5 Dariya News

ਕਿਸਾਨ ਰਿਵਾਇਤੀ ਫਸਲਾਂ ਦੀ ਬਜਾਏ ਖੇਤੀ ਵਿਭੰਨਤਾ ਨੂੰ ਅਪਨਾਉਣ : ਅਮਿਤ ਢਾਕਾ

ਜੈਵਿਕ ਖੇਤੀ ਕਿਸਾਨਾਂ ਲਈ ਬੇਹੱਦ ਲਾਹੇਵੰਦ , ਪੰਜਾਬ ਮੰਡੀ ਬੋਰਡ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਕਰੇਗਾ ਪ੍ਰੇਰਿਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Jun-2017

ਪੰਜਾਬ ਵਿੱਚ ਹੁਣ ਰਿਵਾਇਤੀ ਫਸਲਾਂ ਕਣਕ ਅਤੇ ਝੋਨਾ ਲਾਹੇਵੰਦ ਨਹੀਂ ਰਹੀਆਂ ਅਤੇ ਜਿੰਨ੍ਹਾਂ ਤੋਂ ਆਮਦਨ ਘੱਟ ਅਤੇ ਖਰਚਾ ਵੱਧ ਹੁੰਦਾ ਹੈ। ਕਿਸਾਨਾਂ ਨੂੰ ਆਪਣੀ ਆਰਥਿਕਤਾ ਦੀ ਮਜਬੂਤੀ ਲਈ ਫਸਲੀ ਵਿਭੰਨਤਾ ਅਪਨਾਉਣ ਦੀ ਲੋੜ ਹੈ। ਜੈਵਿਕ ਖੇਤੀ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਸਕੱਤਰ  ਸ੍ਰੀ ਅਮਿਤ ਢਾਕਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗਰਾਊਂਡ ਫਲੋਰ ਤੇ ਕਮਰਾ ਨੰਬਰ 123 ਵਿੱਚ ਜ਼ਿਲ੍ਹੇ 'ਚ ਪਹਿਲੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੋਲੇ ਗਏ ਵਿਕਰੀ ਕੇਂਦਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੀ ਮੌਜੂਦਗੀ ਵਿੱਚ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਸ੍ਰੀ  ਢਾਕਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜੈਵਿਕ ਉਤਪਾਦ ਸਾਡੀ  ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ ਅਤੇ ਮਨੁੱਖੀ ਸਰੀਰ ਨੂੰ ਘਾਤਕ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਰਾਜ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸਾਹਿਤ ਕਰੇਗਾ। ਪੱਤਰਕਾਰਾਂ ਵੱਲੋਂ ਮੁਹਾਲੀ ਸਥਿਤ ਏਅਰਕੰਡੀਸਨਡ ਫਲ ਅਤੇ ਸਬਜੀ ਮੰਡੀ ਦੇ ਚਾਲੂ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਮੰਡੀ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਚਾਲੂ ਹੋ ਜਾਵੇਗੀ। ਜਿਸ ਦਾ  ਰਾਜ ਦੇ  ਕਿਸਾਨਾ ਅਤੇ ਫਲ ਅਤੇ ਸਬਜੀ ਉਤਪਾਦਕਾਂ ਨੂੰ ਵੱਡਾ ਫਾਇਦਾ ਹੋਵੇਗਾ। 

ਇਸ ਮੌਕੇ ਡਿਪਟੀ ਕਮਿਸ਼ਨਰ ਸੀ੍ਰਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦਾ ਗਰੁੱਪ ਬਣਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਕਿਸਾਨ ਜੈਵਿਕ ਖੇਤੀ  ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਰ ਸੁੱਕਰਵਾਰ ਨੂੰ ਲੱਗਣ ਵਾਲੀ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕੇਂਦਰ ਨੂੰ ਜਰੂਰ ਦੇਖਣ ਤਾਂ ਜੋ ਉਨ੍ਹਾਂ ਨੂੰ ਜੈਵਿਕ ਉਤਪਾਦਾਂ ਬਾਰੇ ਜਾਣਕਾਰੀ ਹਾਸਿਲ ਹੋ ਸਕੇ। ਉਨ੍ਹਾਂ ਦੱਸਿਆ ਕਿ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਜ਼ਿਲ੍ਹੇ ਦੇ ਕਿਸਾਨਾਂ ਨੂੰ ਹੇਠਲੇ ਪੱਧਰ ਤੱਕ ਜੈਵਿਕ ਉਤਪਾਦਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਤਾਂ ਜੋ ਵੱਧ ਤੋਂ ਵੱਧ ਕਿਸਾਨ ਜੈਵਿਕ ਖੇਤੀ ਕਰਕੇ ਵੱਧ ਮੁਨਾਫਾ ਕਮਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਘੇਰਾ ਹੋਰ ਵਿਸਾਲ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਹਰ ਸੁੱਕਰਵਾਰ ਨੂੰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਬਾਅਦ ਦੁਪਹਿਰ 01:00 ਵਜੇ ਤੋਂ ਸ਼ਾਮ 06:00 ਵਜੇ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਸਟਾਲ ਲਗਾਇਆ ਜਾਇਆ ਕਰੇਗਾ।  

