5 Dariya News

ਅਕਾਲੀ ਦਲ ਨੇ ਮਾਫੀਆ ਰਾਜ ਨੂੰ ਹਰੀ ਝੰਡੀ ਦੇਣ ਲਈ ਮਨਪ੍ਰੀਤ ਬਾਦਲ ਨੂੰ ਝਾੜ ਪਾਈ

ਕਿਹਾ ਕਿ ਵਿੱਤ ਮੰਤਰੀ ਦੀ ਨਵੀਂ ਖਣਨ ਨੀਤੀ ਆਮ ਆਦਮੀ ਦਾ ਨੁਕਸਾਨ ਕਰੇਗੀ

5 Dariya News

ਚੰਡੀਗੜ 25-Apr-2017

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖਜਾਨਾ ਮੰਤਰੀ  ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਵਿਚ ਸਿਆਸੀ ਮਾਫੀਆ ਰਾਜ  ਨੂੰ ਹਰੀ ਝੰਡੀ ਦੇਣ ਲਈ ਝਾੜ ਪਾਉਂਦਿਆਂ ਵਿੱਤ ਮੰਤਰੀ ਵੱਲੋਂ ਦਿੱਤੇ ਬਿਆਨ ਕਿ ਪੰਜਾਬ ਵਿਚ ਕਾਰੋਬਾਰ ਕਰਨ ਵਾਸਤੇ ਵਿਅਕਤੀ ਨੂੰ  ਰਾਜਨੀਤੀ ਵਿਚ ਰਹਿਣ ਦੀ ਲੋੜ ਹੁੰਦੀ ਹੈ, ਦੀ ਭਰਪੂਰ ਨਿੰਦਾ ਕੀਤੀ ਹੈ।ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਵਿੱਤ ਮੰਤਰੀ ਕਾਂਗਰਸੀ ਆਗੂਆਂ ਦੁਆਰਾ ਕੀਤੇ ਜਾ ਰਹੇ ਰੇਤ ਦੀ ਖੁਦਾਈ ਦੇ ਕਾਰੋਬਾਰ ਨੂੰ ਸਹੀ ਠਹਿਰਾ ਰਿਹਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਆਪਣੇ ਕਾਰੋਬਾਰ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੂੰ 'ਹਿੱਤਾਂ ਦੇ ਟਕਰਾਅ' ਵਰਗੇ ਮੁੱਦਿਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।ਸ਼ ਢੀਂਡਸਾ ਨੇ  ਕਿਹਾ ਕਿ ਅਜਿਹਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੂਬੇ ਵਿਚ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਚਲਾਉਣ ਤੋਂ ਅਸਮਰੱਥ ਹੈ। ਸਿਰਫ ਇਹੀ ਨਹੀਂ, ਸਾਡਾ ਵਿੱਤ ਮੰਤਰੀ ਅਜਿਹਾ ਹੈ, ਜਿਹੜਾ ਲੋਕਾਂ ਨੂੰ ਦੱਸ ਰਿਹਾ ਹੈ ਕਿ ਸੂਬੇ ਨੂੰ ਇੱਕ ਸਾਲ ਲਈ ਰੇਤ ਖੁਦਾਈ ਦੇ ਕਾਰੋਬਾਰ ਅੰਦਰ ਮਾਫੀਆ ਰਾਜ ਨੂੰ ਹੀ ਬਰਦਾਸ਼ਤ ਕਰਨਾ ਪਵੇਗਾ। ਕੀ ਇਹ ਇਸ ਕਰਕੇ ਹੈ ਕਿਉਂਕਿ ਵਿੱਤ ਮੰਤਰੀ ਨੇ ਮਹਿਸੂਸ ਕਰ ਲਿਆ ਹੈ ਕਿ ਰੇਤ ਖੁਦਾਈ ਦੇ ਕਾਰੋਬਾਰ ਵਿਚ ਕਾਂਗਰਸੀ ਸਿਆਸਤਦਾਨਾਂ ਦੀ ਅਜਾਰੇਦਾਰੀ ਹੈ।

ਸ਼ ਢੀਂਡਸਾ ਨੇ ਕਿਹਾ ਕਿ ਮਨਪ੍ਰੀਤ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕੀ ਉਹ ਰੇਤ ਖੁਦਾਈ ਦੇ ਕਾਰੋਬਾਰ ਵਿਚ ਲੱਗੇ ਕਾਂਗਰਸੀਆਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਉਹ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ ਅਤੇ ਉਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ਸਿਆਸੀ ਮਾਫੀਏ ਨੂੰ ਖਤਮ ਕਰਨ ਲਈ ਖੁਦਾਈ ਦੀ ਨੀਤੀ ਵਿਚ ਤਬਦੀਲੀਆਂ ਇੱਕ ਸਾਲ ਬਾਅਦ ਕੀਤੀਆਂ ਜਾਣਗੀਆਂ। ਉਹਨਾਂ ਨੂੰ ਕਿਸੇ ਵੀ ਨੀਤੀ ਵਿਚ ਤਬਦੀਲੀ ਕਰਨ ਤੋਂ ਕੌਣ ਰੋਕ ਰਿਹਾ ਹੈ? ਉਹ ਸੱਤਾ ਵਿਚ ਹਨ। ਉਹਨਾਂ ਨੇ ਸਾਰੇ ਤਰ•ਾਂ ਦੇ ਅਖੌਤੀ ਮਾਫੀਏ ਨੂੰ ਇੱਕ ਮਹੀਨੇ ਅੰਦਰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਕਿਸੇ ਵੀ ਖਿਆਲੀ ਮਾਫੀਆ ਦੀ ਪਹਿਚਾਣ ਕਰਨ ਅਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਕਾਂਗਰਸ ਪਾਰਟੀ  ਉਲਟਾ ਸੂਬੇ ਅੰਦਰ ਮਾਫੀਆ ਰਾਜ ਨੂੰ ਉਤਸ਼ਾਹਿਤ ਕਰ ਰਹੀ ਹੈ।ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮਨਪ੍ਰੀਤ ਬਾਦਲ ਜਿਹੜਾ ਹਮੇਸ਼ਾਂ ਸਮਾਜਵਾਦ ਲਿਆਉਣ ਦੀ ਗੱਲ ਕਰਦਾ ਸੀ, ਹੁਣ ਪੂੰਜੀਵਾਦੀ ਮਾਡਲ ਦਾ ਸਿਰਕੱਢ ਬੁਲਾਰਾ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਰੇਤੇ ਦੀ ਖੁਦਾਈ ਤੋਂ ਆਮਦਨ ਵਧਾਉਣ ਲਈ ਪ੍ਰਗਤੀਵਾਦੀ ਨੀਲਾਮੀ ਕਰਵਾਉਣ ਦਾ ਫੈਸਲਾ ਲੈ ਲਿਆ ਹੈ। ਕੀ ਉਸ ਨੇ ਆਮ ਆਦਮੀ ਦੀ ਹਾਲਤ ਬਾਰੇ ਇੱਕ ਵਾਰ ਵੀ ਸੋਚਿਆ ਹੈ?  ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਰੇਤੇ ਦੇ ਭਾਅ ਪੰਜ ਗੁਣਾ ਵਧ ਚੁੱਕੇ ਹਨ। ਹੁਣ ਰੇਤੇ ਦਾ ਟਰੱਕ 28000 ਰੁਪਏ ਦਾ ਵਿਕ ਰਿਹਾ ਹੈ। ਜੇਕਰ ਵਿੱਤ ਮੰਤਰੀ ਦੀ ਪ੍ਰਗਤੀਵਾਦੀ ਨੀਲਾਮੀ ਦਾ ਫਾਰਮੂਲਾ ਲਾਗੂ ਹੋ ਗਿਆ, ਜਿਸ ਤਹਿਤ ਸਭ ਤੋਂ ਉੱਚੀ ਬੋਲੀ ਦੇਣ ਵਾਲੇ ਨੂੰ ਹੀ ਰੇਤੇ ਦੀਆਂ ਖਦਾਨਾਂ ਅਲਾਟ ਕੀਤੀਆਂ ਜਾਣਗੀਆਂ, ਤਾਂ ਰੇਤੇ ਦੇ ਭਾਅ ਦੋ ਗੁਣਾ ਹੋਰ ਵਧ ਜਾਣਗੇ। ਰੇਤਾ ਜਲਦੀ ਹੀ ਪੰਜਾਬ ਵਿਚ ਸੀਮਿੰਟ ਨਾਲੋਂ ਵੀ ਮਹਿੰਗਾ ਹੋ ਜਾਵੇਗਾ।