5 Dariya News

ਰਾਣਾ ਗੁਰਜੀਤ ਸਿੰਘ ਨੇ 'ਆਪ ਵੱਲੋਂ ਲਾਏ 'ਹਿਤਾਂ ਦੇ ਟਕਰਾਅ ਦੇ ਦੋਸ਼ ਨੂੰ ਨਕਾਰਇਆ

5 Dariya News

ਚੰਡੀਗੜ੍ਹ 23-Apr-2017

ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਤੇ ਊਰਜਾ ਦਾ ਕਾਰਜਭਾਰ ਸੰਭਾਲਣ ਕਾਰਨ 'ਹਿਤਾਂ ਦੇ ਟਕਰਾਅ ਸਬੰਧੀ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਹੈ।ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਇੱਕ ਕਿਸਾਨ ਖੇਤੀਬਾਡੀ ਮੰਤਰੀ ਬਣ ਸਕਦਾ ਹੈ, ਇੱਕ ਡਾਕਟਰ ਸਿਹਤ ਮੰਤਰੀ ਬਣ ਸਕਦਾ ਹੈ ਜਾਂ ਇੱਕ ਵਕੀਲ ਕਾਨੂੰਨ ਮੰਤਰੀ ਬਣ ਸਕਦਾ ਹੈ ਤਾਂ ਇਸ ਵਿੱਚ ਕੀ ਬੁਰਾਈ ਹੈ ਜੇਕਰ ਊਰਜਾ ਉਤਪਾਦਨ ਵਿੱਚ ਮੁਹਾਰਤ ਰੱਖਣ ਵਾਲਾ ਵਿਅਕਤੀ ਊਰਜਾ ਮੰਤਰੀ ਬਣ ਜਾਂਦਾ ਹੈ?ਆਪ ਦੇ ਆਗੂ ਐਚ.ਐਸ. ਫੂਲਕਾ ਵੱਲੋਂ ਜਾਰੀ ਬਿਆਨ ਕਿ ਰਾਣਾ ਗੁਰਜੀਤ ਸਿੰਘ ਦਾ ਰਾਣਾ ਸ਼ੂਗਰ ਲਿਮੀਟਿਡ ਵਿੱਚ ਹਿੱਸਾ ਹੈ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਮੁਹੱਈਆ ਕਰਦੀ ਹੈ, ਦਾ ਜਵਾਬ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਦੇਣ ਸਬੰਧੀ ਸਮਝੌਤਾ ਬਹੁਤ ਦੇਰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ। 

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਫੂਲਕਾ ਇੱਕ ਸਤਿਕਾਰਯੋਗ ਵਿਅਕਤੀ ਹਨ ਇਸ ਲਈ ਉਹ ਉਨ੍ਹਾਂ ਵਿਰੁੱਧ ਬਿਆਨ ਦਾਗਣ ਤੋਂ ਪਹਿਲਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਉਨ੍ਹਾਂ ਦੇ ਊਰਜਾ ਮੰਤਰੀ ਹੋਣ ਕਾਰਨ 'ਹਿਤਾਂ ਦਾ ਟਕਰਾਅ' ਕਿਵੇਂ ਪੈਦਾ ਹੁੰਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਹਿੱਸੇਦਾਰੀ ਵਾਲੀ ਕੰਪਨੀ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਬਿਨਾਂ ਉਨ੍ਹਾਂ ਦੀ ਕਿਸੇ ਦਖਲਅੰਦਾਜੀ ਦੇ ਪੀ.ਐਸ.ਪੀ.ਐਲ ਨੂੰ ਪਾਰਦਰਸ਼ੀ ਢੰਗ ਨਾਲ ਬਿਜਲੀ ਮੁਹੱਈਆ ਕਰਦੀ ਹੈ ਤਾਂ ਵੀ ਕੀ ਉਨ੍ਹਾਂ ਵਿਰੁੱਧ ਇਹ ਮੁੱਦਾ ਉਠਾਇਆ ਜਾਣਾ ਬਣਦਾ ਹੈ?ਇਸ ਗੱਲ 'ਤੇ ਜੋਰ ਦਿੰਦਿਆਂ ਕਿ ਉਨ੍ਹਾਂ ਦੇ ਊਰਜਾ ਮੰਤਰੀ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ 'ਹਿਤਾਂ ਦਾ ਟਕਰਾਅ' ਨਹੀਂ ਹੁੰਦਾ, ਰਾਣਾ ਗੁਰਜੀਤ ਸਿੰਘ ਨੇ ਸ੍ਰੀ ਫੂਲਕਾ ਨੂੰ ਯਕੀਨ ਦਿਵਾਇਆ ਕਿ ਇੱਕ ਸਾਲ ਦੇ ਅੰਦਰ-ਅੰਦਰ ਸ੍ਰੀ ਫੂਲਕਾ ਅਤੇ ਸਮੁੱਚਾ ਪੰਜਾਬ ਊਰਜਾ ਦੇ ਖੇਤਰ ਵਿੱਚ ਵੱਡੀ ਤਬਦੀਲੀ ਮਹਿਸੂਸ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਊਰਜਾ ਦੇ ਖੇਤਰ ਦੀ ਮੁਹਾਰਤ ਅਤੇ ਤਜ਼ਰਬਾ ਹੈ ਜਿਸ ਦੀ ਵਰਤੋਂ ਉਹ ਸੂਬੇ ਦੀ ਭਲਾਈ ਲਈ ਕਰਨਗੇ ਨਾ ਕਿ ਆਪਣੇ ਨਿੱਜੀ ਹਿੱਤਾਂ ਲਈ। ਉਨ੍ਹਾਂ ਸ੍ਰੀ ਫੂਲਕਾ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਵੱਲੋਂ ਪੀ.ਐਸ.ਪੀ.ਐਲ ਨੂੰ ਬਿਜਲੀ ਮੁਹੱਈਆ ਕਰਵਾਉਣ ਵਿੱਚ ਜੇਕਰ ਉਨ੍ਹਾਂ ਵੱਲੋਂ ਕੁਝ ਵੀ ਗਲਤ ਕੀਤਾ ਜਾ ਰਿਹਾ ਹੈ ਤਾਂ ਸ੍ਰੀ ਫੂਲਕਾ ਇਸ ਦਾ ਪਰਦਾਫਾਸ ਕਰਨ।