ਵਿਕਰੀ ਕੇਂਦਰ ਵਿੱਚ ਪਿੰਡ ਫਤਿਹਪੁਰ ਦੇ ਕਿਸਾਨ ਤ੍ਰਿਲੋਚਨ ਸਿੰਘ ਨੇ ਜੈਵਿਕ ਸਬਜੀਆਂ ਅਤੇ ਵਰਮੀਕੰਪੋਸਟ ਅਤੇ ਰਾਮਪੁਰ ਸੈਣੀਆਂ ਦੇ ਕਿਸਾਨ ਦਲਜੀਤ ਸਿੰਘ ਸਬਜੀਆਂ, ਪਿਆਜ ਅਤੇ ਕਣਕ, ਪੰਜੋਖਰਾ ਸਾਹਿਬ ਦੇ ਕਿਸਾਨ ਸੰਦੀਪ ਸਿੰਘ, ਧਨਾਸ ਦੇ ਕਿਸਾਨ  ਸ਼ੇਰ ਸਿੰਘ ਨੇ ਵੱਖ ਵੱਖ ਫਲਾਂ ਦਾ ਸੁੱਧ ਅਰਕ,  ਸੁਹਾਲੀ ਦੇ ਕਿਸਾਨ ਹਰਜਿੰਦਰ ਸਿੰਘ ਸਬਜੀਆਂ, ਹਲਦੀ, ਸ਼ਹਿਦ, ਦਲੀਆ ਕਣਕ ਅਤੇ ਮੱਕੀ ਸੇਮੀਆਂ, ਆਟਾ ਅਤੇ ਘੜੂੰਆਂ ਦੇ ਕਿਸਾਨ ਅਮਰਜੀਤ  ਸਿੰਘ ਨੇ ਸੱਕਰ ਦੀ ਬਰਫੀ, ਚੀਨੀ ਦੀ ਬਰਫੀ, ਤੀੜਾ ਦੇ ਕਿਸਾਨ ਮਨਵੀਰ ਸਿੰਘ ਨੇ ਹਲਦੀ, ਸ਼ਹਿਦ, ਸੋਇਆਬੀਨ ਅਤੇ ਝੰਜੇੜੀ ਦੇ ਕਿਸਾਨ ਗੁਰਪ੍ਰਕਾਸ ਸਿੰਘ ਨੇ ਸਬਜੀਆਂ, ਚਾਵਲ, ਗੁੜ, ਸੱਕਰ, ਆਟਾ ਅਤੇ ਸਤਾਬਗੜ੍ਹ ਦੇ ਕਿਸਾਨ  ਦੀਦਾਰ ਸਿੰਘ ਨੇ ਜੈਵਿਕ ਗੁੜ ਦੀ ਦਾਲ ਅਤੇ ਸਬਜੀਆਂ ਵਿਕਰੀ ਕੇਂਦਰ ਰਾਂਹੀ ਖੁਦ ਆਪ ਵੇਚੀਆਂ ਤੇ ਇਸ ਮੌਕੇ ਗ੍ਰਾਹਕਾਂ ਵਿੱਚ  ਜੈਵਿਕ ਉਤਪਾਦ ਖਰੀਦਣ ਲਈ ਭਾਰੀ ਉਤਸਾਹ ਦੇਖਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਾਲਿਕਾ ਅਰੋੜਾ, ਮੁੱਖ ਖੇਤੀਬਾੜੀ ਅਫਸਰ ਰਾਜੇਸ ਸ਼ਰਮਾਂ, ਤਕਨੀਕੀ ਸਹਾਇਕ ਸ੍ਰੀ ਚਮਨ ਲਾਲ ਸਮੇਤ ਖੇਤੀਬਾੜ੍ਹੀ ਅਤੇ ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।