5 Dariya News

ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਦੀ ਅਚਨਚੇਤ ਚੈਕਿੰਗ

ਕੁਝ ਥਾਂਵਾਂ 'ਤੇ ਆ ਰਹੀ ਲਿਫਟਿੰਗ ਦੀ ਸਮੱਸਿਆਂ ਸਰਕਾਰ ਦੇ ਧਿਆਨ 'ਚ ਲਿਆਂਦੀ

5 Dariya News

ਚੰਡੀਗੜ੍ਹ 23-Apr-2017

ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆਂ ਨਾ ਆਵੇ ਅਤੇ ਮੰਡੀਆਂ ਵਿਚ ਸਹੂਲਤਾਂ ਦੀ ਕਮੀ-ਪੇਸ਼ੀ ਨਾਲ ਜੂਝਣਾ ਨਾ ਪਵੇ, ਇਸ ਮਕਸਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਅਨਾਜ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਕੁਝ ਥਾਂਵਾਂ 'ਤੇ ਲਿਫਟਿੰਗ ਦੀ ਆ ਰਹੀ ਸਮੱਸਿਆਂ ਵੱਲ ਰਾਜ ਸਰਕਾਰ ਦਾ ਧਿਆਨ ਦਿਵਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀਆਂ ਪੰਜਾਬ ਭਰ ਵਿਚ ਵੱਖ-ਵੱਖ ਰੇਜਾਂ ਦੇ ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਅਨਾਜ ਮੰਡੀਆਂ ਵਿਚ ਅਚਨਚੇਤੀ ਦੌਰੇ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਫੀਡਬੈਕ ਪ੍ਰਾਪਤ ਕੀਤੀ ਜਾਵੇ ਅਤੇ ਜੇਕਰ ਕਿਸੇ ਮੰਡੀ ਵਿਚ ਕੋਈ ਸਮੱਸਿਆ ਖਰੀਦ, ਅਦਾਇਗੀ, ਲਿਫਟਿੰਗ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਆ ਰਹੀ ਹੈ ਤਾਂ ਉਸ ਦੀ ਪਾਰਦਰਸ਼ੀ ਰਿਪੋਰਟ ਪੇਸ਼ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਾਫ-ਸਫਾਈ, ਪਾਣੀ, ਬਾਥਰੂਮ, ਲਾਈਟਾਂ ਅਤੇ ਤਰਪਾਲਾਂ ਦੇ ਪ੍ਰਬੰਧ ਤੋਂ ਇਲਾਵਾ ਕਣਕ ਦੀ ਖਰੀਦ ਅਤੇ ਕਣਕ ਦੀ ਭਰਾਈ ਦੇ ਕੰਮ ਸੰਤੁਸ਼ਟੀਜਨਕ ਚੱਲ ਰਹੇ ਹਨ। ਸਰਕਾਰ ਵੱਲੋਂ ਬਾਰਦਾਨੇ ਦਾ ਵੀ ਪੂਰਾ ਪ੍ਰਬੰਧ ਹੈ। ਜਿੱਥੇ ਕਿਤੇ ਕੋਈ ਤਰੁੱਟੀ ਸਾਹਮਣੇ ਆਈ ਹੈ, ਉਸ ਬਾਬਤ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੰਜਾਬ ਦੀਆਂ ਬਹੁਤੀਆਂ ਥਾਂਵਾਂ 'ਤੇ ਮੌਸਮ ਦੀ ਖਰਾਬੀ ਕਾਰਣ ਕੁਝ ਕੁ ਮੰਡੀਆਂ ਵਿਚ ਲਿਫਟਿੰਗ ਦੀ ਰਫਤਾਰ ਕੁਝ ਹੌਲੀ ਸੀ। ਇਸ ਤੋਂ ਇਲਾਵਾ ਜ਼ਿਆਦਾ ਤਰ ਕਿਸਾਨਾਂ, ਲੇਬਰ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ। ਸ੍ਰੀ ਉੱਪਲ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀਆਂ 34 ਅਤੇ ਜ਼ਿਲ੍ਹਾ ਰੋਪੜ ਦੀਆਂ 11 ਦਾਣਾ ਮੰਡੀਆਂ ਵਿੱਚ ਕਣਕ ਖਰੀਦ ਸਬੰਧੀ ਚੈਕਿੰਗ ਕੀਤੀ ਗਈ।ਜਦਕਿ ਪਟਿਆਲਾ ਰੇਂਜ ਅਧੀਨ ਪਟਿਆਲਾ ਜ਼ਿਲ੍ਹੇ ਦੀਆਂ 27 ਮੰਡੀਆਂ, ਨਾਭਾ ਦੀਆਂ 9, ਬਰਨਾਲਾ ਜ਼ਿਲ੍ਹੇ ਦੀਆਂ 33 ਅਤੇ ਸੰਗਰੂਰ ਜ਼ਿਲ੍ਹੇ ਦੀਆਂ 23 ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਅਧੀਨ ਆਉਂਦੀਆਂ ਝੁਨੀਰ, ਸਰਦੂਲਗੜ੍ਹ ਅਤੇ ਬੋਹਾ ਅਨਾਜ ਮੰਡੀਆਂ ਦੀ ਚੈਕਿੰਗ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੀਆਂ 18 ਮੰਡੀਆਂ ਦਾ ਵੀ ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਨੇ ਦੌਰਾ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 8 ਅਨਾਜ ਮੰਡੀਆਂ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੀਆਂ ਪ੍ਰਮੁੱਖ ਅਨਾਜ ਮੰਡੀਆਂ ਵਿਚ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਉੱਪਲ ਨੇ ਕਿਹਾ ਕਿ ਕਣਕ ਦੇ ਸੀਜਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਬਿਊਰੋ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖਰੀਦ ਵਿਚ ਕਿਧਰੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਸਮੱਸਿਆਂ ਜਾਂ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 'ਤੇ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ।