5 Dariya News

ਪਰਕਾਸ਼ ਸਿੰਘ ਬਾਦਲ ਨੇ ਆਪ ਵਿਧਾਇਕਾਂ ਦੀ ਖ਼ੈਰ-ਖ਼ਬਰ ਲਈ

ਹਸਪਤਾਲ ਅਧਿਕਾਰੀਆਂ ਨੂੰ ਜ਼ਖਮੀ ਵਿਧਾਇਕਾਂ ਦਾ ਸਹੀ ਇਲਾਜ ਨਾ ਕਰਨ ਲਈ ਝਾੜ ਪਾਈ

5 Dariya News

ਚੰਡੀਗੜ੍ਹ 22-Jun-2017

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਅੱਜ ਸੈਕਟਰ 16 ਹਸਪਤਾਲ ਦੇ ਅਧਿਕਾਰੀਆਂ ਨੂੰ ਦੋ ਜ਼ਖਮੀ ਆਪ ਵਿਧਾਇਕਾਂ ਦਾ ਠੀਕ ਢੰਗ ਨਾਲ ਇਲਾਜ ਨਾ ਕਰਨ ਲਈ ਝਾੜ ਪਾਈ। ਇਹਨਾਂ ਵਿਧਾਇਕਾਂ ਨੂੰ ਅੱਜ ਪੰਜਾਬ ਵਿਧਾਨ ਸਭਾ  ਦੇ ਵਾਚ ਐਂਡ ਵਾਰਡ ਸਟਾਫ ਅਤੇ ਪੰਜਾਬ ਪੁਲਿਸ ਵੱਲੋਂ ਬੁਰੀ ਤਰਾਂ ਕੁੱਟਣ ਮਗਰੋਂ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਲਿਆਂਦਾ ਗਿਆ ਸੀ।ਵਿਧਾਇਕਾਂ ਦਾ ਹਾਲ ਪੁੱਛਣ ਲਈ ਪਹੁੰਚੇ ਸਰਦਾਰ ਬਾਦਲ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਦੋਵੇਂ ਵਿਧਾਇਕ ਹਸਪਤਾਲ ਵਿਚ ਦਾਖਲ ਕੀਤੇ ਜਾਣ ਮਗਰੋਂ ਕਈ ਘੰਟਿਆਂ ਬਾਅਦ ਵੀ ਬਿਨਾਂ ਇਲਾਜ ਤੋਂ ਸਟਰੈਚਰਾਂ ਉੱਤੇ ਪਏ ਸਨ। ਉਹਨਾਂ ਦੁਆਲੇ ਸਿਰਫ ਉਹਨਾਂ ਦੇ ਰਿਸ਼ਤੇਦਾਰ ਅਤੇ ਸਮਰਥਕ ਹੀ ਬੈਠੇ ਸਨ। ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿਚ ਵੇਖਦਿਆਂ ਸਰਦਾਰ ਬਾਦਲ ਬੜੇ ਪਿਆਰ ਨਾਲ ਇੱਕ ਪਿਤਾ ਵਾਂਗ ਉਸ ਨੂੰ ਹੌਂਸਲਾ ਦੇਣ ਲੱਗੇ। ਪਰ ਮਾਣੂੰਕੇ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਸ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇਹ ਵੇਖ ਕੇ ਸਰਦਾਰ ਬਾਦਲ ਗੁੱਸੇ ਵਿਚ ਆ ਕੇ ਕਹਿਣ ਲੱਗੇ ਕਿ ਉਹ ਮੇਰੀ ਧੀ ਹੈ ਅਤੇ ਹਸਪਤਾਲ ਅਧਿਕਾਰੀਆਂ ਨੂੰ ਖਰੀਆਂ ਖਰੀਆਂ ਸੁਣਾਉਣ ਲੱਗੇ। ਉਹਨਾਂ ਕਿਹਾ ਕਿ ਤੁਸੀਂ ਲੋਕਾਂ ਦੇ ਨੁੰਮਾਇਦਿਆਂ ਦੀ ਇਹ ਹਾਲਤ ਕਰ ਦਿੱਤੀ ਹੈ। ਕਿਰਪਾ ਕਰਕੇ ਇਸ ਨੂੰ ਅਤੇ ਇਸ ਦੇ ਸਾਥੀਆਂ ਨੂੰ ਫੋਰੀ ਡਾਕਟਰੀ ਸਹਾਇਤਾ ਦਿਓ। ਘੱਟੋ ਘੱਟ ਉਹਨਾਂ ਨੂੰ ਮਨੁੱਖੀ ਹਮਦਰਦੀ ਅਤੇ ਪਿਆਰ ਨਾਲ ਤਾਂ ਵੇਖ ਲਓ। ਉਹਨਾਂ ਪੁੱਛਿਆ ਕਿ ਡਾਕਟਰਾਂ ਦੁਆਰਾ ਪੀੜਤਾਂ ਨੂੰ ਇਸ ਤਰਾਂ ਦਰਦ ਨਾਲ ਵਿਲਕਦੇ ਛੱਡ ਦੇਣਾ ਕੀ ਅਣਮਨੁੱਖੀ ਵਤੀਰਾ ਨਹੀਂ ਹੈ?ਸਰਦਾਰ ਬਾਦਲ ਨਾਲ ਉਹਨਾਂ ਦੇ ਮੀਡੀਆ ਸਲਾਹਕਾਰ  ਹਰਚਰਨ ਸਿੰਘ ਬੈਂਸ ਵੀ ਮੌਜੂਦ ਸਨ। ਸਰਦਾਰ ਬਾਦਲ ਦੀ ਫੇਰੀ ਬਾਰੇ ਪਤਾ ਲੱਗਦੇ ਹੀ ਡੀਐਚਐਸ ਰਾਕੇਸ਼ ਕੁਮਾਰ ਜਦ ਉਹਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਸਾਬਕਾ ਮੁੱਖ ਮੰਤਰੀ ਬੁਰੀ ਹਾਲਤ ਵਿਚ ਪਏ ਆਪ ਵਿਧਾਇਕਾਂ ਦੇ ਨੇੜੇ ਖੜੇ ਸਨ। ਸਰਦਾਰ ਬਾਦਲ ਨੇ ਡੀਐਚਐਸ ਨੂੰ ਕਿਹਾ ਕਿ ਉਹ ਤੁਰੰਤ ਦੋਵੇਂ ਆਪ ਵਿਧਾਇਕਾਂ ਦਾ ਸਹੀ ਇਲਾਜ ਸ਼ੁਰੂ ਕਰਵਾਉਣ। ਉਹਨਾਂ ਕਿਹਾ ਕਿ ਉਹਨਾਂ ਨਾਲ ਹਮਦਰਦੀ ਵਾਲਾ ਵਿਵਹਾਰ ਕਰੋ ਅਤੇ ਹਰੇਕ ਨਾਗਰਿਕ ਦਾ ਸਨਮਾਨ ਕਰੋ। ਇੱਥੇ ਹੋ ਕੀ ਰਿਹਾ ਹੈ, ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।ਡੀਐਚਐਸ ਨੇ ਸਾਬਕਾ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਜ਼ਖਮੀ ਵਿਧਾਇਕ ਦੀ ਹਸਪਤਾਲ ਵੱਲੋਂ ਸਹੀ ਦੇਖਭਾਲ ਕੀਤੀ ਜਾ ਰਹੀ ਹੈ। ਇਹ ਸੁਣ ਕੇ ਸਰਦਾਰ ਬਾਦਲ ਨੇ ਟਿੱਪਣੀ ਕੀਤੀ ਕਿ ਉਹ ਤਾਂ ਮੈਂ ਵੇਖ ਹੀ ਰਿਹਾ ਹਾਂ।ਇਸ ਮੌਕੇ ਸਰਦਾਰ ਬਾਦਲ ਨੇ ਇਹ ਵੀ ਪੁੱਛਿਆ ਕਿ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਸਰਕਾਰ ਦੀ ਤਰਫੋਂ ਕੋਈ ਹੋਰ ਵਿਧਾਇਕਾਂ ਦੀ ਖੈਰ-ਖਬਰ ਲੈਣ ਲਈ ਪਹੁੰਚਿਆ ਸੀ। ਜਦੋਂ ਇਹ ਦੱਸਿਆ ਕਿ ਕੋਈ ਨਹੀਂ ਆਇਆ ਤਾਂ ਸਰਦਾਰ ਬਾਦਲ ਨੇ ਟਿੱਪਣੀ ਕੀਤੀ ਕਿ ਉਹ ਕਿੱਦਾਂ ਆ ਸਕਦੇ ਹਨ?