5 Dariya News

ਲੋਕਤੰਤਰ ਉੱਤੇ ਐਮਰਜੰਸੀ ਦੇ ਕਾਲੇ ਦਿਨਾਂ ਨਾਲੋਂ ਵੀ ਭਿਅੰਕਰ ਹਮਲਾ: ਪਰਕਾਸ਼ ਸਿੰਘ ਬਾਦਲ

5 Dariya News

ਚੰਡੀਗੜ੍ਹ 22-Jun-2017

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ 'ਸੱਤਾਧਾਰੀ ਕਾਂਗਰਸ ਪਾਰਟੀ ਦਾ ਗਰਮੀਆਂ ਦਾ ਪਾਗਲਪਣ ਅਤੇ ਐਮਰਜੰਸੀ ਦੇ ਖੋਫਨਾਕ ਦਿਨਾਂ ਤੋਂ ਵੀ ਭੈੜੀ ਧੱਕੇਸ਼ਾਹੀ'ਕਰਾਰ ਦਿੱਤਾ ਹੈ।ਇੱਥੇ ਸੈਕਟਰ 16 ਦੇ ਹਸਪਤਾਲ ਵਿਚ ਬੁਰੀ ਤਰਾਂ ਜ਼ਖਮੀ ਹੋਏ ਆਪ ਵਿਧਾਇਕਾਂ ਦਾ ਹਾਲ-ਚਾਲ ਪੁੱਛਣ ਲਈ ਆਪਣੀ ਦਿੱਲੀ ਜਾ ਰਹੀ ਉਡਾਣ ਵਿਚਾਲੇ ਛੱਡ ਕੇ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਅੱਜ ਦੀ ਘਟਨਾ ਨੂੰ ਲੋਕਤੰਤਰੀ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਅਤੇ ਲੋਕਤੰਤਰ ਨੂੰ ਦਿੱਤੀ ਗਾਲ ਕਰਾਰ ਦਿੱਤਾ। ਆਪਣੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਸਮੇਤ ਹਸਪਤਾਲ ਪਹੁੰਚੇ ਸਰਦਾਰ ਬਾਦਲ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਸੱਤਰ ਸਾਲਾਂ ਦੇ ਜਨਤਕ ਜੀਵਨ ਵਿਚ ਮੈਂ ਅਜਿਹੀਆਂ ਭਿਆਨਕ, ਸ਼ਰਮਨਾਕ ਅਤੇ ਧੱਕੇਸ਼ਾਹੀ ਵਾਲੀਆਂ ਘਟਨਾਵਾਂ ਨਾ ਵੇਖੀਆਂ ਹਨ ਅਤੇ ਨਾ ਹੀ ਕਦੇ ਮੇਰੇ ਨਾਲ ਵਾਪਰੀਆਂ ਹਨ।ਸਰਦਾਰ ਬਾਦਲ ਨੇ ਕਿਹਾ ਕਿ ਅੱਜ ਦੀਆਂ ਘਟਨਾਵਾਂ ਨੇ ਮੁਗਲਾਂ ਦੇ ਰਾਜ ਅਤੇ ਅੰਗਰੇਜ਼ੀ ਸਾਮਰਾਜ ਦੌਰਾਨ ਹੋਈਆਂ ਧੱਕੇਸ਼ਾਹੀਆਂ ਨੂੰ ਚੇਤੇ ਕਰਵਾ ਦਿੱਤਾ ਹੈ। ਭਾਰਤ ਵਿਚ ਅਜ਼ਾਦੀ ਤੋਂ ਬਾਅਦ ਕਦੇ ਵੀ ਕੋਈ ਇੰਨੀ ਡਰਾਉਣੀ ਘਟਨਾ ਨਹੀਂ ਵਾਪਰੀ, ਇੱਥੋਂ ਤਕ ਕਿ ਐਮਰਜੰਸੀ ਦੇ ਕਾਲੇ ਦਿਨਾਂ ਵਿਚ ਵੀ ਅਜਿਹਾ ਕੁੱਝ ਨਹੀਂ ਸੀ ਵਾਪਰਿਆ।ਉਹਨਾਂ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਅੰਦਰ ਭਾਰਤੀ ਲੋਕਤੰਤਰ ਦਿਨ ਦਿਹਾੜੇ ਸ਼ਰਮਸ਼ਾਰ ਹੋਇਆ ਹੈ। ਮੈਂ ਜੋ ਕੁੱਝ ਵੀ ਵੇਖਿਆ ਅਤੇ ਸੁਣਿਆ ਹੈ, ਮੈਨੂੰ ਅਜੇ ਵੀ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ਼ ਨਹੀਂ ਆ ਰਿਹਾ।

