਧਰ 'ਤੇ ਸੈਂਟਰ ਬਣਾਏ ਗਏ ਹਨ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਪੱਤਰ ਲਿਖ ਕੇ ਲੋੜੀਂਦੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡਲ ਸਿੱਖਿਆ ਅਫਸਰ ਸਬੰਧਤ ਮੰਡਲ ਅਤੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਆਪੋ-ਆਪਣੇ ਸਬੰਧਤ ਜ਼ਿਲੇ ਦਾ ਇੰਚਾਰਜ ਹੋਵੇਗਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜੂਨ ਮਹੀਨੇ ਕੰਪਾਰਟਮੈਂਟ ਦੀ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦਾ ਇਕ ਸਾਲ ਬਚ ਸਕੇ। ਇਸ ਤੋਂ ਪਹਿਲਾਂ ਇਹ ਪ੍ਰੀਖਿਆ ਸਤੰਬਰ ਮਹੀਨੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਲਕੇ ਹੋਣ ਵਾਲੀ ਪ੍ਰੀਖਿਆ ਲਈ 0172-5227136, 5227137 ਤੇ 5227138 ਹੈਲਪਲਾਈਨ ਨੰਬਰ ਕੰਟਰੋਲ ਰੂਮ ਵਿੱਚ ਸਥਾਪਤ ਕੀਤੇ ਗਏ ਹਨ।