5 Dariya News

ਰਾਣਾ ਗੁਰਜੀਤ ਸਿੰਘ ਵੱਲੋਂ ਸਿੰਜਾਈ ਵਿਭਾਗ ਨੂੰ ਨਹਿਰੀ ਪਾਣੀ ਚੋਰੀ ਰੋਕਣ ਅਤੇ ਟੇਲਾਂ 'ਤੇ ਪਾਣੀ ਪੁੱਜਦਾ ਯਕੀਨੀ ਬਣਾਉਣ ਦੇ ਆਦੇਸ਼

ਸਿੰਜਾਈ ਮੰਤਰੀ ਨੇ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਨੂੰ ਵਰਜਿਆ, ਟੇਲਾਂ 'ਤੇ ਪਾਣੀ ਪੁੱਜਦਾ ਯਕੀਨੀ ਬਣਾਉਣ ਲਈ ਮੰਤਰੀ ਖੁਦ ਅਚਨਚੇਤੀ ਚੈਕਿੰਗ ਕਰਨਗੇ

5 Dariya News

ਚੰਡੀਗੜ੍ਹ 25-Apr-2017

ਪੰਜਾਬ ਦੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਹਿਰੀ ਪਾਣੀ ਦੀ ਚੋਰੀ ਰੋਕਣ ਅਤੇ ਟੇਲਾਂ 'ਤੇ ਪਾਣੀ ਪੁੱਜਦਾ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਸਿੰਜਾਈ ਮੰਤਰੀ ਨੇ ਨਹਿਰੀ ਪਾਣੀ ਚੋਰੀ ਕਰਨ ਵਾਲੇ ਤੱਤਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਫੜੇ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਅੱਜ ਇਥੇ ਹਾਈਡਲ ਭਵਨ ਵਿਖੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ, ''ਨਹਿਰੀ ਪਾਣੀ ਦੀ ਚੋਰੀ ਸਬੰਧੀ ਮੈਨੂੰ ਰਿਪੋਰਟਾਂ ਮਿਲੀਆਂ ਹਨ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗੈਰ ਸਮਾਜੀ ਤੱਤਾਂ ਵੱਲੋਂ ਨਹਿਰੀ ਪਾਣੀ ਚੋਰੀ ਕੀਤਾ ਜਾਂਦਾ ਹੈ। ਇਸ ਸਬੰਧੀ ਮੈਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਵਰਤਾਰੇ ਨੂੰ ਤੁਰੰਤ ਰੋਕਿਆ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀ ਸਖਤ ਕਾਰਵਾਈ ਲਈ ਤਿਆਰ ਰਹਿਣ।''ਰਾਣਾ ਗੁਰਜੀਤ ਸਿੰਘ ਨੇ ਅੱਗੇ ਕਿਹਾ ਕਿ ਟੇਲਾਂ 'ਤੇ ਰਹਿਣ ਵਾਲੇ ਨਹਿਰੀ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਹ ਵਾਅਦਾ ਕੀਤਾ ਹੈ ਕਿ ਟੇਲਾਂ 'ਤੇ ਰਹਿਣ ਵਾਲਿਆਂ ਨਾਲ ਇਹ ਵਿਤਕਰਾ ਨਹੀਂ ਹੋਵੇਗਾ। 