ਸਰਦਾਰ ਬਾਦਲ ਨੇ ਦੋਵੇਂ ਜ਼ਖਮੀ ਵਿਧਾਇਕਾਂ ਦੀ ਸਿਹਤ ਬਾਰੇ ਪੁੱਛਿਆ, ਪਰ ਉਹ ਬੋਲ ਸਕਣ ਦੀ ਹਾਲਤ ਵਿਚ ਨਜ਼ਰ ਨਹੀਂ ਆਏ। ਉਹ ਦੋਵੇਂ ਦੀ ਅਰਧ-ਬੇਹੋਸ਼ੀ ਦੀ ਹਾਲਤ ਵਿਚ ਸਨ।ਇਸੇ ਦੌਰਾਨ ਸਰਦਾਰ ਬਾਦਲ ਨੇ ਆਪ ਕਨਵੀਨਰ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸਰਦਾਰ ਹਰਵਿੰਦਰ ਸਿੰਘ ਫੁਲਕਾ ਨਾਲ ਵੀ ਟੈਲੀਫੋਨ ਉੱਤੇ ਗੱਲਬਾਤ ਕੀਤੀ ਅਤੇ ਆਪ ਵਿਧਾਇਕਾਂ ਨਾਲ ਹੋਈ ਧੱਕੇਸ਼ਾਹੀ ਲਈ ਅਫਸੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਰਾਖੀ ਲਈ ਆਵਾਜ਼ ਉਠਾਈ ਹੈ ਅਤੇ ਹਮੇਸ਼ਾਂ ਉਠਾਉਂਦਾ ਰਹੇਗਾ। ਉਹਨਾਂ ਨੇ ਕਾਂਗਰਸੀਆਂ ਦੀ ਬਦਮਾਸ਼ੀ ਖਿਲਾਫ ਲੜਾਈ ਵਾਸਤੇ ਆਪਣੇ ਵੱਲੋਂ ਅਤੇ ਪਾਰਟੀ ਵੱਲੋਂ ਮੁਕੰਮਲ ਸਮਰਥਨ ਦੀ ਪੇਸ਼ਕਸ਼ ਕੀਤੀ।ਉਹਨਾਂ ਕਿਹਾ ਕਿ ਵਿਰੋਧੀ ਧਿਰ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਉੱਤੇ ਕੀਤੇ ਅਜਿਹੇ ਹਮਲਿਆਂ ਨੂੰ ਚੁਪਚਾਪ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਆਪਣੇ ਨੁੰਮਾਇਦਿਆਂ ਦੀ ਅਵਾਜ਼ ਨੂੰ ਇਸ ਤਰਾਂ ਦਬਾਉਣ ਦੇਵੇਗੀ।ਸਰਦਾਰ ਬਾਦਲ ਨੇ ਲੋਕਾਂ ਦੇ ਚੁਣੇ ਹੋਏ ਨੁੰਮਾਇਦਿਆਂ ਖਿਲਾਫ ਹਿੰਸਾ ਕਰਨ ਵਾਲਿਆਂ ਅਤੇ ਅਜਿਹੀ ਹਿੰਸਾ ਦਾ ਹੁਕਮ ਦੇਣ ਵਾਲਿਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਲੋਕਾਂ ਦੇ ਚੁਣੇ ਹੋਏ ਨੁੰਮਾਇਦੇ ਪੰਜਾਬ ਵਿਧਾਨ ਸਭਾ ਅੰਦਰ ਵੀ ਸੁਰੱਖਿਅਤ ਨਹੀਂ ਹਨ। ਕੀ ਚੋਣਾਂ ਵਿਚ ਲੋਕਾਂ ਦਾ ਫਤਵਾ ਲੈਣ ਲਈ ਉਹਨਾਂ ਨੇ ਅਜਿਹੇ ਸ਼ਾਂਤਮਈ ਪੰਜਾਬ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ?