5 Dariya News

ਲੱਕੜ ਦੀ ਚੋਰੀ ਲਈ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀ ਜਵਾਬਦੇਹ ਹੋਣਗੇ : ਸਾਧੂ ਸਿੰਘ ਧਰਮਸੋਤ

ਤਲਵਾੜਾ ਦੇ ਜੰਗਲਾਂ ਵਿੱਚੋਂ ਲੱਕੜ ਚੋਰੀ ਦੀ ਰਿਪੋਰਟ ਇੱਕ ਹਫ਼ਤੇ 'ਚ ਪੇਸ਼ ਕਰਨ ਦੇ ਹੁਕਮ

5 Dariya News

ਚੰਡੀਗੜ੍ਹ 26-Apr-2017

ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਗਲਾਂ ਵਿੱਚੋਂ ਖੈਰ ਦੀ ਲੱਕੜ ਚੋਰੀ ਕਰਨ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਤ ਰੇਜ਼ ਅਧਿਕਾਰੀ ਨੂੰ ਜਾਂਚ ਰਿਪੋਰਟ ਇੱਕ ਹਫ਼ਤੇ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਸ. ਧਰਮਸੋਤ ਨੇ ਕਿਹਾ ਕਿ ਜੰਗਲਾਤ ਦੀ ਲੱਕੜ ਦੀ ਚੋਰੀ ਅਤੇ ਨਜਾਇਜ਼ ਕਟਾਈ ਰੋਕਣ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀਆਂ ਦੀ ਹੈ ਅਤੇ ਭਵਿੱਖ 'ਚ ਕਿਸੇ ਵੀ ਅਜਿਹੀ ਘਟਨਾ ਲਈ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀ ਇਸ ਲਈ ਜਵਾਬਦੇਹ ਹੋਣਗੇ। ਲੱਕੜ ਦੀ ਚੋਰੀ ਨੂੰ ਰੋਕਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਆਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਲਏ ਬਿਨ੍ਹਾਂ ਕਿਸੇ ਨੂੰ ਵੀ ਦਰੱਖਤ ਕੱਟਣ ਦੀ ਇਜ਼ਾਜ਼ਤ ਨਹੀਂ ਹੈ ਅਤੇ ਇਸ ਗੈਰ ਕਾਨੂੰਨੀ ਅਮਲ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ।ਜੰਗਲਾਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਵੱਡੇ ਪੱਧਰ 'ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸੜਕੀ ਮਾਰਗ ਬਣਾਉਣ ਜਾਂ ਚੌੜੇ ਕਰਨ ਲਈ ਕਈ ਵਾਰ ਰੁੱਖਾਂ ਦੀ ਕਟਾਈ ਕਰਨੀ ਪੈਂਦੀ ਹੈ ਪਰ ਸੰਤੁਲਨ ਬਣਾਏ ਰੱਖਣ ਲਈ ਸਰਕਾਰ ਵਲੋਂ ਸੂਬੇ ਵਿੱਚ ਵੱਖ-ਵੱਖ ਸਥਾਨਾਂ 'ਤੇ ਵੱਡੇ ਪੱਧਰ 'ਤੇ ਜ਼ਮੀਨ ਐਕਵਾਇਰ ਕਰਕੇ ਜੰਗਲਾਤ ਦਾ ਰਕਬਾ ਵਧਾ ਕੇ ਰੁੱਖ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਹੱਟ ਕੇ ਸਫੈਦਾ, ਪਾਪਲਰ ਅਤੇ ਡੇਕ ਵਰਗੇ ਪੌਦੇ ਲਗਾਉਣ ਲਈ ਸੂਬੇ ਵਿੱਚ 10 ਤੋਂ 25 ਲੱਖ ਪੌਦਿਆਂ ਦੀ ਮੁਫ਼ਤ ਸਪਲਾਈ ਕੀਤੇ ਜਾਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।ਸ. ਧਰਮਸੋਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਕੀਤੇ ਗਏ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਕਿਸੇ ਨੇ ਜੰਗਲਾਤ ਵਿਭਾਗ ਦੀ ਜਮੀਨ 'ਤੇ ਨਜਾਇਜ਼ ਕਬਜਾ ਕੀਤਾ ਹੈ, ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।