ਉਨ੍ਹਾਂ ਕਿਹਾ ਕਿ ਟੇਲਾਂ 'ਤੇ ਪਾਣੀ ਪੁੱਜਦਾ ਯਕੀਨੀ ਬਣਾਇਆ ਜਾਵੇ ਅਤੇ ਉਹ ਅਗਲੇ ਮਹੀਨੇ ਇਸ ਸਬੰਧੀ ਖੁਦ ਅਚਨਚੇਤੀ ਚੈਕਿੰਗ ਕਰ ਕੇ ਇਹ ਦੇਖਣਗੇ ਕਿ ਟੇਲਾਂ 'ਤੇ ਪਾਣੀ ਪੁੱਜ ਰਿਹਾ ਹੈ।ਸਿੰਜਾਈ ਮੰਤਰੀ ਨੇ ਵਧੀਕ ਮੁੱਖ ਸਕੱਤਰ ਸ੍ਰੀ ਕੇ.ਬੀ.ਐਸ.ਸਿੱਧੂ ਤੇ ਚੀਫ ਇੰਜਨੀਅਰ ਨਹਿਰਾਂ ਸ੍ਰੀ ਜੇ.ਪੀ.ਸਿੰਘ ਨੂੰ ਕਿਹਾ ਕਿ ਉਹ ਸਿੰਜਾਈ ਅਤੇ ਮੌਜੂਦਾ ਸੀਜ਼ਨ ਦੌਰਾਨ ਪਾਣੀ ਦੀ ਮੰਗ ਸਬੰਧੀ ਪੂਰਾ ਖਾਕਾ ਉਲੀਕਣ ਅਤੇ ਪਾਣੀ ਚੋਰੀ ਰੋਕਣ ਲਈ ਪੂਰੀ ਯੋਜਨਾ ਤਿਆਰ ਕਰਨ। ਉਨ੍ਹਾਂ ਕਿਹਾ ਕਿ ਟੋਲ ਫਰੀ ਹੈਲਪ ਲਾਈਨ ਨੰਬਰ ਸ਼ੁਰੂ ਕੀਤਾ ਜਾਵੇ ਤਾਂ ਜੋ ਕੋਈ ਵੀ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦਰਜ ਕਰਵਾ ਸਕੇ ਅਤੇ ਇਸ ਦੇ ਨਾਲ ਹੀ ਰਾਤ ਵਾਲੇ ਪੈਟਰੋਲਿੰਗ ਸ਼ੁਰੂ ਕੀਤੀ ਜਾਵੇ ਤਾਂ ਰਾਤ ਵੇਲੇ ਹੁੰਦੀ ਨਹਿਰੀ ਪਾਣੀ ਦੀ ਚੋਰੀ ਰੋਕੀ ਜਾ ਸਕੇ।ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਿੰਜਾਈ ਵਿਭਾਗ ਦੇ ਸਾਰੇ ਵਿਸ਼ਰਾਮ ਘਰਾਂ ਦੀ ਸੂਚੀ ਤਿਆਰ ਕੀਤੀ ਜਾਵੇ ਚਾਹੇ ਉਹ ਚਾਲੂ ਹਾਲਤ ਵਿੱਚ ਹੋਣ ਅਤੇ ਚਾਹੇ ਉਹ ਬੰਦ ਪਏ ਹੋਣ। ਇਸ ਤੋਂ ਇਲਾਵਾ ਵਿਭਾਗ ਦੀਆਂ ਅਜਿਹੀਆਂ ਜਾਇਦਾਦਾਂ ਦੀ ਸ਼ਨਾਖਤ ਕੀਤੀ ਜਾਵੇ ਜਿੱਥੇ ਕਬਜ਼ੇ ਕੀਤੇ ਹੋਏ ਹਨ ਅਤੇ ਫੇਰ ਇਸ ਸੂਚੀ ਨੂੰ ਵਿਭਾਗ ਦੀ ਵੈਬਸਾਈਟ ਉਪਰ ਪਾਇਆ ਜਾਵੇ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਹਾਜ਼ਰੀ ਅਤੇ ਡਿਊਟੀ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੇਲੇ ਵੀ ਵਿਭਾਗ ਦੇ ਦਫਤਰਾਂ ਦੀ ਚੈਕਿੰਗ ਕਰ ਸਕਦੇ ਹਨ ਅਤੇ ਕਿਸੇ ਵੀ ਗੈਰ ਹਾਜ਼ਰ ਪਾਏ ਜਾਣ ਵਾਲੇ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।